ਸ਼੍ਰੋਮਣੀ ਕਮੇਟੀ ਕੋਰੋਨਾਵਾਇਰਸ ਪੀੜਤਾਂ ਨੂੰ ਅਲਾਹਿਦਾ ਰੱਖਣ ਲਈ ਦੇਵੇਗੀ ਸਹਿਯੋਗ- ਲੌਂਗੋਵਾਲ

174

ਸ਼੍ਰੋਮਣੀ ਕਮੇਟੀ ਕੋਰੋਨਾਵਾਇਰਸ ਪੀੜਤਾਂ ਨੂੰ ਅਲਾਹਿਦਾ ਰੱਖਣ ਲਈ ਦੇਵੇਗੀ ਸਹਿਯੋਗ- ਲੌਂਗੋਵਾਲ

ਅੰਮ੍ਰਿਤਸਰ, 23 ਮਾਰਚ-

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾਵਾਇਰਸ ਦੇ ਚੱਲਦਿਆਂ ਲੋੜ ਪੈਣ ‘ਤੇ ਪੀੜਤਾਂ ਨੂੰ ਵੱਖਰਾ ਰੱਖਣ ਲਈ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਸਹਿਯੋਗ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਕਾਰਜ ਲਈ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਪ੍ਰਬੰਧ ਕੀਤੇ ਜਾਣਗੇ ਅਤੇ ਜੇਕਰ ਲੋੜ ਪਈ ਤਾਂ ਗੁਰੂ ਘਰ ਦੀਆਂ ਸਰਾਵਾਂ ਨੂੰ ਵੀ ਮਰੀਜ਼ਾਂ ਦੀ ਅਲਾਹਿਦਗੀ ਲਈ ਵਰਤਿਆ ਜਾਵੇਗਾ। ਇਸ ਦੇ ਨਾਲ ਹੀ ਮੌਜੂਦਾ ਸਥਿਤੀ ਨੂੰ ਵੇਖਦਿਆਂ ਲੋੜਵੰਦਾਂ ਨੂੰ ਗੁਰੂ ਘਰਾਂ ਤੋਂ ਲੰਗਰ ਮੁਹੱਈਆ ਕਰਵਾਉਣ ਦਾ ਵੀ ਸ਼੍ਰੋਮਣੀ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਹੈ।

ਸ਼੍ਰੋਮਣੀ ਕਮੇਟੀ ਕੋਰੋਨਾਵਾਇਰਸ ਪੀੜਤਾਂ ਨੂੰ ਅਲਾਹਿਦਾ ਰੱਖਣ ਲਈ ਦੇਵੇਗੀ ਸਹਿਯੋਗ- ਲੌਂਗੋਵਾਲ-Photo courtesy-Internet

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਕੋਰੋਨਵਾਇਰਸ ਦੀ ਮਹਾਂਮਾਰੀ ਕਾਰਨ ਅੱਜ ਸਾਰਾ ਵਿਸ਼ਵ ਚਿੰਤਾ ਵਿਚ ਹੈ ਅਤੇ ਅਜਿਹੇ ਵਿਚ ਸ਼੍ਰੋਮਣੀ ਕਮੇਟੀ ਜਿਥੇ ਸਰਕਾਰ ਅਤੇ ਪ੍ਰਸ਼ਾਸਨ ਦੇ ਹਰ ਤਰ੍ਹਾਂ ਸਹਿਯੋਗ ਲਈ ਤਿਆਰ ਹੈ, ਉਥੇ ਹੀ ਪੀੜਤਾਂ ਨਾਲ ਵੀ ਹਮਦਰਦੀ ਰੱਖਦੀ ਹੈ। ਇਸ ਵਕਤ ਸਭ ਨੂੰ ਸਹਿਯੋਗੀ ਭਾਵਨਾ ਨਾਲ ਅੱਗੇ ਵਧਣਾ ਪਵੇਗਾ। ਉਨ੍ਹਾਂ ਕਿਹਾ ਕਿ ਕੋਰੋਨਾਵਾਇਰਸ ਦੇ ਪੀੜਤਾਂ ਨੂੰ ਰੱਖਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਅਤੇ ਹਸਪਤਾਲ ਸ੍ਰੀ ਅੰਮ੍ਰਿਤਸਰ ਵਿਖੇ ਪ੍ਰਬੰਧ ਕੀਤੇ ਗਏ ਹਨ।

ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬਾਨ ਦੀਆਂ ਸਰਾਵਾਂ ਵੀ ਤਿਆਰ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਸਬੰਧੀ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਕਾਰਜ ਕੀਤੇ ਜਾਣਗੇ। ਭਾਈ ਲੌਂਗੋਵਾਲ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਲੋੜਵੰਦਾਂ ਨੂੰ ਲੰਗਰ ਮੁਹੱਈਆ ਕਰਵਾਉਣ ਲਈ ਵੀ ਤਿਆਰ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਸ ਨਾਜ਼ੁਕ ਸਮੇਂ ਸ਼੍ਰੋਮਣੀ ਕਮੇਟੀ ਮਨੁੱਖਤਾ ਨਾਲ ਹਮਦਰਦੀ ਰੱਖਦਿਆਂ ਲੋਕ ਸੇਵਾ ਲਈ ਵਚਨਬੱਧ ਹੈ।

March,23,2020