ਐਸ਼ਬਨ ਬੀੜ ਨੇੜੇ ਦੇਖੇ ਗਏ ਤੇਂਦੂਏ ਨੂੰ ਫੜਨ ਲਈ 24X7 ਰੈਪਿਡ ਰਿਸਪਾਂਸ ਟੀਮ ਤਾਇਨਾਤ; ਹੈਲਪਲਾਈਨ ਨੰਬਰ 92166-50002 ‘ਤੇ ਦਿੱਤੀ ਜਾਵੇ ਸੂਚਨਾ- ਡੀ.ਸੀ
ਸੰਗਰੂਰ, 16 ਸਤੰਬਰ ,2023
ਸੰਗਰੂਰ ਵਿਖੇ ਸਥਿਤ ਐਸ਼ਬਨ ਬੀੜ ਵਾਈਲਡਲਾਈਫ ਸੈਂਕਚੁਏਰੀ ਨੇੜੇ ਤੇਂਦੂਆ ਨਜ਼ਰ ਆਉਣ ਦੀ ਸੂਚਨਾ ਮਿਲਦਿਆਂ ਹੀ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਤੁਰੰਤ ਐਕਸ਼ਨ ਲੈਂਦਿਆਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਤੇਂਦੂਆ ਫੜਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੋਹੀਆਂ ਰੋਡ ਉਤੇ ਸਥਿਤ ਇਸ ਬੀੜ ਨੇੜੇ ਚੌਕਸੀ ਰੱਖਣ ਲਈ ਡੀ.ਐਫ.ਓ ਵਿਦਿਆ ਸਾਗਰੀ ਦੀ ਅਗਵਾਈ ਅਤੇ ਸੰਗਰੂਰ ਵਣ ਰੇਂਜ ਅਫ਼ਸਰ ਦੀ ਨਿਗਰਾਨੀ ਹੇਠ 24X7 ਰੈਪਿਡ ਰਿਸਪਾਂਸ ਟੀਮ ਤਾਇਨਾਤ ਕਰ ਦਿੱਤੀ ਗਈ ਹੈ ਅਤੇ ਬੀੜ ਵਿੱਚ ਢੁਕਵੇਂ ਥਾਂ ਤੇ ਪਿੰਜਰਾ ਵੀ ਲਗਾ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਲੋਕਾਂ ਨੂੰ ਇਸ ਮਾਮਲੇ ਵਿੱਚ ਘਬਰਾਉਣ ਦੀ ਬਿਲਕੁਲ ਵੀ ਲੋੜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਵਣ ਵਿਭਾਗ ਵੱਲੋਂ ਅਹਿਤਿਆਤੀ ਤੌਰ ‘ਤੇ ਇਸ ਬੀੜ ਦੇ ਆਲੇ ਦੁਆਲੇ ਵਸੇ ਪਿੰਡਾਂ ਵਿੱਚ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਗਿਆ ਹੈ ਅਤੇ ਹੈਲਪਲਾਈਨ ਨੰਬਰ 92166-50002 ਅਤੇ 01672-234293 ਜਾਰੀ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਵਿਅਕਤੀ ਵੱਲੋਂ ਤੇਂਦੂਏ ਸਬੰਧੀ ਸੂਚਨਾ ਦੇਣ ਹਿੱਤ ਇਸ ਹੈਲਪਲਾਈਨ ਨੰਬਰ ਤੇ ਸੰਪਰਕ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਜੇਕਰ ਕੱਲ੍ਹ ਤੱਕ ਇਸ ਤੇਂਦੂਏ ਨੂੰ ਫੜਨ ਵਿਚ ਸਫਲਤਾ ਨਾ ਮਿਲੀ ਤਾਂ ਛੱਤਬੀੜ ਤੋ ਮਾਹਿਰ ਟੀਮ ਨੂੰ ਬੁਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਬੀੜ ਦੇ ਆਲੇ ਦੁਆਲੇ ਨਿਰੰਤਰ ਨਜ਼ਰ ਰੱਖੀ ਜਾ ਰਹੀ ਹੈ।