ਮੁੱਖ ਮੰਤਰੀ ਦੇ ਹੁਕਮਾਂ ਦੇ ਬਾਵਜੂਦ ਵੀ ਪੁਲਿਸ ਅਤੇ ਪ੍ਰਸ਼ਾਸਨ ’ਤੇ ਇਨਸਾਫ ਨਾ ਦੇਣ ਦਾ ਦੋਸ਼; ਸੰਗਰੂਰ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਪਤੀ ’ਤੇ ਲਾਏ ਗੰਭੀਰ ਇਲਜ਼ਾਮ

275

ਮੁੱਖ ਮੰਤਰੀ ਦੇ ਹੁਕਮਾਂ ਦੇ ਬਾਵਜੂਦ ਵੀ ਪੁਲਿਸ ਅਤੇ ਪ੍ਰਸ਼ਾਸਨ ’ਤੇ ਇਨਸਾਫ ਨਾ ਦੇਣ ਦਾ ਦੋਸ਼; ਸੰਗਰੂਰ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਪਤੀ ’ਤੇ ਲਾਏ ਗੰਭੀਰ ਇਲਜ਼ਾਮ

ਪਟਿਆਲਾ, 27 ਜੂਨ,2023:

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਦੇ ਬਾਵਜੂਦ ਵੀ ਮੈਨੂੰ ਇਨਸਾਫ ਨਹੀਂ ਮਿਲ ਰਿਹਾ ਹੈ ਤੇ ਮੇਰੇ ਸ਼ਰੀਕਾਂ ਨੇ ਮੇਰੀ ਜ਼ਬੀਨ ਦੱਬੀ ਹੋਈ ਹੈ। ਇਹ ਪ੍ਰਗਟਾਵਾ ਪਿੰਡ ਬੌੜਾ ਖੁਰਦ ਦੇ ਵਸਨੀਕ ਮਨਦੀਪ ਸਿੰਘ ਪੁੱਤਰ ਸ਼ੇਰ ਸਿੰਘ ਨੇ ਕੀਤਾ ਹੈ।

ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਨਦੀਪ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਤੇ ਤਾਇਆ ਜੀ ਨੇ ਰਲ ਕੇ ਪਿੰਡ ਲੋਹਾਰ ਮਾਜਰਾ ਵਿਚ 58 ਮਰਲੇ ਜ਼ਮੀਨ ਖਰੀਦੀ ਸੀ ਜਿਸਦਾ ਵੰਡ ਵੰਡਈਆ ਦੋਵਾਂ ਵਿਚ 28-28 ਮਰਲੇ ਦਾ ਹੋ ਗਿਆ ਸੀ। ਉਹਨਾਂ ਦੱਸਿਆ ਕਿ ਇਸ ਸਾਲ ਮਾਰਚ, ਅਪ੍ਰੈਲ ਤੇ ਮਈ ਮਹੀਨੇ ਵਿਚ ਉਹਨਾਂ ਦੇ ਤਾਇਆ ਤੇ ਉਹਨਾਂ ਦੇ ਪੁੱਤਰਾਂ ਨੇ ਧੱਕੇ ਨਾਲ ਉਹਨਾਂ ਦੇ ਖੇਤ ਵਿਚ ਖੜ੍ਹੀ ਗੰਨੇ ਦੀ ਫਸਲ ਵੱਢ ਲਈ ਤੇ ਤਕਰੀਬਨ ਇਕ ਕਰਮ ਚੌੜੀ ਥਾਂ ਜੋ 20 ਮਰਲੇ ਬਣਦੀ ਹੈ, ’ਤੇ ਧੱਕੇ ਨਾਲ ਕਬਜ਼ਾ ਕਰ ਲਿਆ।

ਉਹਨਾਂ ਦੱਸਿਆ ਕਿ ਉਹ ਇਸ ਮਾਮਲੇ ਵਿਚ ਆਪਣੇ ਪਿੰਡ ਦੀ ਚੌਂਕੀ ਛੀਟਾਂਵਾਲਾ ਦੇ ਇੰਚਾਰਜ ਤੋਂ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਤੱਕ ਨੂੰ ਮਿਲ ਚੁੱਕੇ ਹਨ ਪਰ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਤੇ ਉਹਨਾਂ ਦੇ ਸ਼ਰੀਕਾਂ ਨੇ ਜ਼ਮੀਨ ’ਤੇ ਕਬਜ਼ਾ ਕੀਤਾ ਹੋਇਆ ਹੈ। ਉਹਨਾਂ ਦੱਸਿਆ ਕਿ ਉਹਨਾਂ ਦੇ ਤਾਇਆ ਜੀ ਦਾ ਭਾਣਜਾ ਮਨਦੀਪ ਸਿੰਘ ਸੰਗਰੂਰ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਦਾ ਪਤੀ ਹੈ ਜੋ ਇਸ ਮਾਮਲੇ ਵਿਚ ਆਪਣੇ ਮਾਮਿਆਂ ਦੀ ਮਦਦ ਕਰ ਰਿਹਾ ਹੈ ਜਿਸ ਕਾਰਨ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੇ ਕੁਝ ਵੀ ਕਰਨ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ।

ਮਨਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੇ 11 ਮਈ ਨੂੰ ਧੂਰੀ ਵਿਖੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰੋਗਰਾਮ ਦੌਰਾਨ ਉਹਨਾਂ ਨੂੰ ਮਿਲ ਕੇ ਉਹਨਾਂ ਨਾਲ ਹੋਈ ਵਧੀਕੀ ਦੀ ਜਾਣਕਾਰੀ ਦਿੱਤੀ ਸੀ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਨੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਨੂੰ ਕਾਰਵਾਈ ਕਰਨ ਵਾਸਤੇ ਆਖਿਆ ਸੀ ਜਿਹਨਾਂ ਨੇਅੱਗੇ  ਪਟਿਆਲਾ ਦੇ ਡਿਪਟੀ ਕਮਿਸ਼ਨਰ ਤੇ ਐਸ ਐਸ ਪੀ ਨੂੰ ਮੁੱਖ ਮੰਤਰੀ ਦੀ ਹਦਾਇਤ ਬਾਰੇ ਦੱਸਿਆ ਸੀ ਪਰ ਫਿਰ ਵੀ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਦੱਸਿਆ ਕਿ 2 ਅਪ੍ਰੈਲ 2023 ਨੂੰ ਨਰਿੰਦਰਕੌਰ  ਭਰਾਜ ਦਾ ਸਹੁਰਾ ਮੇਜਰ ਸਿੰਘ ਮੇਰੇ ਸ਼ਰੀਕਾਂ ਦੇ ਨਾਲ ਮਿਲ ਕੇ ਮੇਰੇ ਖੇਤ ਵਿਚੋਂ ਬੀਜੇ ਗੰਡੇ (ਪਿਆਜ਼) ਪੁੱਟ ਕੇ ਲੈ ਗਏ ਤੇ ਮੇਰੇ ਵੱਲੋਂ ਬੀਜੀ ਹਲਦੀ ਦੀ ਫਸਲ ਪੁੱਟ ਦਿੱਤੀ ਤੇ ਬੈਂਗਣ ਵੀ ਪੁੱਟ ਦਿੱਤੇ।

ਮੁੱਖ ਮੰਤਰੀ ਦੇ ਹੁਕਮਾਂ ਦੇ ਬਾਵਜੂਦ ਵੀ ਪੁਲਿਸ ਅਤੇ ਪ੍ਰਸ਼ਾਸਨ ’ਤੇ ਇਨਸਾਫ ਨਾ ਦੇਣ ਦਾ ਦੋਸ਼; ਸੰਗਰੂਰ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਪਤੀ ’ਤੇ ਲਾਏ ਗੰਭੀਰ ਇਲਜ਼ਾਮ

ਉਹਨਾਂ ਦੱਸਿਆ ਕਿ ਮੇਰੇ ਸ਼ਰੀਕਾਂ ਨੇ ਮੈਨੂੰ ਕਈ ਵਾਰ ਗੰਦੀਆਂ ਗਾਲ੍ਹਾਂ ਵੀ ਕੱਢੀਆਂ ਹਨ ਜਿਸਦੀ ਵੀਡੀਓ ਵੀ ਮੌਜੂਦ ਹੈ।
ਉਹਨਾਂ ਦੱਸਿਆ ਕਿ ਮੁੱਖ ਮੰਤਰੀ ਦਫਤਰ ਵੱਲੋਂ ਇਸ ਮਾਮਲੇ ਵਿਚ ਹਦਾਇਤਾਂ ਕੀਤੀਆਂ ਗਈਆਂ ਪਰ ਕੋਈ ਕਾਰਵਾਈ ਨਹੀਂਹੋਈ।  ਉਹਨਾਂ ਦੱਸਿਆ ਕਿ ਮਿਤੀ 13.7.2020 ਨੂੰ ਦੋਵਾਂ ਧਿਰਾਂ ਦਰਮਿਆਨ ਹੋਏ ਇਕਰਾਰ ਤੋਂ ਬਾਅਦ ਉਹਨਾਂ ਆਪਣੀ ਜ਼ਮੀਨ ’ਤੇ ਬੁਰਜੀਆਂ ਵੀ ਲਗਾਈਆਂ ਸਨ ਪਰ ਸ਼ਰੀਕਾਂ ਨੇ ਪੁੱਟ ਦਿੱਤੀਆਂ ਹਨ।

ਉਹਨਾਂ ਦੱਸਿਆ ਕਿ  ਉਹ ਬੀਤੇ ਸ਼ੁੱਕਰਵਾਰ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੂੰ ਫਿਰ ਮਿਲੇ ਸਨ ਜਿਹਨਾਂ ਐਸ ਡੀ ਐਮ ਨਾਭਾ ਦੀ ਡਿਊਟੀ ਲਗਾਈ ਸੀ ਪਰ ਉਹਨਾਂ ਵੀ ਕੋਈ ਕਾਰਵਾਈ ਕਰਨ ਤੋਂ ਹੱਥ ਖੜ੍ਹੇ ਕਰ ਦਿੱਤੇ ਤੇ ਉਲਟਾ ਆਖ ਦਿੱਤਾ ਕਿ ਡੀ ਸੀ ਗਲਤ ਹਦਾਇਤਾਂ ਦੇ ਰਹੇ ਹਨ ਜਦੋਂ ਕਿ ਇਹ ਮਾਮਲਾ ਪੁਲਿਸ ਦਾ ਬਣਦਾ ਹੈ।

ਸਾਡਾ ਜ਼ਮੀਨੀ ਵਿਵਾਦ ਨਾਲ ਕੋਈ ਲੈਣਾ ਦੇਣਾ ਨਹੀਂ: ਮਨਦੀਪ ਸਿੰਘ
ਇਸ ਮਾਮਲੇ ਵਿਚ ਸੰਪਰਕ ਕਰਨ ’ਤੇ ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਪਤੀ ਮਨਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਜ਼ਮੀਨੀ ਵਿਵਾਦ ਨਾਲ ਕੋਈ ਲੈਣਾ ਦੇਣ ਨਹੀਂ ਹੈ। ਉਹਨਾਂ ਕਿਹਾ ਕਿ ਨਾ ਤਾਂ ਉਹ ਤੇ ਨਾ ਉਹਨਾਂ ਦੀ ਵਿਧਾਇਕਾ ਪਤਨੀ ਨਰਿੰਦਰ ਕੌਰ ਭਰਾਜ ਕਿਸੇ ਵਿਵਾਦ ਵਿਚ ਪੈਂਦੇ ਹਨ। ਉਹਨਾਂ ਕਿਹਾ ਕਿ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਆਖਿਆ ਹੈ ਤੇ ਉਹਨਾਂ ਜ਼ਮੀਨ ਦੀ ਤਕਸੀਮ ਦਾ ਕੇਸ ਪਾ ਦਿੱਤਾ ਹੈ। ਉਹਨਾਂ ਕਿਹਾ ਕਿ ਜਦੋਂ ਪਟਵਾਰੀ ਤਕਸੀਮ ਕਰੇਗਾ ਤਾਂ ਆਪਸੀ ਵਿਵਾਦ ਹੱਲ ਹੋ ਜਾਵੇਗਾ। ਉਹਨਾਂ ਕਿਹਾ ਕਿ ਉਂਝ ਵੀ ਜ਼ਮੀਨੀ ਵਿਵਾਦ ਆਪਸੀ ਗੱਲਬਾਤ ਰਾਹੀਂ ਹੀ ਖਤਮ ਹੁੰਦੇ ਹਨ ਤੇ ਇਹ ਉਹਨਾਂ ਦੇ ਪਰਿਵਾਰ ਦਾ ਮਸਲਾ ਹੈ ਜੋ ਗੱਲਬਾਤ ਰਾਹੀਂ ਹੱਲ ਹੋ ਸਕਦਾ ਹੈ।

ਮਾਮਲੇ ਵਿਚ ਕਾਰਵਾਈ ਲਈ ਹਦਾਇਤ ਕੀਤੀ, ਰਿਪੋਰਟ ਭਲਕੇ ਮਿਲੇਗੀ: ਡੀ ਸੀ ਪ‌ਟਿਆਲਾ
ਇਸ ਮਾਮਲੇ ਵਿਚ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਉਹਨਾਂ ਨੇ ਨਾਭਾ ਦੇ ਐਸ ਡੀ ਐਮ ਨੂੰ ਮਾਮਲੇ ਵਿਚ ਕਾਰਵਾਈ ਵਾਸਤੇ ਆਖਿਆ ਹੈ ਤੇ ਕਾਰਵਾਈ ਰਿਪੋਰਟ ਦੀ ਉਡੀਕ ਹੈ।  ਉਹਨਾਂ ਦੱਸਿਆ ਕਿ ਅੱਜ ਐਸ ਡੀ ਐਮ ਕਿਤੇ ਬਾਹਰ ਗਏ ਹਨ ਤੇ ਰਿਪੋਰਟ ਭਲਕੇ ਮਿਲਣ ਦੀ ਸੰਭਾਵਨਾ ਹੈ।