ਬਰਨਾਲਾ ਪ੍ਰਸ਼ਾਸਨ ਵੱਲੋਂ ਸ਼ਰਧਾਲੂਆਂ ਲਈ ਦੋ ਵਿਸ਼ੇਸ਼ ਏਕਾਂਤਵਾਸ ਕੇਂਦਰਾਂ ਦਾ ਪ੍ਰਬੰਧ: ਡਿਪਟੀ ਕਮਿਸ਼ਨਰ

192

ਬਰਨਾਲਾ ਪ੍ਰਸ਼ਾਸਨ ਵੱਲੋਂ ਸ਼ਰਧਾਲੂਆਂ ਲਈ ਦੋ ਵਿਸ਼ੇਸ਼ ਏਕਾਂਤਵਾਸ ਕੇਂਦਰਾਂ ਦਾ ਪ੍ਰਬੰਧ: ਡਿਪਟੀ ਕਮਿਸ਼ਨਰ

ਬਰਨਾਲਾ,  2 ਮਈ
ਜ਼ਿਲ੍ਹਾ ਬਰਨਾਲਾ ਵਿਚ ਨਾਂਦੇੜ ਸਾਹਿਬ ਤੋਂ ਪਰਤੇ 90 ਤੋਂ ਵੱਧ ਸ਼ਰਧਾਲੂਆਂ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੋ ਵਿਸ਼ੇਸ਼ ਏਕਾਂਤਵਾਸ ਕੇਂਦਰਾਂ ਦਾ ਪ੍ਰਬੰਧ ਕੀਤਾ ਗਿਆ ਹੈ, ਜਿਨ੍ਹਾਂ ਵਿਚ ਸ਼ਰਧਾਲੂਆਂ ਲਈ ਪੁਖਤਾ ਸਹੂਲਤਾਂ ਯਕੀਨੀ ਬਣਾਈਆਂ ਗਈਆਂ ਹਨ।

ਇਹ ਜਾਣਕਾਰੀ ਦਿੰਦੇ ਹੋੋਏ ਡਿਪਟੀ ਕਮਿਸ਼ਨਰ ਬਰਨਾਲਾ  ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਇਕ ਏਕਾਂਤਵਾਸ ਕੇਂਦਰ ਗੁਰੂ ਗੋਬਿੰਦ ਸਿੰਘ ਕਾਲਜ, ਸੰਘੇੜਾ ਵਿਖੇ ਬਣਾਇਆ ਗਿਆ ਹੈ, ਜਿੱਥੇ 60 ਬੈੱਡਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਕੇਂਦਰ ਵਿਚ 58 ਸ਼ਰਧਾਲੂ ਏਕਾਂਤਵਾਸ ਕੀਤੇ ਹਨ, ਜਿਨ੍ਹਾਂ ਦੀ ਟੈਸਟਿੰਗ ਹੋ ਚੁੱਕੀ ਹੈ।  ਇਨ੍ਹਾਂ ਸ਼ਰਧਾਲੂਆਂ ਵਿਚ ਬੱਸਾਂ ਦੇ 4 ਡਰਾਈਵਰ ਅਤੇ 2 ਕੰਡਕਟਰ ਵੀ ਹਨ ਅਤੇ 9 ਮਹਿਲਾ ਸ਼ਰਧਾਲੂ ਅਤੇ 2 ਬੱਚੀਆਂ ਵੀ ਹਨ।
ਉਨ੍ਹਾਂ ਦੱਸਿਆ ਕਿ ਏਕਾਂਤਵਾਸ ਕੇਂਦਰ ਵਿਚ ਸ਼ਰਧਾਲੂਆਂ ਨੂੰ ਰਚਨਾਤਮਕਤ ਤੇ ਸੁਖਾਵਾਂ ਮਾਹੌਲ ਮੁਹੱਈਆ ਕਰਾਇਆ ਗਿਆ ਹੈ ਤੇ ਇਨ੍ਹਾਂ ਥਾਵਾਂ ਦੀ ਚੋਣ ਬਹੁਤ ਸੂਝ-ਬੂਝ ਨਾਲ ਕੀਤੀ ਗਈ ਹੈ। ਸੰਘੇੜਾ ਕਾਲਜ ਵਿਚ ਹਾਲ ਕਮਰੇ ਹਨ, ਜਿਨ੍ਹਾਂ ਵਿਚ ਸਮਾਜਿਕ ਦੂਰੀ ਦਾ ਖਿਆਲ ਰੱਖਦੇ ਹੋਏ 5-5 ਬੈੱਡ ਲਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ 8 ਸ਼ਰਧਾਲੂਆਂ ਨੂੰ ਸਵੇਰੇ 6 ਵਜੇ ਚਾਹ, 8 ਵਜੇ ਸਵੇਰ ਦਾ ਨਾਸ਼ਤਾ, ਦੁਪਹਿਰ ਦਾ ਖਾਣਾ, 4 ਵਜੇ ਚਾਹ ਅਤੇ ਹੋਰ ਸਮੱਗਰੀ ਤੇ ਫਿਰ ਰਾਤ ਦਾ ਖਾਣਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਬੱਚਿਆਂ ਲਈ ਬਿਸਕੁਟ ਤੇ ਹੋਰ ਖਾਣ ਦਾ ਸਾਮਾਨ, ਦੁੱਧ ਦਾਨੀ ਸੱਜਣਾਂ ਦੀ ਮਦਦ ਨਾਲ ਮੁਹੱਈਆ ਕਰਾਇਆ ਗਿਆ ਹੈ। ਬੱਚਿਆਂ ਦੀਆਂ ਰਚਨਾਤਮਕ ਕਿਰਿਆਵਾਂ ਲਈ ਉਨ੍ਹਾਂ ਨੂੰ ਡਰਾਇੰਗ ਕਿਤਾਬਾਂ ਤੇ ਹੋਰ ਸਾਮਾਨ ਮੁਹੱਈਆ ਦਿੱਤਾ ਗਿਆ ਹੈ ਤਾਂ ਜੋ ਉਨ੍ਹਾਂ ਦਾ ਸਮਾਂ ਉਸਾਰੂ ਲੰਘੇ।

ਬਰਨਾਲਾ ਪ੍ਰਸ਼ਾਸਨ ਵੱਲੋਂ ਸ਼ਰਧਾਲੂਆਂ ਲਈ ਦੋ ਵਿਸ਼ੇਸ਼ ਏਕਾਂਤਵਾਸ ਕੇਂਦਰਾਂ ਦਾ ਪ੍ਰਬੰਧ: ਡਿਪਟੀ ਕਮਿਸ਼ਨਰ
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਸ਼ਰਧਾਲੂਆਂ ਦਾ ਰੋਜ਼ਾਨਾ ਨਿਰੀਖਣ ਕੀਤਾ ਜਾਂਦਾ ਹੈ। ਸਾਫ-ਸਫਾਈ ਦਾ ਵੀ ਖਾਸ ਖਿਆਲ ਰੱਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਨਗਰ ਕੌਂਸਲ ਅਮਲਾ ਤਿੰਨ ਸ਼ਿਫਟਾਂ ਵਿਚ 24 ਘੰਟੇ ਤਾਇਨਾਤ ਰਹਿੰਦਾ ਹੈ ਅਤੇ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਮਹਿਲਾ ਸਟਾਫ ਦੀ ਡਿਊਟੀ ਵੀ ਲਾਈ ਗਈ ਹੈ ਤਾਂ ਜੋ ਮਹਿਲਾ ਸ਼ਰਧਾਲੂਆਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਮਹਿਲਾ ਸ਼ਰਧਾਲੂਆਂ ਨੂੰ ਸੈਨੇਟਰੀ ਪੈਡ ਤੇ ਹੋਰ ਲੋੜੀਂਦਾ ਸਾਮਾਨ ਵੀ ਸਮੇਂ ਸਮੇਂ ’ਤੇ ਮੁਹੱਈਆ ਕਰਾਇਆ ਜਾਂਦਾ ਹੈ। ਇਸ ਤੋਂ ਇਲਾਵਾ ਸ਼ਰਧਾਲੂਆਂ ਲਈ 3 ਪੱਕੇ ਬਾਥਰੂਮ ਅਤੇ 10 ਮੋਬਾਈਲ ਪਖਾਨਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਸ਼ਰਧਾਲੂਆਂ ਲਈ ਹੱਥ ਧੋਣ ਦੇ ਪ੍ਰਬੰਧਾਂ ਤੋਂ ਇਲਾਵਾ ਮਾਸਕਾਂ, ਸੈਨੇਟਾਈਜ਼ਰਾਂ ਤੇ ਰੋਜ਼ਾਨਾ ਪੱਧਰ ’ਤੇ ਸੈਨੇਟਾਈਜ਼ੇਸ਼ਨ ਦਾ ਪ੍ਰਬੰਧ ਹੈ।

ਇਸੇ ਤਰ੍ਹਾਂ ਮਾਲਵਾ ਕਾਲਜ ਆਫ ਨਰਸਿੰਗ ਮਹਿਲ ਕਲਾਂ ਨੂੰ ਵੀ ਸ਼ਰਧਾਲੂਆਂ ਲਈ ਏਕਾਂਤਵਾਸ ਕੇਂਦਰ ਬਣਾਇਆ ਗਿਆ ਹੈ। ਇਸ ਕੇਦਰ ਵਿਚ ਵੀ 60 ਬੈੱਡਾਂ ਦਾ ਪ੍ਰਬੰਧ ਹੈ, ਜਿੱਥੇ 41 ਸ਼ਰਧਾਲੂ ਇਸ ਵੇਲੇ ਏਕਾਂਤਵਾਸ ਕੀਤੇ ਹੋਏ ਹਨ, ਜਿਨ੍ਹਾਂ ਲਈ ਪੱਕੇ ਬਾਥਰੂਮ, ਪਖਾਨੇ ਤੇ ਹੋਰ ਸਾਰੀਆਂ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਾਈਆਂ ਗਈਆਂ ਹਨ।

ਇਸ ਦੌਰਾਨ ਡਿਪਟੀ ਕਮਿਸ਼ਨਰ  ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਅੱਜ ਗੁਰੂ ਗੋਬਿੰਦ ਸਿੰਘ ਕਾਲਜ, ਸੰਘੇੜਾ ਵਿਖੇ ਬਣਾਏ ਏਕਾਂਤਵਾਸ ਕੇਂਦਰ ਦਾ ਦੌਰਾ ਕੀਤਾ ਗਿਆ। ਉਨ੍ਹਾਂ ਸ਼ਰਧਾਲੂਆਂ ਨਾਲ ਗੱਲਬਾਤ ਕੀਤੀ ਅਤੇ ਯਕੀਨ ਦਿਵਾਇਆ ਕਿ ਉਨ੍ਹਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਡਿਊਟੀ ’ਤੇ ਤਾਇਨਾਤ ਅਧਿਕਾਰੀਆਂ ਨੂੰ ਸ਼ਰਧਾਲੂਆਂ ਲਈ ਹਰ ਲੋੜੀਂਦੀ ਸਹੂਲਤ ਦਾ ਖਿਆਲ ਰੱਖਣ ਲਈ ਆਖਿਆ।