ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਲੰਗ ਦਾ ਦੌਰਾ

220

ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਲੰਗ ਦਾ ਦੌਰਾ

ਪਟਿਆਲਾ, 18 ਜਨਵਰੀ:
ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਕੈਪਟਨ ਪ੍ਰੀਤਦੇਵ ਸਿੰਘ ਸ਼ੇਰਗਿੱਲ (ਸੇਵਾਮੁਕਤ ਆਈ.ਏ.ਐਸ) ਨੇ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਲੰਗ ਦਾ ਦੌਰਾ ਕਰਕੇ ਮਿਡ ਡੇ ਮੀਲ ਤੇ ਆਂਗਨਵਾੜੀ ਸੈਂਟਰ ਰਾਹੀਂ ਬੱਚਿਆਂ ਨੂੰ ਮਿਲਦੇ ਖਾਣੇ ਦੀ ਜਾਂਚ ਕੀਤੀ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਬੱਚਿਆਂ ਨੂੰ ਮਿਲਣ ਵਾਲੇ ਖਾਣੇ ਦੀ ਗੁਣਵੱਤਾ ਸਬੰਧੀ ਉਹ ਸਕੂਲਾਂ ਵਿੱਚ ਆਪ ਜਾਕੇ ਅਚਨਚੇਤ ਚੈਕਿੰਗ ਕਰਨ ਤਾਂ ਜੋ ਬੱਚਿਆਂ ਨੂੰ ਮਿਲਣ ਵਾਲੇ ਖਾਣੇ ਦੀ ਗੁਣਵੱਤਾ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਮਿਡ ਡੇ ਮੀਲ ਲਈ ਬਣੇ ਖਾਣੇ ਦੀ ਜਾਂਚ ਕੀਤੀ ਅਤੇ ਸਟਾਕ ਰਜਿਸਟਰ ਤੋਂ ਇਲਾਵਾ ਮਿਡ ਡੇ ਮੀਲ ਬਣਾਉਣ ਵਾਲੇ ਕਰਮਚਾਰੀਆਂ ਨਾਲ ਗੱਲਬਾਤ ਕਰਦਿਆ ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਤੇ ਆਂਗਨਵਾੜੀ ਦੇ ਬੱਚਿਆਂ ਲਈ ਤਿਆਰ ਹੋਣ ਵਾਲੇ ਖਾਣੇ ਦਾ ਕਰਮਚਾਰੀ ਇਸ ਢੰਗ ਨਾਲ ਖਿਆਲ ਰੱਖਣ ਜਿਵੇਂ ਉਹ ਆਪਣੇ ਬੱਚਿਆਂ ਲਈ ਤਿਆਰ ਹੋਣ ਵਾਲੇ ਖਾਣੇ ਦਾ ਖਿਆਲ ਰੱਖਦੇ ਹਨ। ਉਨ੍ਹਾਂ ਕਿਹਾ ਕਿ ਖਾਣੇ ਸਬੰਧੀ ਜੇਕਰ ਕਿਸੇ ਕਿਸਮ ਦੀ ਢਿੱਲ ਪਾਈ ਗਈ ਤਾਂ ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਕੈਪਟਨ ਪ੍ਰੀਤਦੇਵ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਮਿਡ ਡੇ ਮੀਲ ਲਈ ਖਰੀਦੇ ਜਾਂਦੇ ਸਮਾਨ ਦੀ ਗੁਣਵੱਤਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਬੱਚਿਆਂ ਦੇ ਖਾਣੇ ਲਈ ਵਰਤਿਆਂ ਜਾਂਦਾ ਸਾਮਾਨ ਭਾਰਤੀ ਫੂਡ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹੋਵੇ ਅਤੇ ਸਮਾਨ ਨੂੰ ਖਰੀਦਣ ਸਮੇਂ ਸਮਾਨ ਦੀ ਮਿਆਦ ਦੀ ਤਾਰੀਖ ਨੂੰ ਚੈਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਲੰਡਰ ਅਨੁਸਾਰ ਜਿਹੜੇ ਖਾਣੇ ਲਈ ਜੋ ਤਾਰੀਖਾਂ ਨਿਯਤ ਕੀਤੀਆਂ ਗਈਆਂ ਹਨ ਇਹ ਧਿਆਨ ਰੱਖਿਆ ਜਾਵੇ ਕਿ ਬੱਚਿਆਂ ਨੂੰ ਉਸ ਅਨੁਸਾਰ ਹੀ ਖਾਣਾ ਦਿੱਤਾ ਜਾ ਰਿਹਾ ਹੋਵੇ।

ਕੈਪਟਨ ਸ਼ੇਰਗਿੱਲ ਨੇ ਆਂਗਨਵਾੜੀ ਸੈਂਟਰ ਦਾ ਦੌਰਾ ਕਰਕੇ ਛੇ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮਿਲਣ ਵਾਲੀ ਖੁਰਾਕ, ਸਟਾਕ ਰਜਿਸਟਰ ਤੇ ਵਿਦਿਆਰਥੀਆਂ ਦੇ ਹਾਜ਼ਰੀ ਰਜਿਸਟਰਾਂ ਦੀ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਛੋਟੇ ਬੱਚਿਆਂ ਨੂੰ ਮਿਲਣ ਵਾਲੀ ਖੁਰਾਕ ਦੀ ਗੁਣਵੱਤਾ ਹੋਰ ਵੀ ਜ਼ਰੂਰੀ ਹੈ ਅਤੇ ਇਹ ਇਕ ਜ਼ਿੰਮੇਵਾਰੀ ਵੀ ਹੈ ਕਿਉਂਕਿ ਛੋਟੇ ਬੱਚਿਆਂ ਨੂੰ ਪੌਸ਼ਟਿਕ ਖੁਰਾਕ ਦੇ ਨਾਲ-ਨਾਲ ਇਨਫੈਕਸ਼ਨ ਆਦਿ ਤੋਂ ਬਚਾਉਣ ਲਈ ਸਾਫ਼ ਸਫ਼ਾਈ ਦਾ ਜ਼ਿਆਦਾ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਛੋਟੇ ਬੱਚਿਆਂ ਨੂੰ ਮਿਲਣ ਵਾਲੀ ਖੁਰਾਕ ਵੱਲ ਵਿਸ਼ੇਸ਼ ਧਿਆਨ ਦੇਣ ਦੀ ਹਦਾਇਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਕਮਿਸ਼ਨ ਵੱਲੋਂ ਦੌਰੇ ਕਰਨ ਦਾ ਮੁੱਖ ਮਕਸਦ ਬੱਚਿਆਂ ਤੱਕ ਮਿਆਰੀ ਖਾਣੇ ਦੀ ਪਹੁੰਚ ਨੂੰ ਯਕੀਨੀ ਬਣਾਉਣਾ ਹੈ ਅਤੇ ਜੇਕਰ ਕੀਤੇ ਕੋਈ ਕਮੀ ਹੈ ਤਾਂ ਉਸ ਨੂੰ ਸਰਕਾਰ ਨੂੰ ਸਮੇਂ ਸਿਰ ਸੁਝਾਅ ਦੇਕੇ ਕਮੀ ਨੂੰ ਦੂਰ ਕਰਨਾ ਹੈ।

ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ  ਗੁਲਬਹਾਰ ਸਿੰਘ ਤੂਰ ਨੂੰ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮਿਲਣ ਵਾਲੇ ਖਾਣੇ ਸਬੰਧੀ ਕਮਿਸ਼ਨ ਤੇ ਮੈਂਬਰ ਨੂੰ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਲੰਗ ਸਕੂਲ ਵਿੱਚ ਚਾਰ ਆਂਗਣਵਾੜੀ ਸੈਂਟਰ ਸਫਲਤਾਪੂਰਵਕ ਚੱਲ ਰਹੇ ਹਨ। ਇਸ ਮੌਕੇ ਸਿੱਖਿਆ ਵਿਭਾਗ ਵੱਲੋਂ ਸ. ਬਲਵਿੰਦਰ ਸਿੰਘ ਨੇ ਮਿਡ ਡੇ ਮੀਲ ਸਬੰਧੀ ਮੈਂਬਰ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਸੀ.ਡੀ.ਪੀ.ਓ. ਸੁਪ੍ਰੀਤ ਬਾਜਵਾ ਸਮੇਤ ਸਿੱਖਿਆ ਵਿਭਾਗ ਦੇ ਨੁਮਾਇੰਦੇ ਵੀ ਮੌਜੂਦ ਸਨ।