ਐਂਬੂਲੈਂਸ ਨੂੰ ਰਸਤਾ ਨਾ ਦੇਣਾ ਕਾਨੂੰਨੀ ਅਪਰਾਧ; ਮਰੀਜ ਦੀ ਮੌਤ ਦੇ ਮਾਮਲੇ ਵਿੱਚ ਭਾਰਤੀ ਦੰਡਾਵਲੀ ਅਧੀਨ ਕਾਨੂੰਨੀ ਮੁਕੱਦਮਾ ਦਰਜ ਕਰਕੇ ਸਜ਼ਾ ਹੋ ਸਕਦੀ– ਡਾ. ਭੁੱਲਰ
ਪਟਿਆਲਾ: 01 ਮਈ 2023
ਸੜ੍ਹਕਾਂ ਉਪਰ ਗੰਭੀਰ ਰੂਪ ਵਿੱਚ ਮਰੀਜਾਂ ਲੈ ਕੇ ਜਾਰਹੀ ਐਂਬੂਲੈਂਸ ਨੂੰ ਰਸਤਾ ਦੇਣਾ ਸਾਡੀ ਸਭ ਦੀ ਕਾਨੂੰਨੀ ਅਤੇ ਮੌਲਿਕ ਜਿੰਮੇ੍ਹਵਾਰੀ ਹੈ ਪ੍ਰੰਤੂ ਅਕਸਰ ਵੇਖਿਆ ਜਾ ਸਕਦਾ ਹੈ ਕਿ ਸਾਡੇ ਦੇਸ਼ ਵਿੱਚ ਆਮ ਤੌਰ ਤੇ ਐਂਬੂਲੈਂਸ ਨੂੰ ਰਸਤਾ ਨਹੀਂ ਦਿੱਤਾ ਜਾਂਦਾ ਅਤੇ ਸਿੱਟੇ ਵਜੋਂ ਗੰਭੀਰ ਮਰੀਜਾਂ ਨੂੰ ਐਂਮਰਜੈਂਸੀ ਸੇਵਾਵਾਂ ਮਿਲਣ ਵਿੱਚ ਦੇਰੀ ਹੋ ਜਾਂਦੀ ਹੈ ਅਤੇ ਸਿੱਟੇ ਵਜੋਂ ਮਰੀਜ ਦੀ ਮੌਤ ਵੀ ਹੋ ਸਕਦੀ ਹੈ । ਇਨਾਂ੍ਹ ਵਿਚਾਰਾਂ ਦਾ ਪ੍ਰਗਟਾਵਾ ਸਮਾਜ ਸੇਵੀ ਸੰਸਥਾ ਲੋਕ ਭਲਾਈ ਤੇ ਚੇਤਨਾ ਸੋਸਾਇਟੀ ਪਟਿਆਲਾ ਦੇ ਪ੍ਰਧਾਨ ਅਤੇ ਪਟਿਆਲਾ ਰੈੱਡ ਕਰਾਸ ਸੇਂਟ ਜੌਨ ਐਂਬੂਲੈਂਸ ਬ੍ਰੀਗੇਡ ਦੇ ਡਿਵੀਜਨਲ ਸਰਜਨ ਡਾ. ਡੀ. ਐੱਸ ਭੁੱਲਰ ਵਲੋਂ ਰੈੱਡ ਕਰਾਸ ਭਵਨ ਪਟਿਆਲਾ ਵਿਖੇ ਚੱਲ ਰਹੀ ਮੁੱਢਲੀ ਸਹਾਇਤਾ ਟਰੇਨਿੰਗ ਦੌਰਾਨ ਕੀਤਾ ਗਿਆ।
ਡਾ. ਭੁੱਲਰ ਅਨੁਸਾਰ ਐਂਬੂਲੈਂਸ ਵਾਹਨਾਂ ਨੂੰ ਸੜਕਾਂ ਉਪਰ ਰਸਤਾ ਨਾ ਦੇਣ ਸਬੰਧੀ ਲੋਕਾਂ ਵਿੱਚ ਅਜੇ ਵੀ ਜਾਗਰੁਕਤਾ ਦੀ ਘਾਟ ਹੈ ਅਤੇ ਭਾਰਤੀ ਮੋਟਰ ਵੈਹੀਕਲ ਐਕਟ 1988 ਵਿੱਚ ਸਾਲ 2019 ਦੌਰਾਨ ਕੀਤੀ ਸੋਧ ਅਨੁਸਾਰ ਐਕਟ ਦੀ ਧਾਰਾ 194-ਈ ਅਧੀਨ ਜੇਕਰ ਕੋਈ ਵਿਅਕਤੀ ਐਂਬੂਲੈਂਸ ਨੂੰ ਰਸਤਾ ਨਹੀਂ ਦਿੰਦਾ ਤਾਂ ਉਸਨੂੰ ਛੇ ਮਹੀਨੇ ਦੀ ਕੈਦ ਜਾਂ ਦਸ ਹਜਾਰ ਰੁਪਏ ਜੁਰਮਾਨਾ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਜੇਕਰ ਅਜਿਹੇ ਵਿਅਕਤੀ ਦੀ ਲਾਪ੍ਰਵਾਹੀ ਦੇ ਕਾਰਨ ਐਂਬੂਲੈਂਸ ਵਿੱਚ ਜਾ ਰਹੇ ਮਰੀਜ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਵਿਅਕਤੀ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 304-ਏ ਅਧੀਨ ਕਾਨੂੰਨੀ ਮੁਕੱਦਮਾ ਦਰਜ ਕਰਕੇ ਦੋ ਸਾਲ ਦੀ ਕੈਦ ਜਾਂ ਜੁਰਮਾਨਾ ਜਾਂ ਜੁਰਮਾਨਾ ਅਤੇ ਕੈਦ ਹੋ ਸਕਦੀ ਹੈ। ਇਸ ਮੌਕੇ ਮੁੱਢਲੀ ਸਹਾਇਤਾ ਟਰੇਨਿੰਗ ਲੈ ਰਹੇ ਵਿਦਿਆਰਥੀਆਂ ਵਲੋਂ ਡਾ. ਭੁੱਲਰ ਅਤੇ ਰੈੱਡ ਕਰਾਸ ਜਿਲ੍ਹਾ ਟਰੇਨਿੰਗ ਅਫਸਰ ਜਸਪਾਲ ਸਿੰਘ ਅਤੇ ਹਰਿੰਦਰ ਸਿੰਘ ਕਰੀਰ ਦੀ ਅਗਵਾਈ ਹੇਠ ਐਂਬੂਲੈਂਸ ਨੂੰ ਰਸਤਾ ਛੱਡਣ ਸਬੰਧੀ ਪ੍ਰਣ ਵੀ ਲਿਆ ਗਿਆ।
