ਪੰਜਾਬੀ ਯੂਨੀਵਰਸਿਟੀ ਵੱਲੋਂ ਵੱਡੀ ਕਾਰਵਾਈ-ਇੱਕ ਕਰਮਚਾਰੀ ਫੌਰੀ ਨੌਕਰੀ ਤੋਂ ਬਰਖ਼ਾਸਤ ਅਤੇ ਇੱਕ ਨੂੰ ਮੁਅੱਤਲ ਕਰ ਦਿੱਤਾ

6083

ਪੰਜਾਬੀ ਯੂਨੀਵਰਸਿਟੀ ਵੱਲੋਂ ਵੱਡੀ ਕਾਰਵਾਈ-ਇੱਕ ਕਰਮਚਾਰੀ ਫੌਰੀ ਨੌਕਰੀ ਤੋਂ ਬਰਖ਼ਾਸਤ ਅਤੇ ਇੱਕ ਨੂੰ ਮੁਅੱਤਲ ਕਰ ਦਿੱਤਾ

ਪਟਿਆਲਾ /ਫਰਵਰੀ 3,2023

ਗਿ੍ੑਫਤਾਰੀ ਅਤੇ ਅਖ਼ਬਾਰਾਂ ਵਿਚ ਨਾਮ ਆਉਣ ਤੋਂ ਤੁਰੰਤ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਲਜ਼ਾਮਾਂ ਦੇ ਘੇਰੇ ਵਿੱਚ ਆਏ ਇੱਕ ਕਰਮਚਾਰੀ ਨੂੰ ਫੌਰੀ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ ਅਤੇ ਇੱਕ ਨੂੰ ਮੁਅੱਤਲ ਕਰ ਦਿੱਤਾ ਹੈ। ਪਰਵਿੰਦਰ ਕੌਰ ਅਤੇ ਚਰਨਵੀਰ ਸਿੰਘ ਨਾਮ ਦੇ ਇਹ ਦੋਨੋਂ ਕਰਮਚਾਰੀ ਪਤੀ-ਪਤਨੀ ਹਨ। ਰਜਿਸਟਰਾਰ ਦਫ਼ਤਰ ਵੱਲੋਂ ਜਾਰੀ ਪੱਤਰ ਅਨੁਸਾਰ ਪਰਵਿੰਦਰ ਕੌਰ ਨੂੰ ਮੁਅੱਤਲ ਕੀਤਾ ਗਿਆ ਹੈ ਜਦੋਂ ਕਿ ਚਰਨਵੀਰ ਸਿੰਘ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਜਿ਼ਲ੍ਹਾ ਐੱਸ.ਏ.ਐੱਸ. ਨਗਰ ਮੋਹਾਲੀ ਦੇ ਥਾਣਾ ਸੋਹਾਣਾ ਤੋਂ ਮੁੱਖ ਅਫਸਰ ਵਿੱਚ ਦਰਜ ਐੱਫ.ਆਈ.ਆਰ. ਨੰਬਰ 32 ਮਿਤੀ 28 ਜਨਵਰੀ 2023 ਦੇ ਹਵਾਲੇ ਨਾਲ਼ ਖੁਲਾਸਾ ਕੀਤਾ ਗਿਆ ਹੈ ਕਿ ਪੁਲਿਸ ਵੱਲੋਂ ਨਵਜਾਤ ਬੱਚੇ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਯੂਨੀਵਰਸਿਟੀ ਦੇ ਇਹ ਦੋਨੋਂ ਕਰਮਚਾਰੀ ਵੀ ਸ਼ਾਮਿਲ ਹਨ ਜਿਨ੍ਹਾਂ ਕੋਲ਼ੋਂ ਪੰਜ ਦਿਨ ਦੀ ਨਵਜਾਤ ਬੱਚੀ ਬਰਾਮਦ ਕੀਤੇ ਹੋਣ ਬਾਰੇ ਲਿਖਿਆ ਗਿਆ ਹੈ ਜਿਸ ਦੇ ਅਸਲ ਮਾਤਾ-ਪਿਤਾ ਫਰੀਦਕੋਟ ਦੇ ਨਿਵਾਸੀ ਹਨ। ਪੁਲਿਸ ਵੱਲੋਂ ਇਨ੍ਹਾਂ ਸਭ ਨੂੰ ਇੱਕ ਗਿਰੋਹ ਵਜੋਂ ਤਸਲੀਮ ਕਰਦਿਆਂ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਗਿਰੋਹ ਨੇ ਕਿੰਨੇ ਬੱਚਿਆਂ ਦੀ ਤਸਕਰੀ ਕੀਤੀ ਹੈ ਅਤੇ ਬੱਚੇ ਕਿੱਥੇ ਵੇਚੇ ਹਨ।

ਰਜਿਸਟਰਾਰ ਪ੍ਰੋ. ਨਵਜੋਤ ਕੌਰ ਨੇ ਦੱਸਿਆ ਕਿ ਵੱਖ-ਵੱਖ ਅਖਬਾਰਾਂ ਵਿੱਚ ਛਪੀਆਂ ਖ਼ਬਰਾਂ ਅਤੇ ਮੋਹਾਲ਼ੀ ਦੇ ਸੋਹਾਣਾ ਥਾਣਾ ਵਿੱਚ ਰਜਿਸਟਰਡ ਐੱਫ.ਆਈ.ਆਰ. ਅਨੁਸਾਰ ਇਨ੍ਹਾਂ ਕਰਮਚਾਰੀਆਂ ਉੱਪਰ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਦੇ ਇਲਜ਼ਾਮ ਲੱਗੇ ਹਨ। ਇਸ ਲਈ ਯੂਨੀਵਰਸਿਟੀ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਆਪਣੇ ਨੇਮਾਂ ਅਨੁਸਾਰ ਇਨ੍ਹਾਂ ਕਰਮਚਾਰੀਆਂ ਉੱਪਰ ਇਹ ਕਾਰਵਾਈ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਦਾਰੇ ਦੇ ਸਾਫ ਸੁਥਰੇ ਅਕਸ ਅਤੇ ਸੁਚੱਜੇ ਮਾਹੌਲ ਦੀ ਬਰਕਰਾਰੀ ਲਈ ਯੂਨੀਵਰਸਿਟੀ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਗਲੇਰੇ ਪੜਾਅ ਵਜੋਂ ਹੁਣ ਇਸ ਮਾਮਲੇ ਵਿੱਚ ਬਕਾਇਦਾ ਜਾਂਚ ਆਰੰਭੀ ਜਾਵੇਗੀ ਅਤੇ ਨੇਮਾਂ ਅਨੁਸਾਰ ਬਣਦੀ ਅਗਲੇਰੀ ਕਾਰਵਾਈ ਵੀ ਕੀਤੀ ਜਾਵੇਗੀ।

ਪੰਜਾਬੀ ਯੂਨੀਵਰਸਿਟੀ ਵੱਲੋਂ ਵੱਡੀ ਕਾਰਵਾਈ-ਇੱਕ ਕਰਮਚਾਰੀ ਫੌਰੀ ਨੌਕਰੀ ਤੋਂ ਬਰਖ਼ਾਸਤ ਅਤੇ ਇੱਕ ਨੂੰ ਮੁਅੱਤਲ ਕਰ ਦਿੱਤਾ