ਫਤਹਿਗੜ੍ਹ ਸਾਹਿਬ ਸ਼ਹੀਦੀ ਸਭਾ ਦੌਰਾਨ ਨਹੀਂ ਹੋਵੇਗਾ ਕੋਈ ਵੀ.ਆਈ.ਪੀ; 15 ਦਸੰਬਰ ਤੋਂ ਸ਼ੁਰੂ ਹੋਣਗੇ ਲੰਗਰ
ਫਤਹਿਗੜ੍ਹ ਸਾਹਿਬ, 03 ਦਸੰਬਰ
ਸ਼ਹੀਦੀ ਸਭਾ ਦੌਰਾਨ ਇਸ ਵਾਰ ਕੋਈ ਵੀ.ਆਈ.ਪੀ.ਪਾਸ ਜਾਰੀ ਨਹੀਂ ਕੀਤਾ ਜਾਵੇਗਾ ਤੇ ਸਾਰੇ ਸੰਗਤੀ ਰੂਪ ਵਿੱਚ ਹੀ ਸ਼ਹੀਦੀ ਸਭਾ ਵਿੱਚ ਸ਼ਾਮਲ ਹੋਣਗੇ। ਸ਼ਹੀਦੀ ਸਭਾ ਸਬੰਧੀ ਲੰਗਰ 15 ਦਸੰਬਰ ਤੋਂ ਸ਼ੁਰੂ ਹੋ ਕੇ ਮਾਘ ਦੀ ਸੰਗਰਾਂਦ ਤੱਕ ਲਾਏ ਜਾਣਗੇ ਤੇ ਸ਼ਹੀਦੀ ਸਭਾ ਦੌਰਾਨ ਕੋਰੋਨਾ ਤੋਂ ਬਚਾਅ ਸਬੰਧੀ ਸਾਰੀਆਂ ਸਾਵਧਾਨੀਆਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ। ਇਹ ਜਾਣਕਾਰੀ ਸਹਾਇਕ ਕਮਿਸ਼ਨਰ ਜਨਰਲ ਸ਼੍ਰੀ ਜਸਪ੍ਰੀਤ ਸਿੰਘ ਨੇ ਸ਼ਹੀਦੀ ਸਭਾ ਸਬੰਧੀ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਲੰਗਰ ਕਮੇਟੀਆਂ ਨਾਲ ਮੀਟਿੰਗ ਦੌਰਾਨ ਦਿੱਤੀ।
ਜਸਪ੍ਰੀਤ ਸਿੰਘ ਨੇ ਦੱਸਿਆ ਕਿ 12 ਦਸੰਬਰ ਤੋਂ ਲੰਗਰ ਕਮੇਟੀਆਂ ਨੂੰ ਪਾਸ ਜਾਰੀ ਕੀਤੇ ਜਾਣੇ ਸ਼ੁਰੂ ਕਰ ਦਿੱਤੇ ਜਾਣਗੇ। ਉਨ੍ਹਾਂ ਨੇ ਨਾਲ ਹੀ ਲੰਗਰ ਕਮੇਟੀਆਂ ਨੂੰ ਅਪੀਲ ਕੀਤੀ ਕਿ ਲੰਗਰ ਵਰਤਾਉਣ ਵਾਲੇ ਮੂੰਹ ਢੱਕ ਕੇ ਰੱਖਣ, ਹੱਥ ਵਾਰ ਵਾਰ ਧੋਣ ਜਾਂ ਸੈਨੇਟਾਈਜ਼ ਕਰਨ ਅਤੇ ਆਪਸ ਵਿੱਚ ਵਿੱਥ ਰੱਖਣ ਦੇ ਨਾਲ ਨਾਲ ਲੰਗਰ ਛਕਣ ਵਾਲੀ ਸੰਗਤ ਵਿੱਚ ਸਮਾਜਕ ਵਿੱਥ ਯਕੀਨੀ ਬਣਾਈ ਜਾਵੇ ਤਾਂ ਜੋ ਕੋਰੋਨਾ ਤੋਂ ਬਚਾਅ ਕੀਤਾ ਜਾ ਸਕੇ।
ਇਸ ਮੌਕੇ ਐਸ.ਪੀ. (ਐੱਚ) ਹਰਪਾਲ ਸਿੰਘ ਨੇ ਲੰਗਰ ਕਮੇਟੀਆਂ ਨੂੰ ਅਪੀਲ ਕੀਤੀ ਕਿ ਲੰਗਰ ਸਬੰਧੀ ਸਮੱਗਰੀ ਲੈ ਕੇ ਆਉਣ ਲਈ ਘੱਟ ਤੋਂ ਘੱਟ ਟਰਾਲੀਆਂ ਲਿਆਂਦੀਆਂ ਜਾਣ ਅਤੇ ਦੁੱਧ ਦੀ ਢੋਆ ਢੋਆਈ ਰਾਤ 10:00 ਵਜੇ ਤੋਂ ਸਵੇਰੇ 10:00 ਵਜੇ ਤੱਕ ਛੋਟੇ ਹਾਥੀ ਵਰਗੇ ਛੋਟੇ ਵਾਹਨਾਂ ਰਾਹੀਂ ਹੀ ਕੀਤੀ ਜਾਵੇ। ਯਾਤਰੀਆਂ ਦੀ ਸਹੂਲਤ ਲਈ ਬਦਲਵੇਂ ਰੂਟਾਂ ਦਾ ਪ੍ਰਬੰਧ ਕੀਤਾ ਜਾਵੇਗਾ ਤੇ ਟਰੈਫਿਕ ਸਬੰਧੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਕਮ ਮੇਲਾ ਅਫ਼ਸਰ, ਡਾ. ਸੰਜੀਵ ਕੁਮਾਰ ਨੇ ਕਿਹਾ ਕਿ ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਸ਼ੁਰੂ ਹੋਈ ਹੈ ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸੇ ਦੇ ਮੱਦੇਨਜ਼ਰ ਸ਼ਹੀਦੀ ਸਭਾ ਸਬੰਧੀ ਵਿਸ਼ੇਸ਼ ਸਾਵਧਾਨੀਆਂ ਵਰਤਣੀਆਂ ਪੈਣਗੀਆਂ। ਕੋਰੋਨਾ ਤੋਂ ਬਚਾਅ ਲਈ ਸਭ ਤੋਂ ਵਧੀਆ ਢੰਗ ਤਾਂ ਇਹ ਹੈ ਕਿ ਘਰਾਂ ਤੋਂ ਹੀ ਅਰਦਾਸ ਕਰਨ ਨੂੰ ਤਰਜੀਹ ਦਿੱਤੀ ਜਾਵੇ। ਉਨ੍ਹਾਂ ਨੇ ਲੰਗਰ ਕਮੇਟੀਆਂ ਨੂੰ ਅਪੀਲ ਕੀਤੀ ਕਿ ਲੰਗਰਾਂ ਦਾ ਪਾਣੀ ਸੜਕਾਂ ਉਤੇ ਨਾ ਆਉਣ ਦਿੱਤਾ ਜਾਵੇ ਅਤੇ ਟੋਆ ਪੁੱਟ ਕੇ ਉਸ ਵਿੱਚ ਪਾਣੀ ਪਾਇਆ ਜਾਵੇ ਤੇ ਨਾਲੇ ਟੋਏ ਨੂੰ ਢੱਕ ਕੇ ਰੱਖਿਆ ਜਾਵੇ। ਕਈ ਵਾਰ ਸ਼ਹੀਦੀ ਸਭਾ ਦੌਰਾਨ ਲੋਕ ਸੜਕਾਂ ਕੰਢੇ ਸੇਕਣ ਲਈ ਅੱਗ ਬਾਲ਼ ਲੈਂਦੇ ਹਨ, ਜਿਸ ਕਾਰਨ ਸੰਗਤ ਨੂੰ ਖਾਸਕਰ ਕੇ ਨਗਰ ਕੀਰਤਨ ਦੌਰਾਨ ਦਿੱਕਤਾਂ ਆਉਂਦੀਆਂ ਹਨ। ਇਸ ਲਈ ਸੜਕਾਂ ਕੰਢੇ ਅੱਗ ਬਿਲਕੁਲ ਨਾ ਬਾਲੀ ਜਾਵੇ।
ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਸੁਰਿੰਦਰ ਸਿੰਘ ਨੇ ਸ਼ਹੀਦੀ ਸਭਾ ਦੌਰਾਨ ਲੰਗਰ ਲਗਾਉਣ ਲਈ ਪਾਸ ਉਨ੍ਹਾਂ ਨੂੰ ਦਿੱਤਾ ਜਾਵੇਗਾ, ਜਿਨ੍ਹਾਂ ਕੋਲ 72 ਘੰਟੇ ਪਹਿਲਾਂ ਕੋਰੋਨਾ ਵਾਇਰਸ ਸਬੰਧੀ ਕਰਵਾਏ ਟੈਸਟ ਦੀ ਰਿਪੋਰਟ ਨੈਗੇਟਿਵ ਹੋਵੇਗੀ। ਉਨ੍ਹਾਂ ਦੱਸਿਆ ਕਿ ਸ਼ਹੀਦੀ ਸਭਾ ਦੌਰਾਨ 10 ਵੱਖ-ਵੱਖ ਥਾਵਾਂ ਉੱਤੇ ਕੈਂਪ ਲਾਏ ਜਾਣਗੇ, ਜਿੱਥੇ ਕੋਰੋਨਾ ਸਬੰਧੀ ਟੈੱਸਟ ਕੀਤੇ ਜਾਣਗੇ। ਲੰਗਰ ਲਗਾਉਣ ਵਾਲੇ ਜਿਥੋਂ ਦੇ ਵਸਨੀਕ ਹੋਣ ਉਥੋਂ ਦੀ ਸਿਹਤ ਸੰਸਥਾ ਪਾਸੋਂ ਕੋਰੋਨਾ ਸਬੰਧੀ ਟੈਸਟ ਕਰਵਾ ਕੇ ਲਿਆਉਣ। ਉਨ੍ਹਾਂ ਦੱਸਿਆ ਕਿ ਕਿਸੇ ਵੀ ਸੰਸਥਾ ਵੱਲੋਂ ਮੈਕੀਡਲ ਜਾਂ ਸਿਹਤ ਸਬੰਧੀ ਕੋਈ ਵੀ ਕੈਂਪ ਲਾਉਣ ਲਈ ਸਿਹਤ ਵਿਭਾਗ ਤੋਂ ਆਗਿਆ ਲੈਣੀ ਲਾਜ਼ਮੀ ਹੈ।
ਕਾਰਜਸਾਧਕ ਅਫ਼ਸਰ ਗੁਰਪਾਲ ਸਿੰਘ ਨੇ ਕਿਹਾ ਕਿ ਲੰਗਰ ਕਮੇਟੀਆਂ ਲੰਗਰਾਂ ਵਿੱਚ ਪਲਾਸਟਿਕ ਤੇ ਥਰਮਾਕੋਲ ਵਰਤਣ ਦੀ ਥਾਂ ਪੱਤਲਾਂ ਜਾਂ ਕਾਗਜ਼ ਦੇ ਭਾਂਡੇ ਹੀ ਵਰਤਣ ਤਾਂ ਜੋ ਸਿਹਤ ਸਬੰਧੀ ਵੀ ਕੋਈ ਨੁਕਸਾਨ ਨਾਲ ਹੋਵੇ ਤੇ ਨਾ ਹੀ ਵਾਤਾਵਰਨ ਦੂਸ਼ਿਤ ਹੋਵੇ। ਸ਼ਹੀਦੀ ਸਭਾ ਤੋਂ ਪਹਿਲਾਂ-ਪਹਿਲਾਂ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਤੱਕ ਆਉਂਦੀਆਂ ਸਾਰੀਆਂ ਸੜਕਾਂ ਦੀ ਮੁਕੰਮਲ ਸਾਫ ਸਫਾਈ ਕੀਤੀ ਜਾ ਰਹੀ ਹੈ ਤੇ ਸ਼ਹੀਦੀ ਸਭਾ ਦੌਰਾਨ ਵੀ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ।
ਐਸ.ਜੀ.ਪੀ.ਸੀ. ਮੈਂਬਰ ਕਰਨੈਲ ਸਿੰਘ ਪੰਜੋਲੀ ਅਤੇ ਰਵਿੰਦਰ ਸਿੰਘ ਖਾਲਸਾ ਨੇ ਸੰਗਤ ਨੂੰ ਅਪੀਲ ਕੀਤੀ ਕਿ ਪੋਹ ਦੀ ਸੰਗਰਾਂਦ ਤੋਂ ਮਾਘ ਦੀ ਸੰਗਰਾਂਦ ਤੱਕ ਗੁਰਦੁਆਰਾ ਸਾਹਿਬਾਨ ਵਿਖੇ ਨਤਮਸਤਕ ਹੋਣ ਤਾਂ ਜੋ ਕੋਰੋਨਾ ਸਬੰਧੀ ਹਦਾਇਤਾਂ ਦੀ ਪਾਲਣਾ ਹੋ ਸਕੇ ਅਤੇ ਸ਼ਹੀਦੀ ਸਭਾ ਦੇ ਤਿੰਨ ਦਿਨਾਂ ਦੌਰਾਨ ਵੱਡਾ ਇਕੱਠ ਨਾ ਹੋਵੇ। ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਭਾਈ ਹਰਪਾਲ ਸਿੰਘ ਨੇ ਦੱਸਿਆ ਕਿ ਸ਼ਹੀਦੀ ਸਭਾ ਸਬੰਧੀ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਰੋਜ਼ਾਨਾ ਦੇ ਕੀਰਤਨ ਦੀਵਾਨ ਸ਼ੁਰੂ ਹੋ ਚੁੱਕੇ ਹਨ। ਉਨ੍ਹਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗੁਰਬਾਣੀ ਨਾਲ ਜੁੜਨ।
ਇਸ ਮੌਕੇ ਡੀ.ਐਸ.ਪੀ. ਹੈੱਡਕੁਆਟਰ ਹਰਦੀਪ ਸਿੰਘ ਬਡੂੰਗਰ, ਡੀ.ਐਸ.ਪੀ. ਫਤਹਿਗੜ੍ਹ ਸਾਹਿਬ ਮਨਜੀਤ ਸਿੰਘ, ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਮੈਨੇਜਰ ਕਰਮ ਸਿੰਘ ਤੋਂ ਇਲਾਵਾ ਵੱਖ-ਵੱਖ ਲੰਗਰ ਕਮੇਟੀਆਂ ਦੇ ਮੈਂਬਰ ਮੌਜੂਦ ਸਨ।