ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕਾਂ ਦੇ ਇੱਕ ਵਫ਼ਦ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੁਲਾਕਾਤ ਕੀਤੀ
ਚੰਡੀਗੜ੍ਹ /ਫਰਵਰੀ 17,2023
ਅੱਜ ਮਿਤੀ 17.02.2023 ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਧਿਆਪਕਾਂ ਦੇ ਇੱਕ ਵਫ਼ਦ ਨੇ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ।
ਇਸ ਮੁਲਾਕਾਤ ਦੌਰਾਨ ਯੂਨੀਵਰਸਿਟੀ ਦੀ ਮੌਜੂਦਾ ਵਿੱਤੀ ਸਥਿਤੀ ਨੂੰ ਬਹੁਤ ਗੰਭੀਰਤਾ ਨਾਲ ਵਿਚਾਰਿਆ ਗਿਆ। ਵਫ਼ਦ ਨੇ ਮਾਨਯੋਗ ਵਿੱਤ ਮੰਤਰੀ ਨੂੰ ਦੱਸਿਆ ਕਿ ਯੂਨੀਵਰਸਿਟੀ ਸਟਾਫ਼ ਨੂੰ ਸਮੇਂ ਸਿਰ ਤਨਖਾਹ ਨਾ ਮਿਲਣ ਕਾਰਨ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਕਰਮਚਾਰੀਆਂ ਦੀਆਂ ਤਨਖਾਹਾਂ ਅਕਸਰ ਹੀ 2 ਤੋਂ 3 ਮਹੀਨੇ ਦੀ ਦੇਰੀ ਨਾਲ ਮਿਲਦੀਆਂ ਹਨ। ਵਫ਼ਦ ਵਲੋਂ ਇਹ ਮੰਗ ਕੀਤੀ ਗਈ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਤੁਰੰਤ ਘੱਟੋ-ਘੱਟ 70 ਕਰੋੜ ਰੁਪਏ ਦੀ ਅਤਿਰਿਕਤ ਮਾਲੀ ਇਮਦਾਦ ਜ਼ਾਰੀ ਕੀਤੀ ਜਾਵੇ ਤਾਂ ਜੋ ਯੂਨੀਵਰਸਿਟੀ 31 ਮਾਰਚ, 2023 ਤੱਕ ਦੀ ਤਨਖਾਹ ਮੁਲਾਜ਼ਮਾਂ ਨੂੰ ਦੇ ਸਕੇ।
ਇਸ ਤੋਂ ਇਲਾਵਾ ਅਗਲੇ ਵਿੱਤੀ ਸਾਲ 2023-24 ਲਈ ਪੰਜਾਬ ਸਰਕਾਰ ਦੇ ਬਜਟ ਵਿੱਚ ਘੱਟੋ-ਘੱਟ 360 ਕਰੋੜ ਰੁਪਏ ਦੀ ਗ੍ਰਾਂਟ ਦਾ ਪ੍ਰਬੰਧ ਕੀਤਾ ਜਾਵੇ, ਜੋ ਕਿ ਚਾਲੂ ਵਿੱਤੀ ਸਾਲ ਵਿਚ 200 ਕਰੋੜ ਰੁਪਏ ਹੈ। ਚਾਲੂ ਵਿੱਤੀ ਸਾਲ ਦੌਰਾਨ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਕਰਮਚਾਰੀਆਂ ਦੀਆਂ ਤਨਖਾਹਾਂ ਦੀ ਰਵੀਜ਼ਨ ਨਵੇਂ ਪੇ ਸਕੇਲਾਂ ਅਨੁਸਾਰ ਕਰ ਦਿੱਤੀ ਗਈ ਹੈ।
ਇਹ ਮੁਲਾਕਾਤ ਬਹੁਤ ਹੀ ਸੁਖਾਵੇਂ ਅਤੇ ਢੁਕਵੇਂ ਮਾਹੌਲ ਵਿੱਚ ਹੋਈ। ਮਾਨਯੋਗ ਵਿੱਤ ਮੰਤਰੀ ਵਲੋਂ ਵਫ਼ਦ ਵਲੋਂ ਉਠਾਏ ਮੁੱਦਿਆਂ ਨੂੰ ਬਹੁਤ ਹੀ ਧਿਆਨ ਨਾਲ ਸੁਣਿਆ ਅਤੇ ਵਿਸ਼ਵਾਸ਼ ਦਿਵਾਇਆ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਯੂਨੀਵਰਸਿਟੀ ਨਾਲ ਖੜੀ ਹੈ ਅਤੇ ਇਹ ਯੂਨੀਵਰਸਿਟੀ ਦਾ ਪੰਜਾਬ ਦੀ ਉਚੇਰੀ ਸਿੱਖਿਆ ਵਿਚ ਇਕ ਵਡਮੁੱਲਾ ਯੋਗਦਾਨ ਹੈ। ਪੰਜਾਬ ਸਰਕਾਰ ਵਲੋਂ ਯੂਨੀਵਰਸਿਟੀ ਦੀ ਹਰ ਸੰਭਵ ਵਿੱਤੀ ਮੱਦਦ ਕੀਤੀ ਜਾਵੇਗੀ।
ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕਾਂ ਦੇ ਇੱਕ ਵਫ਼ਦ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੁਲਾਕਾਤ ਕੀਤੀI ਇਸ ਮੌਕੇ ਮੁੱਖ ਮੰਤਰੀ ਪੰਜਾਬ ਦੇ ਓ.ਐਸ.ਡੀ. ਮਨਜੀਤ ਸਿੰਘ ਸਿੱਧੂ, ਜੋ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਿਦਿਆਰਥੀ ਰਹੇ ਹਨ, ਵੀ ਹਾਜ਼ਰ ਸਨ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਤ ਵਿੱਤ ਅਤੇ ਹੋਰ ਮੁੱਦੇ ਮਾਣਯੋਗ ਮੁੱਖ ਮੰਤਰੀ ਪੰਜਾਬ ਹੋਰਾਂ ਕੋਲ ਵੀ ਉਠਾਉਣ ਅਤੇ ਇਨ੍ਹਾਂ ਦੇ ਸੰਭਵ ਹੱਲ ਲਈ ਵੀ ਭਰੋਸਾ ਦਵਾਇਆ।
ਇਸ ਉਪਰੰਤ ਵਫ਼ਦ ਨੇ ਸਮਾਂ ਦੇਣ ਲਈ ਵਿੱਤ ਮੰਤਰੀ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਇਹ ਹੋਰ ਵੀ ਬਿਹਤਰ ਹੋਵੇਗਾ ਕਿ ਉਹ ਇਹ ਗ੍ਰਾਂਟ ਨੂੰ ਜਲਦ ਤੋਂ ਜਲਦ ਪੰਜਾਬ ਸਰਕਾਰ ਵਲੋਂ ਮੰਨਜ਼ੂਰ ਕਰਵਾ ਕੇ ਯੂਨੀਵਰਸਿਟੀ ਵਿਖੇ ਆ ਕੇ ਇਸ ਦਾ ਐਲਾਨ ਕਰਨ।
ਇਸ ਵਫ਼ਦ ਵਿੱਚ ਡਾ. ਜਸਵਿੰਦਰ ਸਿੰਘ ਬਰਾੜ (ਸਾਬਕਾ ਪ੍ਰਧਾਨ, ਪੂਟਾ) ਅਰਥ-ਵਿਗਿਆਨ ਵਿਭਾਗ,ਡਾ. ਗੁਰਮੁਖ ਸਿੰਘ, ਪੰਜਾਬੀ ਵਿਭਾਗ, ਡਾ. ਸਰਬਜੀਤ ਸਿੰਘ ਬਰਾੜ, ਅੰਕੜਾ ਵਿਗਿਆਨ ਵਿਭਾਗ, ਡਾ. ਅਵਨੀਤ ਪਾਲ ਸਿੰਘ, (ਸਾਬਕਾ ਸਕੱਤਰ, ਪੂਟਾ) ਬਾਟਨੀ ਵਿਭਾਗ, ਅਤੇ ਮੌਜੂਦਾ ਮੈਂਬਰ ਪੂਟਾ ਕਾਰਜਕਾਰਨੀ ਡਾ. ਗੁਲਸ਼ਨ ਬਾਂਸਲ, ਫਾਰਮੇਸੀ ਵਿਭਾਗ ਅਤੇ ਡਾ. ਰਾਕੇਸ਼ ਕੁਮਾਰ, ਮੈਥੇਮੈਟਿਕਸ ਵਿਭਾਗ ਸ਼ਾਮਲ ਸਨ।