ਪੀਆਰਟੀਸੀ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਨਾਜਾਇਜ਼ ਰੂਟ ’ਤੇ ਚੱਲ ਰਹੀ ਬੱਸ ਨੂੰ ਕੀਤਾ ਕਾਬੂ; ਚਲਾਣ ਕਟ ਕੇ ਸਬੰਧਤ ਥਾਣੇ ਵਿੱਚ ਬੰਦ ਕਰਵਾਈ ਬੱਸ
ਪਟਿਆਲਾ /ਅਕਤੂਬਰ 26, 2023
ਪੀਆਰਟੀਸੀ ਦੇ ਵਿੱਤੀ ਘਾਟੇ ਨੂੰ ਘੱਟ ਕਰਨ ਲਈ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ 15 ਦਿਨਾਂ ਵਿੱਚ ਲਗਾਤਾਰ ਦੂਜੀ ਵਾਰ ਨਾਜਾਇਜ਼ ਰੂਟ ’ਤੇ ਚੱਲ ਰਹੀ ਬੱਸ ਨੂੰ ਕਾਬੂ ਕੀਤਾ ਹੈ। ਵੀਰਵਾਰ ਨੂੰ ਵਿਭਾਗ ਨੂੰ ਸੂਚਨਾ ਮਿਲੀ ਕਿ ਬਿਨਾਂ ਪਰਮਿਟ ਤੋਂ ਇੱਕ ਪ੍ਰਾਈਵੇਟ ਏਸੀ ਬੱਸ ਆਪਰੇਟਰ ਪਟਿਆਲਾ ਬੱਸ ਸਟੈਂਡ ਦੇ ਬਾਹਰੋਂ ਦਿੱਲੀ ਲਈ ਸਵਾਰੀਆਂ ਨੂੰ ਚੜ੍ਹਾ ਰਿਹਾ ਹੈ। ਜਿਸ ਤੋਂ ਬਾਅਦ ਪੀ.ਆਰ.ਟੀ.ਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਮੌਕੇ ‘ਤੇ ਪਹੁੰਚ ਕੇ ਬੱਸ ਡਰਾਈਵਰ ਤੋਂ ਕਾਗਜਾਤ ਮੰਗੇ ਪਰ ਡਰਾਈਵਰ ਲੋੜੀਂਦੇ ਕਾਗਜਾਤ ਦਿਖਾਉਣ ਅਤੇ ਤਸੱਲੀਬਖਸ਼ ਜਵਾਬ ਦੇਣ ਤੋਂ ਅਸਮਰਥ ਰਿਹਾ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਬੱਸ ਚਾਲਕ ਕੋਲ ਟੂਰਿਸਟ ਪਰਮਿਟ ਸੀ ਅਤੇ ਉਹ ਨਾਜਾਇਜ਼ ਤੌਰ ‘ਤੇ ਪਟਿਆਲਾ ਤੋਂ ਦਿੱਲੀ ਤੱਕ ਸਵਾਰੀਆਂ ਭਰ ਰਿਹਾ ਸੀ, ਜਿਸ ਕਾਰਨ ਬੱਸ ਨੂੰ ਮੌਕੇ ‘ਤੇ ਹੀ ਜ਼ਬਤ ਕਰਵਾ ਦਿੱਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ.ਆਰ.ਟੀ.ਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਦੱਸਿਆ ਕਿ ਇੱਕ ਨਿੱਜੀ ਬੱਸ ਬਿਨਾਂ ਰੂਟ ਪਰਮਿਟ ਤੋਂ ਦਿੱਲੀ ਲਈ ਗੈਰ-ਕਾਨੂੰਨੀ ਢੰਗ ਨਾਲ ਚੱਲਣ ਦੀ ਸੂਚਨਾ ਮਿਲੀ ਸੀ। ਇਸ ਸਬੰਧੀ ਜਦੋਂ ਪੀ.ਆਰ.ਟੀ.ਸੀ ਦੀ ਟੀਮ ਵੱਲੋਂ ਬੱਸ ਦੇ ਸਟਾਫ਼ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਨੂੰ ਟੂਰਿਸਟ ਬੱਸ ਦੱਸ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਬੱਸ ਵਿੱਚ ਬੈਠੀਆਂ ਸਵਾਰੀਆਂ ਤੋਂ ਪੁੱਛਗਿੱਛ ਕਰਨ ‘ਤੇ ਪਤਾ ਲੱਗਾ ਕਿ ਬੱਸ ਵਿੱਚ ਸਵਾਰ ਸਵਾਰੀਆਂ ਪਟਿਆਲਾ ਤੋਂ ਦਿੱਲੀ ਦੇ ਰਸਤੇ ‘ਤੇ ਵੱਖ-ਵੱਖ ਥਾਵਾਂ ‘ਤੇ ਅਤੇ ਪਟਿਆਲਾ ਤੋਂ ਬੱਸ ਪਰਮਿਟ ਦੇ ਉਲਟ ਸਵਾਰੀਆਂ ਨੂੰ ਬਿਠਾਇਆ ਜਾ ਰਿਹਾ ਹੈ। ਜਿਸ ਕਾਰਨ ਸਰਕਾਰੀ ਟਰਾਂਸਪੋਰਟ ਨੂੰ ਆਰਥਿਕ ਨੁਕਸਾਨ ਹੋ ਰਿਹਾ ਹੈ। ਚੇਅਰਮੈਨ ਨੇ ਕਿਹਾ ਕਿ ਪਿਛਲੇ 6 ਤੋਂ 7 ਮਹੀਨਿਆਂ ਦੌਰਾਨ ਪ੍ਰਾਈਵੇਟ ਟਰਾਂਸਪੋਰਟਰਾਂ ਦੀ ਚੱਲ ਰਹੀ ਧੱਕੇਸ਼ਾਹੀ ਨੂੰ ਨੱਥ ਪਾਈ ਗਈ ਹੈ। ਚੇਅਰਮੈਨ ਨੇ ਕਿਹਾ ਕਿ ਹੁਣ ਗੈਰ-ਕਾਨੂੰਨੀ ਬੱਸਾਂ ਚਲਾਉਣ ਵਾਲੇ ਟਰਾਂਸਪੋਰਟਰਾਂ ਨੂੰ ਆਪਣੀ ਮਰਜ਼ੀ ਨਹੀਂ ਕਰਨ ਦਿੱਤੀ ਜਾਵੇਗੀ। ਸਟੇਟ ਟਰਾਂਸਪੋਰਟ ਮੁਤਾਬਿਕ ਬਣਦੇ ਰੂਲਾਂ ਦੇ ਹਿਸਾਬ ਨਾਲ ਬਣਦੀ ਕਾਰਵਾਈ ਕੀਤੀ ਗਈ ਹੈ I ਚਲਾਣ ਕਟ ਕੇ ਸਬੰਧਤ ਥਾਣੇ ਵਿੱਚ ਬੰਦ ਕਰਵਾਈ ਗਈ ਹੈ