ਬੀ.ਐੱਸ.ਐੱਫ. ਨੇ ਦਸਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਵਲ ਜਿੱਤਿਆ

184

ਬੀ.ਐੱਸ.ਐੱਫ. ਨੇ ਦਸਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਵਲ ਜਿੱਤਿਆ

ਬਹਾਦਰਜੀਤ ਸਿੰਘ /  ਰੂਪਨਗਰ, 21 ਮਾਰਚ,2023

ਹਾਕਸ ਸਟੇਡੀਅਮ ਰੂਪਨਗਰ ਵਿਖੇ ਚੱਲ ਰਹੇ 31ਵੇਂ ਦਸ਼ਮੇਸ਼ ਹਾਕਸ ਆਲਇੰਡੀਆ ਹਾਕੀ ਫੈਸਟੀਵਲ ਦੇ ਆਖਰੀ ਦਿਨ ਫਾਈਨਲ ਦਾ ਰੋਮਾਂਚਿਕ ਮੈਚ ਬੀ.ਐੱਸ.ਐੱਫ. ਅਤੇ ਪਿਛਲੇ ਫੈਸਟੀਵਲ ਦੀ ਜੇਤੂ ਜਰਖੜ ਅਕੈਡਮੀ ਦਰਮਿਆ ਖੇਡਿਆ ਗਿਆ। ਮੈਚ ਦਾ ਪਹਿਲਾ ਅੱਧ ਕਾਫ਼ੀ ਸੰਘਰਸ਼ ਪੂਰਨ ਰਿਹਾ । ਮੈਚ ਦੇ 17ਵੇਂ ਮਿੰਟ ਵਿੱਚ ਬੀ.ਐੱਸ.ਐੱਫ. ਟੀਮ ਦੇ ਖਿਡਾਰੀ ਦਲਜੀਤ ਸਿੰਘ ਨੇ ਬਹੁਤ ਹੀ ਖੂਬਸੂਰਤ ਮੈਦਾਨੀ ਗੋਲ ਕਰਕੇ ਆਪਣੀ ਟੀਮ ਨੂੰ 1-0 ਦੀ ਲੀਡ ਦਵਾ ਦਿੱਤੀ। ਜਰਖੜ ਅਕੈਡਮੀ ਵੱਲੋਂ ਮੈਚ ਦੇ ਪਹਿਲੇ ਅੱਧ ਦੌਰਾਨ ਗੋਲ ਕਰਨ ਦੇ ਬਹੁਤ ਯਤਨ ਕੀਤੇ ਪ੍ਰੰਤੂ ਬੀ.ਐੱਸ.ਐੱਫ. ਦੀ ਡਿਫੈਂਸ ਨੇ ਸਾਰੇ ਹਮਲੇ ਅਸਫਲ ਕਰ ਦਿੱਤੇ ਅਤੇ ਪਹਿਲਾਂ ਅੱਧ 1-0 ਨਾਲ ਖਤਮ ਹੋਇਆ।

ਮੈਚ ਦੇ ਦੂਜੇ ਅੱਧ ਦੇ ਸ਼ੁਰੂ ਹੁੰਦਿਆਂ ਹੀ ਬੀ.ਐੱਸ.ਐੱਫ. ਵੱਲੋਂ ਕਾਫ਼ੀਹਮਲਾਵਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਮੈਚ ਦੇ 45ਵੇਂ ਮਿੰਟ ਵਿੱਚ ਬੀ.ਐੱਸ.ਐੱਫ. ਦੇ ਖਿਡਾਰੀ ਲਵਪ੍ਰੀਤ ਸਿੰਘ ਨੇ ਦੂਜਾ ਮੈਦਾਨੀ ਗੋਲ ਕਰਕੇ ਆਪਣੀ ਟੀਮ ਨੂੰ 2-0 ਨਾਲ ਅੱਗੇ ਕਰ ਦਿੱਤਾ ਅਤੇ ਮੈਚ ਦੇ 55ਵੇਂ ਮਿੰਟ ਵਿੱਚ ਬੀ.ਐੱਸ.ਐੱਫ. ਦੇ ਖਿਡਾਰੀ ਰਵੀ ਨੇ ਮੈਦਾਨੀ ਗੋਲ ਕਰਕੇ ਆਪਣੀ ਟੀਮ ਨੂੰ 3-0 ਦੇ ਗੋਲਾਂ ਦੇ ਫਰਕ ਨਾਲ ਹਰਾ ਕੇ ਮੈਚ ਵਿੱਚ ਆਪਣੀ ਜਿੱਤ ਪੱਕੀ ਬਣਾ ਲਈ ਅਤੇ ਮੈਚ ਨੂੰ 3-0 ਨਾਲ ਜਿੱਤਦੇ ਹੋਏ 31ਵੇਂ ਦਸ਼ਮੇਸ਼ ਹਾਕਸ ਆਲ ਇੰਡੀਆ  ਹਾਕੀ ਫੈਸਟੀਬਲ ਨੂੰ ਆਪਣੇ ਨਾਮ ਕੀਤਾ।

ਅੱਜ ਇਸ ਮੈਚ ਵਿੱਚ  ਵਿਵੇਕ ਐੱਸ.ਸੋਨੀ, ਐੱਸ.ਐੱਸ.ਪੀ., ਰੂਪਨਗਰ ਵਿਸ਼ੇਸ਼ ਤੌਰ ਤੇ ਹਾਜਰ ਹੋਏ ਅਤੇ ਉਹਨਾਂ ਵੱਲੋਂ ਟੀਮਾਂ ਨਾਲ ਜਾਣ-ਪਹਿਚਾਣ ਕੀਤੀ। ਇਸ ਮੌਕੇ ਹਾਕਸ ਕਲੱਬ ਤੋਂ ਵਿਛੜੀਆਂ ਰੂਹਾਂ ਅਸ਼ੋਕ ਕੁਮਾਰ ਅੰਤਰ ਰਾਸ਼ਟਰੀ ਹਾਕੀ ਖਿਡਾਰੀ, ਗੁਰਦੇਵ ਸਿੰਘ ਸਾਥੀ, ਦਰਸ਼ਨ ਸਿੰਘ ਪੀ.ਸੀ.ਐੱਸ., ਕੁਲਦੀਪ ਸਿੰਘ,  ਸੰਜੇ ਸ਼ਰਮਾ, ਤਰਲੋਚਨ ਸਿੰਘ ਟਿੱਮਾ ਨੂੰ ਯਾਦ ਕਰਦੇ ਹੋਏ ਸ਼ਰਧਾਂਜ਼ਲੀ ਭੇਂਟ ਕੀਤੀ ਗਈ ਅਤੇ 1 ਮਿੰਟ ਦਾ ਮੌਨ ਰੱਖਿਆ ਗਿਆ।

ਇਸ ਮੌਕੇ ਆਯੋਜਿਤ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਰੂਪਨਗਰ ਕਮ- ਚੇਅਰਮੈਨ ਹਾਕਸ ਕਲੱਬ ਡਾ. ਪ੍ਰੀਤੀ ਯਾਦਵ  ਨੇ ਕਿਹਾ ਕਿ ਅੱਜ ਦੇ ਇਸ ਟੂਰਨਾਮੈਂਟ ਵਿੱਚ ਜਿਲੇ ਦੀ ਨੁਮਾਇੰਦਗੀ ਕਰ ਰਹੇ ਕੈਬਨਿਟ ਮੰਤਰੀ ਸਹਰਜੋਤ ਬੈਂਸ ਵੱਲੋਂ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣਾ  ਸੀ ਪ੍ਰੰਤੂ ਕੁੱਝ ਕਾਰਨਾ ਕਾਰਣ ਉਹ ਸ਼ਾਮਲ ਨਾ ਹੋ ਸਕੇ। ਪ੍ਰੰਤੂ ਉਹਨਾਂ ਵੱਲੋਂ ਆਪਣੇ ਅਖਤਿਆਰੀ ਫੰਡਾਂ ਵੱਲੋਂ ਹਾਕਸ ਕਲੱਬ ਵੱਲੋਂ ਕੀਤੇ ਜਾ ਰਹੇ ਸ਼ਲਾਘਾਯੋਗ ਉਪਰਾਲੇ ਲਈ 5 ਲੱਖ ਰੁਪਏ ਦੀ ਗਰਾਂਟ ਦੇਣਾ ਦਾ ਐਲਾਨ ਕੀਤਾ।

ਬੀ.ਐੱਸ.ਐੱਫ. ਨੇ ਦਸਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਵਲ ਜਿੱਤਿਆ

ਇਸ ਸਮਾਗਮ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਆਪਣੇ ਸੰਖੇਪ ਭਾਸ਼ਨ ਵਿੱਚ ਕਿਹਾ ਕਿ ਇਸ ਮੈਦਾਨ ਵਿੱਚ ਰਾਸ਼ਟਰੀ ਪੱਧਰ ਤੇ ਹਾਕੀ ਟੂਰਨਾਮੈਂਟ ਕਰਵਾਉਣਾ ਜਿੱਥੇ ਆਸਾਨ ਕੰਮ ਨਹੀਂ ਹੈ ਉੱਥੇ ਲਗਾਤਾਰ ਟੂਰਨਾਮੈਂਟ ਕਰਵਾਉਣਾ ਉਸ ਤੋਂ ਵੀ ਜ਼ਿਆਦਾ ਸ਼ਲਾਘਾਯੋਗ ਹੈ। ਜਿਸ ਲਈ ਐਡਵੋਕੇਟ ਐਸ.ਐਸ.ਸੈਣੀ ਜਨਰਲ ਸਕੱਤਰ ਅਤੇ ਉਹਨਾਂ ਦੀ ਟੀਮ ਵਧਾਈ ਦੀ ਪਾਤਰ ਰਹੀ ਹੈ। ਉਹਨਾਂ ਨੇ ਕਿਹਾ ਕਿ ਆਪਣੇ ਨਿੱਜੀ ਕੰਮ ਛੱਡ ਕੇ ਲਗਾਤਾਰ ਲੰਮਾ ਸਮਾਂ ਆਪਣੇ ਪੱਧਰ ਤੇ ਬਿਨਾਂ ਕਿਸੇ ਸਰਕਾਰੀ ਮੱਦਦ ਦੇ ਪੰਜ ਰੋਜ਼ਾ ਟੂਰਨਾਮੈਂਟ ਕਰਵਾਉਣੇ ਕੋਈ ਆਸਾਨ ਕੰਮ ਨਹੀਂ ਹੈ।

31ਵੇਂ ਦਸ਼ਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਵਲ ਦੇ ਆਖਰੀ ਦਿਨ ਮੁੱਖ ਮਹਿਮਾਨ ਵੱਲੋਂ ਜੇਤੂ ਅਤੇ ਉਪ ਜੇਤੂ ਰਹੀ ਟੀਮਾਂ ਨੂੰ ਕ੍ਰਮਵਾਰ 51000 ਰਪੁਏ, 31000 ਰੁਪਏ , ਹਰੇਕ ਖਿਡਾਰੀ ਨੂੰ ਵਿਅਕਤੀਗਤ ਇਨਾਮ ਅਤੇ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਹਾਕਸ ਟਰਾਫੀਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਉਹਨਾਂ ਵੱਲੋਂ ਰੰਗ-ਬਰੰਗੇ ਗੁਬਾਰੇ ਅਤੇ ਸ਼ਾਂਤੀ ਦਾ ਪ੍ਰਤੀਕ ਕਬੂਤਰ ਨੂੰ ਅਸਮਾਨ ਵਿੱਚ ਛੱਡਿਆ। ਉਨ੍ਹਾਂ ਵੱਲੋਂ 31ਵੇਂ ਦਸ਼ਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਵਲ ਨੂੰ ਸਮਾਪਤੀ ਦੀਆਂ ਰਸਮਾਂ ਵੀ ਕੀਤੀਆਂ ਗਈਆਂ।

ਇਸ ਮੈਚ ਵਿਚ ਅੰਤਰਰਾਸ਼ਟਰੀ ਅੰਪਾਇਰ ਰੀਪੂ ਦਮਨ ਸ਼ਰਮਾ, ਅਮਿਤ ਸ਼ਰਮਾ, ਦੀਪਕ ਕੁਮਾਰ, ਗੁਰਪ੍ਰੀਤ ਸਿੰਘ ਅਤੇ ਦੀਪਕ ਸ਼ਰਮਾ ਨੇ ਬਤੌਰ ਅੰਪਾਇਰ ਅਤੇ ਗੁਰਮੀਤ ਸਿੰਘ,  ਮਨਜਿੰਦਰ ਸਿੰਘ ਅਤੇ ਵਰਿੰਦਰ ਸਿੰਘ ਨੇ ਬਤੌਰ ਟੈਕਨੀਕਲ ਅਫ਼ਸਰ ਭੂਮਿਕਾ ਨਿਭਾਈ।

ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਤੋਂ ਲਿਆਂਦੀ ਪਵਿੱਤਰ ਜੋਤ ਜੋ ਕਿ 31ਵੇ ਦਸ਼ਮੇਸ਼ ਹਾਕਸ ਆਲ ਇੰਡੀਆ ਫੈਸਟੀਵਲ ਦੇ ਦੌਰਾਨ ਹਾਕਸ ਸਟੇਡੀਅਮ ਰੂਪਨਗਰ ਵਿਖੇ ਲਗਾਤਾਰ ਬਿਰਾਜਮਾਨ ਰਹੀ ਨੂੰ ਸਾਰੇ ਧਾਰਮਿਕ ਸੰਸਕਾਰਾਂ ਦੇ ਨਾਲ ਕਲੱਬ ਮੈਂਬਰਾਂ ਵੱਲੋਂ ਵਾਪਸ ਗੁਰਦੁਆਰਾ ਸਾਹਿਬ ਛੱਡਣ ਦੀ ਰਸਮ ਵੀ ਫਾਈਨਲ ਮੁਕਾਬਲੇ ਤੋਂ ਬਾਅਦ ਨਿਭਾਈ ਗਈ। ਹਾਕਸ ਕਲੱਬ ਦੇ ਜਨਰਲ ਸਕੱਤਰ ਐਸ.ਐਸ.ਸੈਣੀ, ਸਮੂਹ ਹਾਕਸ  ਟੀਮ ਵੱਲੋਂ ਪਿਛਲੇ ਪੰਜ ਰੋਜ਼ਾ ਤੋਂ ਆ ਰਹੇ ਖੇਡ ਪ੍ਰੇਮੀਆਂ ਅਤੇ ਵੱਖ ਵੱਖ ਮੁੱਖ ਮਹਿਮਾਨਾਂ ਜਿਹਨਾਂ ਨੇ ਆਪਣਾ ਕੀਮਤੀ ਸਮਾਂ ਹਾਕਸ ਕਲੱਬ ਨੂੰ ਦੇ ਕੇ ਆਏ ਹੋਏ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ ਉਹਨਾਂ ਦਾ ਵਿਸ਼ੇਸ਼ ਰੂਪ ਵਿੱਚ ਧੰਨਵਾਦ ਕੀਤਾ। ਸਮੂਹ ਹਾਕਸ ਟੀਮ ਵੱਲੋਂ ਮਾਨਯੋਗ ਕੈਬਨਿਟ ਮੰਤਰੀ ਸਰਦਾਰ ਹਰਜੋਤ ਬੈਂਸ ਜੀ ਵੱਲੋਂ ਆਪਣੇ ਅਖਤਿਆਰ ਫੰਡਾਂ ਵਿਚੋਂਜਾਰੀ ਕੀਤੀ ਗਰਾਂਟ ਲਈ ਵੀ ਵਿਸ਼ੇਸ਼ ਰੂਪ ਵਿੱਚ ਧੰਨਵਾਦ ਕੀਤਾ ।