ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਇਕ ਵਾਰ ਫੇਰ ਸੋਲਰ ਸਿਟੀ ਬਣਨ ਵੱਲ ਵਧੀ

331

ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਇਕ ਵਾਰ ਫੇਰ ਸੋਲਰ ਸਿਟੀ ਬਣਨ ਵੱਲ ਵਧੀ

ਬਹਾਦਰਜੀਤ ਸਿੰਘ /ਸ੍ਰੀ ਅਨੰਦਪੁਰ ਸਾਹਿਬ ,16 ਜਨਵਰੀ,2023 

ਸਾਲ 1999 ਵਿੱਚ ਜਦੋਂ ਖਾਲਸਾ ਪੰਥ ਦੀ 300 ਸਾਲਾ ਸ਼ਤਾਬਦੀ ਮਨਾਈ ਜਾ ਰਹੀ ਸੀ ਤਾਂ ਸੂਬਾ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਦੇਸ਼ ਦੀ ਪਹਿਲੀ ਸੋਲਰ ਸਿਟੀ ਬਨਾਉਣ ਦਾ ਐਲਾਨ ਕੀਤਾ ਗਿਆ ਸੀ, ਉਸ ਸਮੇਂ ਇਹ ਤੱਥ ਅਸਲੀਅਤ ਤੋਂ ਕੋਹਾਂ ਦੂਰ ਜਾਪਦੇ ਸਨ, ਹਰਜੋਤ ਬੈਂਸ ਕੈਬਨਿਟ ਮੰਤਰੀ ਪੰਜਾਬ ਨੇ ਆਪਣੇ ਵਿਧਾਨ ਸਭਾ ਹਲਕੇ ਦੇ ਸਰਵਪੱਖੀ ਵਿਕਾਸ ਦੇ ਵਾਅਦੇ ਅਤੇ ਦਾਅਵੇ ਕਰਦੇ ਹੋਏ ਇਸ ਗੁਰੂ ਨਗਰੀ ਨੂੰ ਹੋਰ ਲਿਸ਼ਕਾਉਣ ਦੇ ਐਲਾਨ ਕੀਤੇ ਸਨ, ਜਿਨ੍ਹਾ ਤੇ ਹੁਣ ਬੂਰ ਪੈ ਰਿਹਾ ਹੈ।

ਇਹੀ ਕਾਰਨ ਹੈ ਕਿ ਪੰਜਾਬ ਦੀ ਮੌਜੂਦਾ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਮੁੜ ਸ੍ਰੀ ਅਨੰਦਪੁਰ ਸਾਹਿਬ ਦੇ ਚਾਰੇ ਪਾਸੇ ਵਿਕਾਸ ਕਾਰਜਾਂ ਦੀ ਹਨੇਰੀ ਝੁੱਲ ਰਹੀ ਹੈ, ਉਥੇ ਹੀ ਵਿਸ਼ੇਸ਼ ਤੌਰ ਤੇ ਹੁਣ ਇਸ ਸ਼ਹਿਰ ਅੰਦਰ ਮੁੜ ਤੋਂ ਸੈਂਕੜੇ ਸੋਲਰ ਲਾਈਟਾਂ ਲਗਾ ਕੇ ਸ਼ਹਿਰ ਨੂੰ ਮੁੜ ਤੋਂ ਸੋਲਰ ਸਿਟੀ ਬਣਾਉਣ ਵਾਲੇ ਪਾਸੇ ਉਪਰਾਲੇ ਸੁਰੂ ਹੋ ਗਏ ਹਨ। ਇਸ ਵਾਰ ਲਗਾਈਆਂ ਜਾ ਰਹੀਆਂ ਸੋਲਰ ਲਾਈਟਾਂ ਦੀ ਖਾਸੀਅਤ ਇਹ ਹੈ ਕਿ ਇਸ ਲਾਈਟ ਉੱਤੇ ਬਾਹਰ ਨਾ ਕੋਈ ਸੋਲਰ ਪੈਨਲ ਨਜ਼ਰ ਆਉਂਦਾ ਹੈ ਨਾ ਹੀ ਕੋਈ ਬੈਟਰੀ ਅਤੇ ਤਾਰ ਨਜ਼ਰ ਆਉਂਦੀ ਹੈ, ਇਹੀ ਕਾਰਨ ਹੈ ਵਿਸ਼ੇਸ਼ ਤੌਰ ਤੇ ਬਿਨਾਂ ਬੈਟਰੀ ਬਿਨਾਂ ਬਿਜਲੀ ਦੀ ਖਪਤ ਤੋ ਇਹ 12 ਫੁੱਟ ਉੱਚੇ ਖੰਭਿਆ ਤੇ ਲੱਗੀਆਂ ਸੋਲਰ ਲਾਈਟਾ ਸ਼ਹਿਰ ਨੂੰ ਰੋਸ਼ਨਾ ਰਹੀਆਂ ਹਨ। ਸ਼ਹਿਰ ਦੇ ਚਾਰੇ ਪਾਸੇ ਲੱਗੀਆਂ ਇਹ ਲਾਈਟਾਂ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ, ਜਿਸ ਨਾਲ ਗੁਰੂ ਨਗਰੀ ਦੀ ਸੁੰਦਰਤਾ ਹੋਰ ਵੱਧ ਰਹੀ ਹੈ ਅਤੇ ਸ਼ਾਮ ਸਮੇਂ ਨਗਰ ਹੋਰ ਮਨਮੋਹਕ ਲੱਗਦਾ ਹੈ।

ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਇਕ ਵਾਰ ਫੇਰ ਸੋਲਰ ਸਿਟੀ ਬਣਨ ਵੱਲ ਵਧੀ

ਜਿਕਰਯੋਗ ਹੈ ਕਿ ਸੈਰ ਸਪਾਟਾ ਵਿਭਾਗ ਵੱਲੋਂ ਇਨ੍ਹਾਂ ਲਾਈਟਾਂ ਨੂੰ ਖਾਸ ਤੌਰ ਤੇ ਡੀਜਾਈਨ ਕਰਵਾਇਆ ਗਿਆ ਹੈ, ਕਿਉਂਕਿ ਜਦੋਂ ਕੋਈ ਬੈਟਰੀ ਜਾਂ ਫਿਰ ਕੋਈ ਸੋਲਰ ਪੈਨਲ ਬਾਹਰ ਲੱਗੇ ਹੁੰਦੇ ਹਨ ਤਾਂ ਗੈਰ-ਸਮਾਜੀ ਅਨਸਰਾਂ ਵੱਲੋਂ ਇਹਨਾਂ ਦੀ ਚੋਰੀ ਦਾ ਡਰ ਬਣਿਆ ਰਹਿੰਦਾ ਹੈ, ਪਰ ਹੁਣ ਲਗਾਈਆਂ ਜਾ ਰਹੀਆਂ ਇਨ੍ਹਾਂ ਲਾਈਟਾਂ ਦੀ ਖਾਸੀਅਤ ਇਹ ਹੈ ਕਿ ਇਹ ਬਿਨਾਂ ਕਿਸੇ ਤਾਰਦੇ ਜਾਂ ਸੋਲਰ ਪੈਨਲ ਦੇ ਲਗਾਈਆਂ ਗਈਆਂ ਹਨ ਅਤੇ ਇਨ੍ਹਾਂ ਨਾਲ ਕਿਸੇ ਤਰ੍ਹਾਂ ਦੀ ਵੀ ਬਿਜਲੀ ਦੀ ਖਪਤ ਨਹੀਂ ਹੁੰਦੀ ਅਤੇ ਇਨ੍ਹਾਂ ਲਾਈਟਾਂ ਦੇ ਰੱਖ-ਰਖਾਓ ਤੇ ਆਉਣ ਵਾਲਾ ਖਰਚਾ ਵੀ ਬਹੁਤ ਹੀ ਨਿਗੂਣਾ  ਹੈ। ਇਹੀ ਕਾਰਨ ਹੈ ਕਿ ਜੇਕਰ ਹੁਣ ਮੁੜ ਤੋਂ ਆਖ ਲਿਆ ਜਾਵੇ ਕਿ ਖਾਲਸਾ ਪੰਥ ਦਾ ਜਨਮ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਮੁੜ ਤੋਂ  ਸੋਲਰ ਸਿਟੀ ਬਣਨ ਵੱਲ ਵੱਧ ਰਿਹਾ ਹੈ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ। ਇਨ੍ਹਾਂ ਸੋਲਰ ਲਾਈਟਾਂ ਦੀ ਵਿਸੇਸ਼ਤਾ ਇਹ ਹੈ ਕਿ ਜਿਸ ਰਾਹ ਤੋਂ ਘੱਟ ਵਾਹਨ ਅਤੇ ਰਾਹਗੀਰ ਗੁਜਰਦੇ ਹਨ, ਉਥੇ ਇਨ੍ਹਾਂ ਦੀ ਰੋਸ਼ਨੀ ਮੱਧਮ ਅਤੇ ਵਧੇਰੇ ਟ੍ਰੈਫਿਕ ਵਾਲੇ ਸਥਾਨ ਤੇ ਰੋਸ਼ਨੀ ਤੇਜ ਹੋ ਜਾਂਦੀ ਹੈ, ਜਿਸ ਲਈ ਇੱਕ ਵਿਸੇਸ਼ ਸੈਂਸਰ/ਜੰਤਰ ਕੰਮ ਕਰਦਾ ਹੈ।

ਵਰਨਣਯੋਗ ਹੈ ਕਿ ਕੈਬਨਿਟ ਮੰਤਰੀ ਹਰਜੋਤ ਬੈਂਸ ਦੇ ਯਤਨਾ ਨਾਲ ਗੁਰੂ ਨਗਰੀ ਵਿੱਚ ਵਿਕਾਸ ਦੇ ਵੱਡੇ ਪ੍ਰੋਜੈਕਟ ਚੱਲ ਰਹੇ ਹਨ, ਕਰੋੜਾਂ ਰੁਪਏ ਦੀ ਲਾਗਤ ਨਾਲ ਪੰਜ ਪਿਆਰਾ ਪਾਰਕ ਦਾ ਨਵੀਨੀਕਰਨ,  ਮਾਤਾ ਸ੍ਰੀ ਨੈਣਾ ਦੇਵੀ ਮਾਰਗ ਦੀ ਅਪਗ੍ਰੇਡੇਸ਼ਨ, ਯਾਤਰੀ ਸੁਵਿਧਾ ਕੇਂਦਰ ਅਤੇ ਹੋਰ ਕਈ ਪ੍ਰੋਜੈਕਟ ਸੈਰ ਸਪਾਟਾ ਵਿਭਾਗ ਵੱਲੋਂ ਪ੍ਰਗਤੀ ਅਧੀਨ ਹਨ।ਗੁਰੂ ਨਗਰੀ ਦੇ ਦਾਖਲਾ ਦੁਆਰ ਮਨਮੋਹਕ ਲਾਈਟਾ ਨਾਲ ਰੋਸ਼ਨਾਏ ਗਏ ਹਨ, ਜੋ ਬਾਹਰ ਤੋ ਆਉਣ ਵਾਲੇ ਸੈਲਾਨੀਆਂ ਤੇ ਸ਼ਰਧਾਲੂਆਂ ਦੀ ਖਿੱਚ ਦਾ ਕੇਂਦਰ ਬਣ ਰਹੇ ਹਨ। ਸਕੱਤਰ ਸੈਰ ਸਪਾਟਾ ਗੁਰਕਿਰਤ ਕ੍ਰਿਪਾਲ ਸਿੰਘ, ਡਿਪਟੀ ਕਮਿਸ਼ਨਰ ਰੂਪਨਗਰ ਡਾ.ਪ੍ਰੀਤੀ ਯਾਦਵ ਅਤੇ ਮਨੀਸ਼ਾ ਰਾਣਾ ਐਸ.ਡੀ.ਐਮ ਨਿਰੰਤਰ ਇਨ੍ਹਾਂ ਵਿਕਾਸ ਪ੍ਰੋਜੈਕਟਾਂ ਤੇ ਨਜ਼ਰਸ਼ਾਨੀ ਕਰ ਰਹੇ ਹਨ।