ਕੋਆਰੰਟਾਈਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ -ਕੁਮਾਰ ਅਮਿਤ

248

ਕੋਆਰੰਟਾਈਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ -ਕੁਮਾਰ ਅਮਿਤ

ਗੁਰਜੀਤ ਸਿੰਘ /ਪਟਿਆਲਾ/ 22 ਮਾਰਚ:

ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ  ਕੁਮਾਰ ਅਮਿਤ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਨੇ ਕਿਹਾ ਹੈ ਕਿ ਨੋਵਲ ਕੋਰੋਨਾਵਾਇਰਸ ਕੋਵਿਡ-19 ਤੋਂ ਬਚਾਅ ਅਤੇ ਇਸਦੇ ਪ੍ਰਭਾਵ ਨੂੰ ਰੋਕਣ ਦੇ ਮੱਦੇਨਜ਼ਰ ਜਨਤਕ ਹਿੱਤਾਂ ਨੂੰ ਦੇਖਦਿਆਂ ਇਹਤਿਆਤ ਵਜੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ਅਤੇ ਜਾਰੀ ਕੀਤੀ ਗਈ ਕੋਅਰੰਟਾਈਨ ਸਲਾਹਕਾਰੀ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਕੁਮਾਰ ਅਮਿਤ ਨੇ ਕਿਹਾ ਕਿ ਕੋਰੋਨਾਵਾਇਰਸ ਇੱਕ ਮਹਾਂਮਾਰੀ ਹੈ ਜੋ ਕਿ ਲਾਗ ਨਾਲ ਹੁੰਦੀ ਹੈ, ਨੂੰ ਰੋਕਣ ਲਈ ਅਜਿਹੇ ਸਖ਼ਤ ਕਦਮ ਉਠਾਉਣੇ ਜਰੂਰੀ ਹਨ, ਜਿਸ ਲਈ ਹਦਾਇਤਾਂ ਦੀ ਅਣਦੇਖੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਕੀਤੀ ਜਾਵੇਗੀ। ਉਨ੍ਹਾਂ ਅਪੀਲ ਕੀਤੀ ਕਿ ਆਪਣੀ, ਆਪਣੇ ਪਰਿਵਾਰ ਅਤੇ ਦੂਜਿਆਂ ਦੀ ਜਾਨ ਦੀ ਹਿਫ਼ਾਜ਼ਤ ਲਈ ਨਿਰਧਾਰਤ ਨੇਮਾਂ ਦੀ ਪਾਲਣਾ ਹਰ ਹਾਲ ‘ਚ ਯਕੀਨੀ ਬਣਾਂਈ ਜਾਵੇ।

ਡਿਪਟੀ ਕਮਿਸ਼ਨਰ  ਕੁਮਾਰ ਅਮਿਤ ਨੇ ਆਮ ਲੋਕਾਂ ਲਈ ਇੱਕ ਮਹੱਤਵਪੂਰਨ ਸੂਚਨਾ ਦਿੰਦਿਆਂ ਕਿਹਾ ਕਿ ਜਿਹੜੇ ਨਾਗਰਿਕਾਂ ਨੂੰ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ 14 ਦਿਨਾਂ ਦੀ ਕੋਆਰੰਟਾਈਨ ਸਲਾਹ ਤਹਿਤ ਕੋਆਰੰਟਾਈਨ ਕੀਤਾ ਗਿਆ ਹੈ, ਉਨ੍ਹਾਂ ਵੱਲੋਂ ਇਸ ਦੀ ਉਲੰਘਣਾ ਕੀਤੇ ਜਾਣ ‘ਤੇ ਉਨ੍ਹਾਂ ਖ਼ਿਲਾਫ਼ ਸਥਾਨਕ ਪੁਲਿਸ ਵੱਲੋਂ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਅਧੀਨ ਅਤੇ ਕੋਰੋਨਾਵਾਇਰਸ ਤੋਂ ਬਚਾਅ ਲਈ ਜਾਰੀ ਹੁਕਮਾਂ ਦੀ ਅਣਦੇਖੀ ਕਰਨ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਕੋਆਰੰਟਾਈਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ -ਕੁਮਾਰ ਅਮਿਤ-Photo courtesy-Internet

ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕਾਨੂੰਨ ਦੁਆਰਾ ਲਾਗੂ ਕੀਤੇ ਗਏ ਸਰਕਾਰੀ ਹੁਕਮਾਂ ਦੀ ਉਲੰਘਣਾਂ ਕਰਨ ਵਾਲਿਆਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 188 (ਕਗਨੀਜ਼ਬਲ) ਤਹਿਤ ਕੇਸ ਦਰਜ ਕੀਤਾ ਜਾਵੇਗਾ। ਇਸੇ ਤਰ੍ਹਾਂ ਹੀ ਲਾਪਰਵਾਹੀ ਨਾਲ ਅਜਿਹੇ ਕੰਮ ਕਰਨੇ ਜਿਸ ਨਾਲ ਕੋਰੋਨਾਵਾਇਰਸ ਦੀ ਲਾਗ ਫੈਲੇ, ਜਿਸ ਨਾਲ ਮਨੁੱਖਾਂ ਦੀ ਜਾਨ ਖ਼ਤਰੇ ‘ਚ ਪੈ ਜਾਵੇ ਵਿਰੁੱਧ ਆਈ.ਪੀ.ਸੀ ਦੀ ਧਾਰਾ 269 (ਕਗਨੀਜ਼ਬਲ) ਤਹਿਤ ਕੇਸ ਦਰਜ ਕੀਤਾ ਜਾਵੇਗਾ, ਜਿਸ ‘ਚ 6 ਮਹੀਨੇ ਦੀ ਕੈਦ ਅਤੇ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।

ਸ. ਸਿੱਧੂ ਨੇ ਹੋਰ ਦੱਸਿਆ ਕਿ ਅਜਿਹੇ ਖ਼ਤਰਨਾਕ ਕੰਮ ਕਰਨੇ ਜਿਸ ਨਾਲ ਕਿ ਕਿਸੇ ਦੀ ਮਨੁੱਖੀ ਜਾਨਾਂ ਲਈ ਭਿਆਨਕ ਬਿਮਾਰੀ ਦੇ ਫੈਲਣ ਦਾ ਖ਼ਤਰਾ ਹੋਵੇ, ਅਜਿਹੇ ਵਿਅਕਤੀਆਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 270 (ਕਗਨੀਜ਼ਬਲ) ਤਹਿਤ ਮਾਮਲਾ ਦਰਜ ਕੀਤਾ ਜਾਵੇਗਾ, ਇਸ ਧਾਰਾ ਤਹਿਤ ਦੋ ਸਾਲਾਂ ਦੀ ਸਜਾ ਜਾਂ ਜੁਰਮਾਨਾ ਜਾ ਦੋਵੇਂ ਹੋ ਸਕਦੇ ਹਨ। ਅਜਿਹੇ ਮਾਮਲਿਆਂ ‘ਚ ਕੇਸ ਦਰਜ ਹੋਣ ਦੀ ਸੂਰਤ ‘ਚ ਤੁਰੰਤ ਗ੍ਰਿਫ਼ਤਾਰੀ ਕੀਤੀ ਜਾਵੇਗੀ।

ਐਸ.ਐਸ.ਪੀ. ਨੇ ਦੱਸਿਆ ਕਿ ਇਸੇ ਤਰ੍ਹਾਂ ਹੀ ਜਾਣਬੁੱਝ ਕੇ ਕੋਆਰੰਟਾਈਨ ਨੇਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 271 (ਨਾਨ ਕਗਨੀਜ਼ਬਲ) ਤਹਿਤ ਮਾਮਲਾ ਦਰਜ ਕੀਤਾ ਜਾਵੇਗਾ, ਇਸ ਧਾਰਾ ਤਹਿਤ 6 ਮਹੀਨੇ ਦੀ ਸਜਾ ਜਾਂ ਜੁਰਮਾਨਾ ਜਾ ਦੋਵੇਂ ਹੋ ਸਕਦੇ ਹਨ।