ਪੰਜਾਬੀ ਯੂਨੀਵਰਸਿਟੀ ਕੈਂਪਸ ਵਿਚਲੇ ਬੁੱਤਾਂ ਦੀ ਸਿਰਜਣਾ 1980 ਦੇ ਸਿੰਪੋਜ਼ੀਅਮ ਉਪਰੰਤ ਹੋਈ ਸੀ : ਦਲਜੀਤ ਅਮੀ

832

ਪੰਜਾਬੀ ਯੂਨੀਵਰਸਿਟੀ ਕੈਂਪਸ ਵਿਚਲੇ ਬੁੱਤਾਂ ਦੀ ਸਿਰਜਣਾ 1980 ਦੇ ਸਿੰਪੋਜ਼ੀਅਮ ਉਪਰੰਤ ਹੋਈ ਸੀ : ਦਲਜੀਤ ਅਮੀ

ਪਟਿਆਲਾ/ ਅਗਸਤ 4,2023

ਭਾਸ਼ਾਵਾਂ ਨਾਲ਼ ਸੰਬੰਧਤ ਪੰਜ ਸਾਲਾ ਇੰਟੀਗਰੇਟਿਡ ਕੋਰਸਾਂ ਦੇ ਨਵੇਂ ਬੈਚ ਦੇ ਵਿਦਿਆਰਥੀਆਂ ਨੂੰ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਦੇ ਡਾਇਰੈਕਟਰ ਦਲਜੀਤ ਅਮੀ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਵੱਖ-ਵੱਖ ਥਾਵਾਂ ਉੱਤੇ ਸਥਾਪਿਤ ਬੁੱਤਾਂ ਬਾਰੇ ਰੌਚਿਕ ਢੰਗ ਨਾਲ ਜਾਣਕਾਰੀ ਦਿੱਤੀ ਗਈ। ਇਹ ਪ੍ਰੋਗਰਾਮ ਨਵੇਂ ਬੈਚ ਦੇ ਵਿਦਿਆਰਥੀਆਂ ਲਈ ਕਰਵਾਏ ਜਾ ਰਹੇ ਪੰਜ ਦਿਨਾ ਪ੍ਰੋਗਰਾਮ ਦਾ ਹਿੱਸਾ ਸੀ।

ਦਲਜੀਤ ਅਮੀ ਵੱਲੋਂ ਵੱਖ-ਵੱਖ ਅਮੂਰਤ ਵਿਸਿ਼ਆਂ ਦੀ ਪ੍ਰਤੀਨਿਧਤਾ ਕਰਦੇ ਇਨ੍ਹਾਂ ਬੁੱਤਾਂ ਦੇ ਹਵਾਲੇ ਨਾਲ਼ ਗੱਲ ਕਰਦਿਆਂ ਜਿੱਥੇ ਇੱਕ ਪਾਸੇ ਇਨ੍ਹਾਂ ਬੁੱਤਾਂ ਦੀ ਸਥਾਪਨਾ, ਸਥਾਪਨਾ ਦਾ ਇਤਿਹਾਸ, ਬੁੱਤਸਾਜ਼ੀ ਦੀ ਕਲਾ ਦੀਆਂ ਵੱਖ-ਵੱਖ ਸ਼ੈਲੀਆਂ ਆਦਿ ਬਾਰੇ ਗੱਲ ਕੀਤੀ ਉੱਥੇ ਹੀ ਉਨ੍ਹਾਂ ਅਦਾਰੇ ਦੀ ਬਿਹਤਰੀ ਅਤੇ ਸਲਾਹੀਅਤ ਦੇ ਹੁਨਰ ਜਿਹੇ ਵਿਸਿ਼ਆਂ ਬਾਰੇ ਵੀ ਇਸ਼ਾਰਤਨ ਗੱਲਾਂ  ਕੀਤੀਆਂ। ਉਨ੍ਹਾਂ ਆਪਣੇ ਸੰਵਾਦ ਦੇ ਘੇਰੇ ਵਿੱਚ ਯੂਨੀਵਰਸਿਟੀ ਵਿਖੇ ਪੜ੍ਹਾਏ ਜਾਂਦੇ ਵਿਸ਼ਿਆਂ, ਸੰਗੀਤ, ਕਲਾਵਾਂ ਨੂੰ ਸ਼ਾਮਿਲ ਕੀਤਾ।

ਯੂਨੀਵਰਸਿਟੀ ਕੈਂਪਸ ਵਿਚਲੀ ਬੁੱਤਸਾਜ਼ੀ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ 1980 ਦੌਰਾਨ ਪੰਜਾਬੀ ਯੂਨੀਵਰਸਿਟੀ ਵਿਖੇ ਬੁੱਤਸਾਜ਼ੀ ਨਾਲ਼ ਸੰਬੰਧਤ ਇੱਕ ਵਿਸ਼ੇਸ਼ ਸਿੰਪੋਜ਼ੀਅਮ ਕਰਵਾਇਆ ਗਿਆ ਸੀ ਜਿਸ ਵਿੱਚ ਚਾਰ ਨਾਮੀ ਬੁੱਤਸਾਜ਼ ਯੂਰਪ ਤੋਂ, ਇੱਕ ਨਾਮੀ ਬੁੱਤਸਾਜ਼ ਜਪਾਨ ਤੋਂ ਪਹੁੰਚੇ ਹੋਣ ਤੋਂ ਇਲਾਵਾ ਭਾਰਤ ਦੇ ਵੱਖ-ਵੱਖ ਭਾਗਾਂ ਤੋਂ ਬੁੱਤਸਾਜ਼ਾਂ ਨੇ ਸਿ਼ਰਕਤ ਕੀਤੀ ਸੀ। ਇਸ ਸਿੰਪੋਜ਼ੀਅਮ ਉਪਰੰਤ ਇਨ੍ਹਾਂ ਸਾਰੇ ਬੁੱਤਸਾਜ਼ਾਂ ਨੇ ਪੰਜਾਬੀ ਯੂਨੀਵਰਸਿਟੀ ਕੈਂਪਸ ਲਈ ਆਪਣੀਆਂ ਇਹ ਕਲਾਕ੍ਰਿਤਾਂ ਸਿਰਜੀਆਂ ਸਨ।

ਦਲਜੀਤ ਅਮੀ ਨੇ ਆਪਣੀ ਇਹ ਸਮੁੱਚੀ ਗੱਲਬਾਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਤੋਂ ਪ੍ਰੋ. ਕਵਿਤਾ ਸਿੰਘ, ਜੋੋ ਪੰਜਾਬੀ ਮੂਲ ਦੇ ਸਨ ਅਤੇ ਹਾਲ ਵਿੱਚ ਪ੍ਰਾਣ ਤਿਆਗ ਗਏ ਹਨ, ਨੂੰ ਸਮਰਪਿਤ ਕੀਤੀ।

ਪੰਜਾਬੀ ਯੂਨੀਵਰਸਿਟੀ ਕੈਂਪਸ ਵਿਚਲੇ ਬੁੱਤਾਂ ਦੀ ਸਿਰਜਣਾ 1980 ਦੇ ਸਿੰਪੋਜ਼ੀਅਮ ਉਪਰੰਤ ਹੋਈ ਸੀ : ਦਲਜੀਤ ਅਮੀ

ਉਨ੍ਹਾਂ ਗੱਲਬਾਤ ਦੌਰਾਨ ਦੱਸਿਆ ਕਿ ਕਿਸ ਤਰ੍ਹਾਂ ਮੋਗਾ ਵਿੱਚ ਟਰੱਕਾਂ ਨੂੰ ਬਾਡੀ ਲਗਾਉਣ ਵਾਲਾ ਅਵਤਾਰ ਸਿੰਘ ਨਾਮ ਦਾ ਸ਼ਖ਼ਸ ਇੱਕ ਬੁੱਤਸਾਜ਼ ਬਣਦਾ ਹੈ ਅਤੇ ਫਿਰ ਲੰਡਨ ਵਿੱਚ ਜਾ ਕੇ ਇੱਕ ਹੋਰ ਨਾਮੀ ਬੁੱਤਸਾਜ਼ ਪੀਟਰ ਫਿੰਕ ਦੇ ਸੰਪਰਕ ਵਿੱਚ ਆਉਂਦਾ ਹੈ ਅਤੇ ਇਸ ਉਪਰੰਤ ਦੋਹਾਂ ਦੀਆਂ ਕਲਾਕ੍ਰਿਤਾਂ ਯੂਨੀਵਰਸਿਟੀ ਕੈਂਪਸ ਦਾ ਸਿ਼ੰਗਾਰ ਬਣਦੀਆਂ ਹਨ। ਆਪਣੀ ਇਸ ਗੱਲਬਾਤ ਦੌਰਾਨ ਉਨ੍ਹਾਂ ਸਿਰਫ਼ ਇਨ੍ਹਾਂ ਬੁੱਤਾਂ ਦੀ ਸਥਾਪਨਾ ਦੇ ਇਤਿਹਾਸ ਬਾਰੇ ਹੀ ਗੱਲਾਂ ਨਹੀਂ ਕੀਤੀਆਂ ਬਲਕਿ ਇਨ੍ਹਾਂ ਵੱਖ-ਵੱਖ ਬੁੱਤਾਂ ਦੀ ਸਥਾਪਨਾ ਅਤੇ ਸਿਰਜਣਾ ਦੇ ਮੰਤਵ ਬਾਰੇ ਗੱਲ ਕਰਦਿਆਂ ਇਨ੍ਹਾਂ ਦੇ ਸੰਕੇਤਕ ਅਤੇ ਲੁਕਵੇਂ ਅਰਥਾਂ ਦੀਆਂ ਵੱਖ-ਵੱਖ ਪਰਤਾਂ ਨੂੰ ਉਘਾੜਿਆ। ਉਨ੍ਹਾਂ ਦੱਸਿਆ ਕਿ ਉੱਤਰ-ਬਸਤੀਵਾਦੀ ਦੌਰ ਵਿੱਚ ਬੁੱਤਸਾਜ਼ੀ ਨਾਲ਼ ਜੁੜੇ ਸਿਰਜਕ ਇਸ ਕਲਾ ਨੂੰ ਗੈਲਰੀਆਂ ਅਤੇ ਅਜਾਇਬਘਰਾਂ ਤੋਂ ਅਜ਼ਾਦ ਕਰਵਾ ਕੇ ਕੈਂਪਸ ਜਿਹੀਆਂ ਖੁੱਲ੍ਹੀਆਂ ਜਨਤਕ ਥਾਵਾਂ ਉੱਤੇ ਲਿਆਉਣਾ ਚਾਹੁੰਦੇ ਸਨ ਤਾਂ ਕਿ ਇਨ੍ਹਾਂ ਦੇ ਪ੍ਰਭਾਵ ਅਤੇ ਪਹੁੰਚ ਦਾ ਦਾਇਰਾ ਵਸੀਹ ਹੋਵੇ। ਉਹ ਇਸ ਕਲਾ ਨੂੰ ਅਵਾਮੀ ਕਲਾ ਵਜੋਂ ਸਥਾਪਿਤ ਕਰਨ ਦੇ ਇੱਛੁੱਕ ਸਨ।

ਇਸ ਗੱਲਬਾਤ ਦੌਰਾਨ ਉਨ੍ਹਾਂ ਕਲਾ ਅਤੇ ਗਿਆਨ ਦੀ ਦੁਨੀਆਂ ਬਾਰੇ ਬਹੁਤ ਸਾਰੀਆਂ ਅਹਿਮ ਟਿੱਪਣੀਆਂ ਕੀਤੀਆਂ। ਜਪਾਨ ਨਾਲ਼ ਸੰਬੰਧਤ ਬੁੱਤਸਾਜ਼ ਵੱਲੋਂ ਬਣਾਈ ਕਲਾਕ੍ਰਿਤ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਿਸੇ ਸਮੇਂ ਧੜੱਲੇ ਨਾਲ ਵਿਚਰਦੇ ਰਹੇ ਜਪਾਨ ਦੀ ਲੋਕਾਈ ਵਿੱਚ ਹੀਰੋਸ਼ੀਮਾ ਅਤੇ ਨਾਗਾਸਾਕੀ ਨੂੰ ਆਪਣੇ ਪਿੰਡੇ ਉੱਤੇ ਝੱਲਣ ਤੋਂ ਬਾਅਦ ਸੋਚਣ ਅਤੇ ਸਿਰਜਣ ਪੱਖੋਂ ਕਿਸ ਤਰ੍ਹਾਂ ਦੀਆਂ ਤਬਦੀਲੀਆਂ ਵਾਪਰੀਆਂ ਹਨ, ਇਸ ਬਾਰੇ ਵੀ ਉਨ੍ਹਾਂ ਦੀਆਂ ਕਲਾਕ੍ਰਿਤਾਂ ਵਿੱਚ ਮਹਿਸੂਸ ਕੀਤਾ ਜਾਣਾ ਚਾਹੀਦਾ ਹੈ।

ਇਸੇ ਤਰ੍ਹਾਂ ਉਨ੍ਹਾਂ ਇੱਕ ਹੋਰ ਟਿੱਪਣੀ ਦੌਰਾਨ ਕਲਾ ਦੀ ਫਿ਼ਤਰਤ ਬਾਰੇ ਗੱਲ ਕਰਦਿਆਂ ਕਿਹਾ ਕਿ ਕਲਾ ਨੇ ਤੁਹਾਡੇ ਜਿ਼ਹਨ ਵਿੱਚ ਤੈਰਦੇ ਕਿਸੇ ਖਿ਼ਆਲ, ਅਹਿਸਾਸ ਜਾਂ ਵਿਚਾਰ ਨੂੰ ਨੁਮਾਇੰਦਗੀ ਦੇਣੀ ਹੁੰਦੀ ਹੈ।

ਯੂਨੀਵਰਸਿਟੀ ਦੇ ਸੰਕਲਪ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਉਹ ਥਾਂ ਹੁੰਦੀ ਹੈ ਜੋ ਜਿੱਥੇ ਇਸ ਤਰ੍ਹਾਂ ਦੀਆਂ ਕਲਾਵਾਂ ਅਤੇ ਗਿਆਨ ਪ੍ਰਤੀ ਸਾਡੇ ਅੰਦਰ ਸਲਾਹੀਅਤ ਦਾ ਹੁਨਰ ਪੈਦਾ ਕਰਦੀ ਹੈ ਅਤੇ ਉੱਥੇ ਹੀ ਜਿ਼ੰਦਗੀ ਦੇ ਵੱਖ-ਵੱਖ ਖੇਤਰਾਂ ਦੀਆਂ ਪੇਚੀਦਗੀਆਂ ਨੂੰ ਖੋਲ੍ਹਣ ਦਾ ਵੱਲ ਸਿਖਾਉਂਦੀ ਹੈ।

ਇਸ ਸਮੁੱਚੀ ਗੱਲਬਾਤ ਦਾ ਸਿਖਰ ਆਰਟ ਗੈਲਰੀ ਵਿਖੇ ਹੋਇਆ ਜਿੱਥੇ ਮਰਹੂਮ ਪ੍ਰੋ. ਕਵਿਤਾ ਸਿੰਘ ਬਾਰੇ ਦੋ ਵੀਡੀਓ ਵੀ ਵਿਖਾਈਆਂ ਗਈਆਂ। ਸ੍ਰ. ਸੋਭਾ ਸਿੰਘ ਕੋਮਲ ਕਲਾਵਾਂ ਵਿਭਾਗ ਤੋਂ ਡਾ. ਕਵਿਤਾ ਵੱਲੋਂ ਵੀ ਇਸ ਮੌਕੇ ਸੰਬੋਧਨ ਕੀਤਾ ਗਿਆ।

ਪੰਜਾਬੀ ਯੂਨੀਵਰਸਿਟੀ ਕੈਂਪਸ ਵਿਚਲੇ ਬੁੱਤਾਂ ਦੀ ਸਿਰਜਣਾ 1980 ਦੇ ਸਿੰਪੋਜ਼ੀਅਮ ਉਪਰੰਤ ਹੋਈ ਸੀ : ਦਲਜੀਤ ਅਮੀ

ਪੰਜਾਬੀ ਯੂਨੀਵਰਸਿਟੀ ਕੈਂਪਸ ਵਿਚਲੇ ਬੁੱਤਾਂ ਦੀ ਸਿਰਜਣਾ 1980 ਦੇ ਸਿੰਪੋਜ਼ੀਅਮ ਉਪਰੰਤ ਹੋਈ ਸੀ : ਦਲਜੀਤ ਅਮੀI ਇਸ ਗੱਲਬਾਤ ਦੌਰਾਨ ਭਾਸ਼ਾਵਾਂ ਸੰਬੰਧੀ ਪੰਜ ਸਾਲਾ ਏਕੀਕ੍ਰਿਤ ਕੋਰਸ ਦੇ ਕੋਆਰਡੀਨੇਟਰ ਡਾ. ਸੁਰਜੀਤ ਸਿੰਘ ਵੀ ਸਾਰੀਆਂ ਥਾਵਾਂ ਉੱਤੇ ਵਿਦਿਆਰਥੀਆਂ ਦੇ ਨਾਲ਼ ਮੌਜੂਦ ਰਹੇ। ਯੁਵਕ ਭਲਾਈ ਵਿਭਾਗ ਤੋਂ ਕਲਾਕਾਰ ਵਿਜੇ ਯਮਲਾ ਦੀਆਂ ਪੇਸ਼ਕਾਰੀਆਂ ਨੇ ਇਸ ਗੱਲਬਾਤ ਵਿੱਚ ਸੰਗੀਤਕ ਰੰਗ ਭਰਿਆ।