ਸੰਯੁਕਤ ਕਿਸਾਨ ਮੋਰਚਾ ਰੂਪਨਗਰ ਦੇ ਉਮੀਦਵਾਰ ਦਵਿੰਦਰ ਬਾਜਵਾ ਟਰੈਕਟਰ ’ਤੇ ਸਵਾਰ ਹੋ ਕੇ ਨਾਮਜ਼ਦਗੀ ਕਾਗਤ ਦਾਖਲ ਕਰਨ ਪਹੁੰਚੇ
ਬਹਾਦਰਜੀਤ ਸਿੰਘ /ਰੂਪਨਗਰ, 31 ਜਨਵਰੀ,2022
ਸੰਯਕੁਤ ਕਿਸਾਨ ਮੋਰਚਾ ਦੇ ਰੂਪਨਗਰ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਦਵਿੰਦਰ ਸਿੰਘ ਬਾਜਵਾ ਅੱਜ ਟਰੈਕਟਰ ’ਤੇ ਸਵਾਰ ਹੋ ਕੇ ਆਪਣੇ ਨਾਮਜ਼ਦਗੀ ਪੱਤਰ ਭਰਨ ਪਹੁੰਚੇ।
ਰਿਟਰਨਿੰਗ ਅਫਸਰ ਕਮ ਐਸਡੀਐਮ ਗੁਰਵਿੰਦਰ ਸਿੰਘ ਜੌਹਲ ਦੇ ਕੋਲ ਦਵਿੰਦਰ ਸਿੰਘ ਬਾਜਵਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ । ਇਸ ਤੋਂ ਪਹਿਲਾਂ ਦਵਿੰਦਰ ਸਿੰਘ ਬਾਜਵਾ ਨੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਕੋਟਲਾ ਨਿਹੰਗ ਵਿਖੇ ਮੱਥਾ ਟੇਕਿਆ।
ਇਸ ਦੌਰਾਨ ਬਾਜਵਾ ਦੇ ਸਮਰਥਕਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਟਰੈਕਟਰ ’ਤੇ ਕਿਸਾਨੀ ਝੰਡੇ ਲਗਾਏ ਹੋਏ ਸਨ। ਇਸ ਮੌਕੇ ਦਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਮੌਕੇ ਸਮੂਹ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਸਮੇਤ ਹਰ ਵਰਗ ਦੇ ਲੋਕਾਂ ਨੇ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਚੋਣ ਮੁਹਿੰਮ ਨੂੰ ਤੇਜ਼ ਕਰਨ ਦਾ ਵੀ ਭਰੋਸਾ ਦਿੱਤਾ।
ਬਾਜਵਾ ਨੇ ਕਿਹਾ ਕਿ ਉਹ ਕਿਸਾਨੀ ਅੰਦੋਲਨ ਦੌਰਾਨ ਜੁੜ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ ਅਤੇ ਚੋਣ ਜਿੱਤਣ ਉਪਰੰਤ ਰੂਪਨਗਰ ਹਲਕੇ ਦੇ ਹਰ ਵਰਗ ਕਿਸਾਨ, ਮਜ਼ਦੂਰ, ਵਪਾਰੀ, ਮੁਲਾਜ਼ਮ ਵਰਗ ਤੇ ਹੋਰ ਸਭ ਦੀਆਂ ਸਮੱਸਿਆਵਾਂ ਅਤੇ ਮੰਗਾਂ ਨੂੰ ਹੱਲ ਕਰਨ ਲਈ ਯਤਨਸ਼ੀਲ ਰਹਿਣਗੇ।
ਇਸ ਮੌਕੇ ਦਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਉਹ ਰੂਪਨਗਰ ਇਲਾਕੇ ਦੇ ਜੰਮਪਲ ਹਨ ਅਤੇ ਉਨ੍ਹਾਂ ਵਲੋਂ ਬਾਹਰੀ ਆਗੂਆਂ ਨੂੰ ਹਰਾਕੇ ਵਾਪਸ ਭੇਜਿਆ ਜਾਵੇਗਾ। ਇਸ ਲਈ ਬਾਜਵਾ ਨੇ ਇਲਾਕੇ ਦੇ ਸਮੂਹ ਵਰਗ ਦੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ। ਜਿਸ ਨਾਲ ਲੋਕਲ ਆਗੂ ਇਲਾਕੇ ਦੀ ਸੇਵਾ ਕਰ ਸਕਣ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਮੇਜਰ ਸਿੰਘ ਮਾਂਗਟ ਨੇ ਕਿਹਾ ਕਿ ਦਵਿੰਦਰ ਸਿੰਘ ਬਾਜਵਾ ਲੰਬੇ ਸਮੇਂ ਤੋਂ ਕਿਸਾਨਾਂ ਦੇ ਨਾਲ ਨਾਲ ਸਮਾਜਸੇਵੀ ਕੰਮਾਂ ਲਈ ਜੁਟੇ ਹੋਏ ਹਨ ਅਤੇ ਇਲਾਕੇ ਵਿਚ ਸਮਾਜਸੇਵੀ ਤੇ ਅੰਤਰਰਾਸ਼ਟਰੀ ਖੇਡ ਪ੍ਰਮੋਟਰ ਵਜੋਂ ਅਲੱਗ ਪਹਿਚਾਣ ਬਣਾਈ ਹੋਈ ਹੈ। ਉਨ੍ਹਾਂ ਕਿਹਾ ਕਿ ਦਵਿੰਦਰ ਸਿੰਘ ਬਾਜਵਾ ਸੰਯੁਕਤ ਸਮਾਜ ਮੋਰਚਾ ਦੇ ਮਜ਼ਬੂਤ ਉਮੀਦਵਾਰ ਹਨ ਅਤੇ ਚੋਣ ਜਿੱਤਕੇ ਲੋਕਾਂ ਦੀ ਦਿਨ ਰਾਤ ਸੇਵਾ ਕਰਨਗੇ।
ਇਸ ਮੌਕੇ ਕੁਲਵੰਤ ਸਿੰਘ ਸਰਪੰਚ ਕਿਸਾਨ ਆਗੂ ਰਾਜੇਵਾਲ, ਰੇਸ਼ਮ ਸਿੰਘ ਬਡਾਲੀ ਕਿਸਾਨ ਯੂਨੀਅਨ ਕਾਦੀਆ,ਮੋਹਣ ਸਿੰਘ ਧਮਾਣਾ, ਧਰਮਿੰਦਰ ਸਿੰਘ ਭੂਰੜੇ, ਇਕਬਾਲ ਸਿੰਘ ਚਮਕੌਰ ਸਾਹਿਬ, ਕੁਲਵਿੰਦਰ ਸਿੰਘ ਗੱਗੋਂ, ਹਰਿੰਦਰ ਸਿੰਘ ਸੱਲੋਮਾਜਰਾ, ਦਿਲਬਾਗ ਸਿੰਘ ਬਡਾਲੀ, ਗੁਰਪਾਲ ਸਿੰਘ ਬਡਾਲੀ, ਕਮਲਜੀਤ ਸਿੰਘ ਬਡਾਲੀ, ਦੀਪੂ ਮਾਹਲ, ਬਖਸ਼ੀਸ਼ ਸਿੰਘ ਕੋਲਾਪੁਰ, ਸੁੱਚਾ ਸਿੰਘ ਬਸੀ, ਰੁਪਿੰਦਰ ਸਿੰਘ ਖੁਅਸਪੁਰਾ, ਬੇਅੰਤ ਸਿੰਘ ਕਾਨੂਗੋ, ਗੁਰਮੀਤ ਸਿੰਘ ਖੇੜੀ, ਨਿਰੰਜਨ ਸਿੰਘ ਭੱਟੋਂ, ਸਤਵੰਤ ਸਿੰਘ ਦਬੁਰਜੀ, ਬਿੱਟੂ ਮੋਠਾਪੁਰ, ਰਣਜੀਤ ਸਿੰਘ ਪਤਿਆਲਾ, ਪਰਮਿੰਦਰ ਸਿੰਘ ਅਲੀਪੁਰ ਕਿਸਾਨ ਆਗੂ ਚੜੂੰਨੀ, ਗੁਰਦੇਵ ਸਿੰਘ ਮੀਆਂਪੁਰ ਤੇ ਇਲਾਕੇ ਦੇ ਸਰਪੰਚ ਤੇ ਪੰਚ ਮੌਜੂਦ ਸਨ।