ਵਿਧਾਇਕ ਚੱਢਾ ਨੇ ਦਿੱਤੇ ਮਾਲ ਵਿਭਾਗ ਵਿਖੇ ਗੈਰ ਹਾਜ਼ਰ 2 ਪਟਵਾਰੀ ਤੇ 1 ਕਾਨੂੰਗੋ ਵਿਰੁੱਧ ਕਾਰਵਾਈ ਦੇ ਆਦੇਸ਼
ਬਹਾਦਰਜੀਤ ਸਿੰਘ / ਰੂਪਨਗਰ, 22 ਫਰਵਰੀ,2023
ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਐਸ.ਡੀ.ਐਮ ਦਫ਼ਤਰ ਰੂਪਨਗਰ ਵਿਖੇ ਵਹੀਕਲਾਂ ਦੀ ਰਜਿਸਟ੍ਰੇਸ਼ਨ, ਪੁਰਾਣੇ ਵਹੀਕਲਾਂ ਦੀ ਰਜਿਸਟ੍ਰੇਸ਼ਨ ਤਬਦੀਲੀ ਸਬੰਧੀ ਕਾਰਜਾਂ ਦਾ ਜਾਇਜ਼ਾ ਲਿਆ ਗਿਆ।
ਇਸ ਮੌਕੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਜਿਸਟ੍ਰੇਸ਼ਨ ਦਾ ਕੰਮ ਆਨਲਾਈਨ ਵਿਧੀ ਨਾਲ ਅਪਲਾਈ ਕਰਕੇ ਸਰਕਾਰੀ ਫੀਸ ਜਮ੍ਹਾਂ ਕਰਵਾ ਕੇ ਬੜੇ ਸਰਲ ਤਰੀਕੇ ਨਾਲ ਕੀਤਾ ਜਾ ਸਕਦਾ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਆਨਲਾਈਨ ਤਰੀਕੇ ਨਾਲ ਅਪਲਾਈ ਕਰਨ ਵਿੱਚ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਨੇੜੇ ਦੇ ਕੰਪਿਊਟਰ ਕੈਫੇ ਜਾ ਸੇਵਾ ਕੇਂਦਰ ਤੋਂ ਵੀ ਅਪਲਾਈ ਕੀਤਾ ਜਾ ਸਕਦਾ ਹੈ।
ਵਿਧਾਇਕ ਚੱਢਾ ਨੇ ਕਿਹਾ ਕਿ ਇਨ੍ਹਾਂ ਕੰਮਾਂ ਨੂੰ ਕਰਵਾਉਣ ਲਈ ਏਜੰਟਾਂ ਕੋਲ ਜਾਣ ਦੀ ਤੇ ਉਨ੍ਹਾਂ ਨੂੰ ਕੋਈ ਵਾਧੂ ਪੈਸੇ ਦੇਣ ਦੀ ਕੋਈ ਲੋੜ ਨਹੀਂ ਹੈ। ਪੰਜਾਬ ਸਰਕਾਰ ਆਮ ਜਨਤਾ ਨੂੰ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਦੇਣ ਦੇ ਲਈ ਲਗਾਤਾਰ ਯਤਨਸ਼ੀਲ ਹੈ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰੀ ਦਫ਼ਤਰਾਂ ਵਿੱਚ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਆ ਆ ਰਹੀ ਹੈ, ਜਾਂ ਕੋਈ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਉਸ ਸੰਬੰਧੀ ਸਾਡੇ ਧਿਆਨ ਵਿੱਚ ਲਿਆਂਦਾ ਜਾਵੇ। ਉਸ ਉੱਤੇ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।
ਉਨ੍ਹਾਂ ਸੰਬਧਿਤ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਰਜਿਸਟ੍ਰੇਸ਼ਨ ਦੇ ਕੰਮ ਲਈ ਸਰਕਾਰੀ ਫੀਸਾਂ ਵਾਲਾ ਬੋਰਡ ਦਫ਼ਤਰ ਦੇ ਬਾਹਰ ਜ਼ਰੂਰ ਲਗਾਇਆ ਜਾਵੇ।
ਇਸ ਉਪਰੰਤ ਵਿਧਾਇਕ ਵਲੋਂ ਮਾਲ ਵਿਭਾਗ ਦੇ ਚੈਕਿੰਗ ਕੀਤੀ ਗਈ ਜਿੱਥੇ 2 ਪਟਵਾਰੀ ਤੇ 1 ਕਾਨੂੰਗੋ ਗੈਰ ਹਾਜ਼ਰ ਪਾਏ ਗਏ। ਉਨ੍ਹਾਂ ਇਨ੍ਹਾਂ ਖਿਲਾਫ ਬਣਦੀ ਵਿਭਾਗੀ ਕਾਰਵਾਈ ਕਰ ਦੇ ਆਦੇਸ਼ ਵੀ ਦਿੱਤੇ।