ਅੰਸ਼ਿਕ ਸੋਧ –ਮਾਨਸਾ ਜ਼ਿਲ੍ਹਾ ਵਿੱਚ ਸਾਰੀਆਂ ਦੁਕਾਨਾਂ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਖੁੱਲਣਗੀਆਂ
ਮਾਨਸਾ, ਮਈ 25 ( ) :
ਨੋਵਲ ਕੋਰੋਨਾ ਮਹਾਂਮਾਰੀ (ਕੋਵਿਡ-19) ਦੇ ਚੱਲਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਮਾਨਸਾ ਗੁਰਪਾਲ ਸਿੰਘ ਚਹਿਲ ਵੱਲੋਂ ਵਪਾਰਕ ਗਤੀਵਿਧੀਆਂ ਨਾਲ ਸਬੰਧਤ ਜਾਰੀ ਕੀਤੇ ਹੁਕਮਾਂ ਵਿੱਚ ਅੰਸ਼ਿਕ ਸੋਧ ਕੀਤੀ ਗਈ ਹੈ।
ਨਵੇਂ ਜਾਰੀ ਕੀਤੇ ਹੁਕਮਾਂ ਵਿੱਚ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਸ਼ਹਿਰੀ ਅਤੇ ਪੇਂਡੂ ਖੇਤਰ ਦੀਆਂ ਸਾਰੀਆਂ ਦੁਕਾਨਾਂ ਲਾਕਡਾਊਨ ਦੌਰਾਨ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸ਼ਾਮ 6 ਵਜੇ ਤੋਂ ਸ਼ਾਮ 7 ਵਜੇ ਤੱਕ ਦਾ ਸਮਾਂ ਦੁਕਾਨ ਨੂੰ ਵਧਾਉਣ ਕਰਕੇ ਆਪਣੇ ਘਰ ਪਹੰਚਣ ਲਈ ਨਿਸ਼ਚਿਤ ਕੀਤਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਇਹ ਪ੍ਰਵਾਨਗੀ ਕੰਨਟੇਨਮੈਂਟ ਜੋਨਜ਼ ‘ਤੇ ਲਾਗੂ ਨਹੀਂ ਹੋਵੇਗੀ।ਇਸ ਤੋਂ ਇਲਾਵਾ ਪ੍ਰਵਾਨਿਤ ਦੁਕਾਨਾਂ ਸਿਰਫ਼ 50 ਫੀਸਦੀ ਸਟਾਫ਼ ਸਮੇਤ ਖੋਲ੍ਹੀਆਂ ਜਾਣਗੀਆਂ।
ਜ਼ਿਲ੍ਹਾ ਮੈਜਿਸਟ੍ਰੇਟ ਚਹਿਲ ਨੇ ਸਮੂਹ ਦੁਕਾਨਦਾਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਦੁਕਾਨਦਾਰਾਂ ਵੱਲੋਂ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਦੁਕਾਨ ਅੰਦਰ ਮਾਸਕ ਪਹਿਣਨਾ, ਸਮਾਜਿਕ ਦੂਰੀ, ਸੈਨੇਟਾਇਜ਼ਰ ਦੀ ਵਰਤੋਂ, ਹੱਥ ਧੋਣ ਦਾ ਪ੍ਰਬੰਧ ਕਰਨਾ, ਦੁਕਾਨ ਅੰਦਰ 2 ਤੋਂ ਵੱਧ ਵਿਅਕਤੀਆਂ ਦੇ ਇੱਕੋ ਸਮੇਂ ਨਾ ਹੋਣ, ਦਸਤਾਨਿਆਂ ਪਹਿਨ ਕੇ ਰੱਖਣਾ, ਦੁਕਾਨ ਜਾਂ ਕਾਰੋਬਾਰੀ ਸਥਾਨ ਨੂੰ ਰੋਜ਼ਾਨਾ ਸਮੇਂ ਸਮੇਂ ‘ਤੇ ਸੈਨੇਟਾਇਜ਼ ਕਰਕੇ ਰੱਖਣਾ ਯਕੀਨੀ ਬਣਾਉਣਗੇ।ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਜਾਂ ਸਟਾਫ, ਜਿਸ ਨੂੰ ਖੰਘ, ਗਲਾ ਖ਼ਰਾਬ, ਬੁਖਾਰ ਆਦਿ ਹੋਵੇ, ਨੂੰ ਦੁਕਾਨ ਜਾਂ ਕਾਰੋਬਾਰ ਅੰਦਰ ਦਾਖਲ ਨਾ ਕਰਨਾ ਦੁਕਾਨਦਾਰ ਦੀ ਨਿੱਜੀ ਜ਼ਿੰਮੇਵਾਰੀ ਹੋਵੇਗੀ।
ਜ਼ਿਲ੍ਹਾ ਮੈਜਿਸਟ੍ਰੇਟ ਗੁਰਪਾਲ ਸਿੰਘ ਚਹਿਲ ਨੇ ਹੁਕਮ ਵਿੱਚ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵੱਲੋਂ ਪ੍ਰਾਪਤ ਪੱਤਰ ਦੀ ਪਾਲਣਾ ਵਿੱਚ ਲਾਕਡਾਊਨ ਦੌਰਾਨ ਸਪੋਰਟਸ ਕੰਪਲੈਕਸ-ਸਟੇਡੀਅਮ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 7 ਵਜੇ ਤੋਂ 10 ਵਜੇ ਤੱਕ ਅਤੇ ਸ਼ਾਮ 4 ਵਜੇ ਤੋਂ ਸ਼ਾਮ 6 ਵਜੇ ਤੱਕ ਸਿਰਫ਼ ਅਥਲੈਟਿਕਸ, ਗੋਲਫ਼, ਯੋਗਾ, ਸਵੇਰ ਅਤੇ ਸ਼ਾਮ ਦੀ ਸੈਰ ਲਈ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਸਪੋਰਟਸ ਅਫ਼ਸਰ ਮਾਨਸਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਉਣਗੇ।