ਐਂਟਰਪਰੀਨਿਉਰ ਸੰਬੰਧੀ ਇਕ ਵੱਖਰਾ ਮੰਤਰਾਲਾ ਕਾਇਮ ਕਰ ਦੇਣਾ ਚਾਹੀਦਾ ਹੈ : ਵਾਈਸ ਚਾਂਸਲਰ ਡਾ. ਘੁੰਮਣ

219

ਐਂਟਰਪਰੀਨਿਉਰ ਸੰਬੰਧੀ ਇਕ ਵੱਖਰਾ ਮੰਤਰਾਲਾ ਕਾਇਮ ਕਰ ਦੇਣਾ ਚਾਹੀਦਾ ਹੈ : ਵਾਈਸ ਚਾਂਸਲਰ ਡਾ. ਘੁੰਮਣ

ਪਟਿਆਲਾ

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਕੂਲ ਆਫ਼ ਮੈਨੇਜਮੈਂਟ ਵਿਭਾਗ ਵੱਲੋਂ ਕਰਵਾਏ ਜਾ ਰਹੇ ਦੋ ਦਿਨਾ ਸੈਮੀਨਾਰ ਦਾ ਵਿਦਾਇਗੀ ਸੈਸ਼ਨ ਸੈਨੇਟ ਹਾਲ ਵਿਖੇ ਹੋਇਆ ਜਿਸ ਦੀ ਪ੍ਰਧਾਨਗੀ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਵੱਲੋਂ ਕੀਤੀ ਗਈ। ਸਮਕਾਲੀ ਕਾਰੋਬਾਰੀ ਜਗਤ ਵਿਚ ਸਵੈ ਉੱਦਮ ਦੇ ਵਿਕਾਸ ਨਾਲ ਸੰਬੰਧਤ ਵਿਸ਼ੇ ਉੱਪਰ ਹੋਏ ਇਸ ਸੈਮੀਨਾਰ ਵਿਚ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਡਾ. ਘੁੰਮਣ ਨੇ ਕਿਹਾ ਕਿ ਐਂਟਰਪਰੀਨਿਉਰ ਦੀ ਮਹੱਤਤਾ ਨੂੰ ਵੇਖਦੇ ਹੋਏ ਸਰਕਾਰ ਨੂੰ ਇਸ ਸੰਬੰਧੀ ਇਕ ਵੱਖਰਾ ਮੰਤਰਾਲਾ ਕਾਇਮ ਕਰ ਦੇਣਾ ਚਾਹੀਦਾ ਹੈ ਤਾਂ ਕਿ ਇਸ ਵਿਸ਼ੇ ਵੱਲ ਵਧੇਰੇ ਧਿਆਨਪੂਰਵਕ ਤਵੱਜੋ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਭਾਰਤ ਨੂੰ ਆਪਣੇ ਨੌਜਵਾਨਾਂ ਦੀ ਵਧੇਰੇ ਗਿਣਤੀ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ। ਨੌਕਰੀ ਅਤੇ ਕਾਰੋਬਾਰੀ ਉੱਦਮਾਂ ਤੋਂ ਇਲਾਵਾ ਜੇਕਰ ਸੱਤਰ ਫੀਸਦੀ ਨੌਜਵਾਨ ਕਿਧਰੇ ਗਾਇਬ ਹੋਰ ਰਹੇ ਹਨ ਤਾਂ ਇਸ ਖੱਪੇ ਦੀ ਪੂਰਤੀ ਲਈ ਲਾਹੇਵੰਦ ਨੀਤੀਆਂ ਉਲੀਕਣੀਆਂ ਚਾਹੀਦੀਆਂ ਹਨ। ਇਸ ਮੌਕੇ ਉਨ੍ਹਾਂ ਵੱਲੋਂ ਮੌਜੂਦਾ ਰਵਾਇਤੀ ਨੀਤੀਆਂ ਅਤੇ ਪਾਠਕ੍ਰਮਾਂ ਵਿਚ ਲੋੜੀਂਦੀਆਂ ਤਬਦੀਲੀਆਂ ਕਰਨ ਬਾਰੇ ਵੀ ਸੁਝਾਇਆ ਗਿਆ। ਡਾ. ਘੁੰਮਣ ਵੱਲੋਂ ਦੱਸਿਆ ਗਿਆ ਕਿ ਕੇਂਦਰੀ ਅਤੇ ਸੂਬਾ ਸਰਕਾਰ ਵੱਲੋਂ ਸਮੇਂ ਸਮੇਂ ਸਟਾਰਟ-ਅਪ ਅਤੇ ਮੇਕ ਇਨ ਇੰਡੀਆ ਜਿਹੇ ਬਹੁਤ ਸਾਰੇ ਪ੍ਰੋਗਰਾਮ ਵੀ ਚਲਾਏ ਜਾਂਦੇ ਹਨ ਜਿਨ੍ਹਾਂ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ।

ਐਂਟਰਪਰੀਨਿਉਰ ਸੰਬੰਧੀ ਇਕ ਵੱਖਰਾ ਮੰਤਰਾਲਾ ਕਾਇਮ ਕਰ ਦੇਣਾ ਚਾਹੀਦਾ ਹੈ : ਵਾਈਸ ਚਾਂਸਲਰ ਡਾ. ਘੁੰਮਣ

ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਡਾ. ਸੰਜੇ ਕੌਸਿ਼ਕ ਨੇ ਅੰਕੜਿਆਂ ਦੇ ਅਧਾਰ ਤੇ ਦੱਸਿਆ ਕਿ ਹਾਲੇ ਵੀ ਵੱਡੀ ਗਿਣਤੀ ਵਿਚਲੇ ਨੌਜਵਾਨਾਂ ਨੂੰ ਸਵੈ ਰੁਜ਼ਗਾਰ, ਛੋਟੇ ਕਾਰੋਬਾਰ, ਐਂਟਰਪਰੀਨਉਰਸਿ਼ਪ ਜਿਹੇ ਸਵੈ ਉੱਦਮ ਦੇ ਅਹਿਮ ਮੌਕਿਆਂ ਬਾਰੇ ਜਾਗਰੂਕ ਕਰਨ ਦੀ ਲੋੜ ਹੈ।

ਵਿਸ਼ੇਸ਼ ਮਹਿਮਾਨ ਡਾ. ਵਿਵੇਕ ਅਤਰੇ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਪਹਿਲਕਦਮੀ ਲਈ ਮਨੁੱਖ ਦਾ ਸਿਰਜਣਾਤਮਕ ਰੁਚੀਆਂ ਵਾਲਾ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਨੌਜਵਾਨਾਂ  ਨੂੰ ਸੋਸ਼ਲ ਮੀਡੀਆ ਵਿਚ ਫਸੇ ਰਹਿਣ ਵਾਲੀ ਬਿਰਤੀ ਨੂੰ ਕੁੱਝ ਠੱਲ੍ਹ ਪਾ ਕੇ ਆਪਣੇ ਵਿਚ ਅਜਿਹੀਆਂ ਰੁਚੀਆਂ ਪੈਦਾ ਕਰਨ ਲਈ ਵੀ ਕੰਮ ਕਰਨਾ ਚਾਹੀਦਾ ਹੈ।

ਇਸ ਤੋਂ ਇਲਾਵਾ ਡਾ. ਵਿਸ਼ਾਲ ਭਟਨਾਗਰ ਅਤੇ ਡਾ. ਅਮਰਇੰਦਰ ਸਿੰਘ ਵੱਲੋਂ ਆਪਣੇ ਵਿਚਾਰ ਪ੍ਰਗਟਾਏ ਗਏ। ਅੰਤ ਵਿਚ ਵਿਭਾਗ ਮੁਖੀ ਡਾ. ਗੁਰਚਰਨ ਸਿੰਘ ਵੱਲੋਂ ਧੰਨਵਾਦੀ ਸ਼ਬਦ ਬੋਲੇ ਗਏ।