ਪੰਜਾਬੀ ਯੂਨੀਵਰਸਿਟੀ ਵਿੱਚ ਖੁਸ਼ੀ ਦਾ ਮਾਹੌਲ-ਲੰਬੇ ਅਰਸੇ ਬਾਅਦ ਯੂਨੀਵਰਸਿਟੀ ਵਿਖੇ ਸਾਰੀਆਂ ਬਕਾਇਆ ਤਨਖਾਹਾਂ ਅਤੇ ਪੈਨਸ਼ਨਾਂ ਜਾਰੀ

2869

ਪੰਜਾਬੀ ਯੂਨੀਵਰਸਿਟੀ ਵਿੱਚ ਖੁਸ਼ੀ ਦਾ ਮਾਹੌਲ-ਲੰਬੇ ਅਰਸੇ ਬਾਅਦ ਯੂਨੀਵਰਸਿਟੀ ਵਿਖੇ ਸਾਰੀਆਂ ਬਕਾਇਆ ਤਨਖਾਹਾਂ ਅਤੇ ਪੈਨਸ਼ਨਾਂ ਜਾਰੀ

ਪਟਿਆਲਾ/ 24 ਅਪ੍ਰੈਲ, 2023

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਮੂਹ ਕਰਮਚਾਰੀਆਂ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ ਕਿਓਂਕਿ ਸਾਰੇ ਕਰਮਚਾਰੀਆਂ ਦੀ ਹੁਣ ਤੱਕ ਦੀ ਸਾਰੀ ਤਨਖਾਹ ਖਾਤਿਆਂ ਵਿੱਚ ਆ ਚੁੱਕੀ ਹੈ।

ਰਜਿਸਟਰਾਰ ਡਾ. ਨਵਜੋਤ ਕੌਰ ਨੇ ਇਸ ਸੰਬੰਧੀ ਗੱਲ ਕਰਦਿਆਂ ਦੱਸਿਆ ਕਿ ਹੁਣ ਕਿਸੇ ਵੀ ਕਰਮਚਾਰੀ ਦੀ ਕੋਈ ਵੀ ਤਨਖਾਹ ਬਕਾਇਆ ਨਹੀਂ ਹੈ। ਉਨ੍ਹਾਂ ਦੱਸਿਆ ਕਿ ਲੋੜੀਂਦੇ ਫੰਡਾਂ ਦੀ ਘਾਟ ਕਾਰਨ ਪਿਛਲੇ ਲੰਬੇ ਸਮੇਂ ਤੋਂ ਤਨਖਾਹਾਂ ਬਕਾਇਆ ਚਲਦੀਆਂ ਆ ਰਹੀਆਂ ਸਨ। ਹੁਣ ਜਿਉਂ ਹੀ ਪੰਜਾਬ ਸਰਕਾਰ ਵੱਲੋਂ ਆਪਣੇ ਵਾਅਦੇ ਅਨੁਸਾਰ ਪਹਿਲੀ ਤਿਮਾਹੀ ਦੀ ਗ੍ਰਾਂਟ ਜਾਰੀ ਕੀਤੀ ਤਾਂ ਯੂਨੀਵਰਸਿਟੀ ਕੋਲ ਲੋੜੀਂਦੇ ਫੰਡ ਉਪਲੱਬਧ ਹੋ ਗਏ ਜਿਸ ਨਾਲ ਬਕਾਇਆ ਤਨਖਾਹਾਂ ਦਾ ਬੈਕਲਾਗ ਕਲੀਅਰ ਕਰ ਦਿੱਤਾ ਗਿਆ।

ਵਾਇਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਸਾਨੂੰ ਇਸ ਸੰਬੰਧੀ ਪੰਜਾਬ ਸਰਕਾਰ ਦੇ ਧੰਨਵਾਦੀ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਆਪਣਾ ਵਾਅਦਾ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਅਜਿਹੇ ਕਦਮ ਤੋਂ ਸਰਕਾਰ ਦੀ ਉਚੇਰੀ ਸਿੱਖਿਆ ਦੇ ਖੇਤਰ ਸੰਬੰਧੀ ਤਰਜੀਹ ਦਾ ਸਪਸ਼ਟ ਅੰਦਾਜ਼ਾ ਲੱਗ ਜਾਂਦਾ ਹੈ।

ਪੰਜਾਬੀ ਯੂਨੀਵਰਸਿਟੀ ਵਿੱਚ ਖੁਸ਼ੀ ਦਾ ਮਾਹੌਲ-ਲੰਬੇ ਅਰਸੇ ਬਾਅਦ ਯੂਨੀਵਰਸਿਟੀ ਵਿਖੇ ਸਾਰੀਆਂ ਬਕਾਇਆ ਤਨਖਾਹਾਂ ਅਤੇ ਪੈਨਸ਼ਨਾਂ ਜਾਰੀ I ਯੂਨੀਵਰਸਿਟੀ ਦੇ ਵੱਖ-ਵੱਖ ਕਰਮਚਾਰੀਆਂ ਵੱਲੋਂ ਇਸ ਸੰਬੰਧੀ ਆਪਣੇ ਖੁਸ਼ੀ ਵਾਲ਼ੇ ਅਨੁਭਵ ਸਾਂਝੇ ਕੀਤੇ ਗਏ।

ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ ਦੇ ਪ੍ਰਧਾਨ ਡਾ. ਨਿਸ਼ਾਨ ਸਿੰਘ ਦਿਓਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਹਿਰਦ ਉਪਰਾਲੇ ਕਰਨ ਅਜਿਹਾ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਹੁਣ ਯੂਨੀਵਰਸਿਟੀ ਦੇ ਸਾਰੇ ਕਰਮਚਾਰੀਆਂ ਦਾ ਫਰਜ਼ ਹੈ ਕਿ ਉਹ ਯੂਨੀਵਰਸਿਟੀ ਨੂੰ ਹੋਰ ਉੱਚਾ ਚੁੱਕਣ ਲਈ ਨਿੱਠ ਕੇ ਕੰਮ ਕਰਨ।

ਪੰਜਾਬੀ ਯੂਨੀਵਰਸਿਟੀ ਵਿੱਚ ਖੁਸ਼ੀ ਦਾ ਮਾਹੌਲ-ਲੰਬੇ ਅਰਸੇ ਬਾਅਦ ਯੂਨੀਵਰਸਿਟੀ ਵਿਖੇ ਸਾਰੀਆਂ ਬਕਾਇਆ ਤਨਖਾਹਾਂ ਅਤੇ ਪੈਨਸ਼ਨਾਂ ਜਾਰੀ
Punjabi University

ਕਵਲਪ੍ਰੀਤ ਸਿੰਘ, ਜੋ ਕਿ ਲੋਕ ਸੰਪਰਕ ਵਿਭਾਗ ਵਿੱਚ ਕੰਮ ਕਰਦੇ ਹਨ, ਨੇ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਆਉਂਦੀ 30 ਅਪ੍ਰੈਲ ਨੂੰ ਯੂਨੀਵਰਸਿਟੀ ਦਾ ਸਥਾਪਨਾ ਦਿਹਾੜਾ ਆ ਰਿਹਾ ਹੈ ਤਾਂ ਇਸ ਗੱਲ ਨੂੰ ਯੂਨੀਵਰਸਿਟੀ ਲਈ ਇੱਕ ਤੋਹਫ਼ੇ ਵਾਂਗ ਵੀ ਸਮਝਿਆ ਜਾ ਸਕਦਾ ਹੈ।

ਯੂਨੀਵਰਸਿਟੀ ਦੇ ਵਿੱਤ ਵਿਭਾਗ ਵਿਖੇ ਚੈੱਕ ਸੈਕਸ਼ਨ ਵਿੱਚ ਕੰਮ ਕਰਦੇ ਕਰਮਚਾਰੀ ਜਤਿੰਦਰ ਸਿੰਘ ਨੇ ਇਸ ਸੰਬੰਧੀ ਖੁਸ਼ਨੁਮਾ ਅਨੁਭਵ ਸਾਂਝਾ ਕਰਦਿਆਂ ਦੱਸਿਆ ਕਿ ਲੰਬੇ ਸਮੇਂ ਬਾਅਦ ਅਜਿਹਾ ਸੰਭਵ ਹੋ ਸਕਿਆ ਹੈ ਜਦੋਂ ਚੈੱਕ ਸੈਕਸ਼ਨ ਵੱਲੋਂ ਸਾਰੇ ਕਰਮਚਾਰੀਆਂ ਦੀਆਂ ਸਾਰੀਆਂ ਬਕਾਇਆ ਤਨਖਾਹਾਂ ਜਾਰੀ ਕੀਤੀਆਂ ਗਈਆਂ ਹੋਣ। ਉਨ੍ਹਾਂ ਦੱਸਿਆ ਕਿ ਅਕਸਰ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਦਾ ਉਨ੍ਹਾਂ ਨੂੰ ਅਤੇ ਇਸੇ ਸੈਕਸ਼ਨ ਦੇ ਹੋਰ ਸਹਿਕਰਮੀਆਂ ਨੂੰ ਫ਼ੋਨ ਆਉਂਦਾ ਸੀ ਜੋ ਆਪਣੀ ਬਕਾਇਆ ਤਨਖਾਹ ਦੀ ਸਥਿਤੀ ਬਾਰੇ ਗੱਲ ਜਾਣਨਾ ਚਾਹੁੰਦੇ ਹੁੰਦੇ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਹ ਕਹਿਣਾ ਬਹੁਤ ਔਖਾ ਲਗਦਾ ਸੀ ਕਿ ਹਾਲੇ ਬਕਾਇਆ ਨਹੀਂ ਜਾਰੀ ਹੋ ਰਹੀ। ਹੁਣ ਜਦੋਂ ਸਾਰੀਆਂ ਬਕਾਇਆ ਤਨਖ਼ਾਹਾਂ ਜਾਰੀ ਹੋ ਚੁੱਕੀਆਂ ਹਨ ਤਾਂ ਇਹ ਆਪਣੇ ਆਪ ਵਿੱਚ ਇੱਕ ਸੁਖਦ ਅਹਿਸਾਸ ਹੈ।

ਈ. ਐੱਮ.ਆਰ.ਸੀ. ਵਿਖੇ ਕਾਰਜਸ਼ੀਲ ਮੰਜੂ ਰਾਣੀ ਨੇ ਕਿਹਾ ਕਿ ਜਦ ਤਨਖਾਹ ਇਸ ਤਰ੍ਹਾਂ ਸਮੇਂ ਸਿਰ ਮਿਲ ਰਹੀ ਹੋਵੇ ਤਾਂ ਕੰਮ ਕਰਨ ਲਈ ਚਾਅ ਵੀ ਦੁੱਗਣਾ ਹੁੰਦਾ ਹੈ।

ਹੋਰ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਵੱਲੋਂ ਵੀ ਖੁਸ਼ੀ ਸਾਂਝੀ ਕਰਦਿਆਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ ਜਿਸ ਵੱਲੋਂ ਜਾਰੀ ਗਰਾਂਟ ਸਦਕਾ ਇਹ ਸਭ ਸੰਭਵ ਹੋਇਆ ਹੈ।