ਸਾਂਸਦ ਮਨੀਸ਼ ਤਿਵਾੜੀ ਨੇ 5 ਬਰਸਾਤੀ ਨਦੀਆਂ ‘ਤੇ ਪੁਲ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖਿਆ ਪੱਤਰ

128

ਸਾਂਸਦ ਮਨੀਸ਼ ਤਿਵਾੜੀ ਨੇ 5 ਬਰਸਾਤੀ ਨਦੀਆਂ ‘ਤੇ ਪੁਲ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖਿਆ ਪੱਤਰ

ਬਹਾਦਰਜੀਤ ਸਿੰਘ  /ਮੋਹਾਲੀ,  21 ਅਗਸਤ,2022

ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਤੋਂ ਮਹਿਜ਼ 5 ਕਿਲੋਮੀਟਰ ਦੀ ਦੂਰੀ ‘ਤੇ ਨਿਕਲਣ ਵਾਲੀਆਂ 5 ਬਰਸਾਤੀ ਨਦੀਆਂ ‘ਤੇ ਪੁਲ ਬਣਾਉਣ ਦੀ ਮੰਗ ਕੀਤੀ ਹੈ, ਜਿਨ੍ਹਾਂ ਚ ਮੌਨਸੂਨ ਦੇ ਦਿਨਾਂ ਦੌਰਾਨ ਪਹਾੜਾਂ ਤੋਂ ਵਾਲਾ ਪਾਣੀ ਨਾਲ ਲੱਗਦੇ ਪਿੰਡਾਂ ਲਈ ਮੁਸ਼ਕਲਾਂ ਦਾ ਕਾਰਨ ਬਣ ਜਾਂਦਾ ਹੈ।  ਬਦਕਿਸਮਤੀ ਨਾਲ ਪਿਛਲੇ ਦਿਨੀਂ ਵਿਧਾਨ ਸਭਾ ਹਲਕਾ ਖਰੜ ਦੇ ਪਿੰਡ ਟਾਂਡੀ ਦੀ ਇੱਕ ਮਹਿਲਾ ਪੰਚ ਅਤੇ ਉਨ੍ਹਾਂ ਦੇ ਪਤੀ ਇਨ੍ਹਾਂ ਬਰਸਾਤੀ ਨਦੀਆਂ ਦਾ ਸ਼ਿਕਾਰ ਹੋ ਚੁੱਕੇ ਹਨ।

ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿੱਚ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਦੀ ਆਵਾਜ਼ ਤੋਂ ਸਿਰਫ਼ 5 ਕਿਲੋਮੀਟਰ ਦੂਰ ਪਿੰਡ ਟਾਂਡੀ ਦੀ ਮਹਿਲਾ ਪੰਚ ਸੁਨੀਤਾ ਅਤੇ ਉਨ੍ਹਾਂ ਦੇ ਪਤੀ ਸੱਜਣ ਸਿੰਘ ਆਪਣੀ ਛੋਟੀ ਬੇਟੀ ਸਮੇਤ ਇਨ੍ਹਾਂ ਪਹਾੜੀ ਦਰਿਆਵਾਂ ਵਿੱਚ ਰੁੜ੍ਹ ਗਏ ਸਨ।  ਹਾਲਾਂਕਿ ਉਨ੍ਹਾਂ ਦੀ ਧੀ ਨੂੰ ਤਾਂ ਬਚਾ ਲਿਆ ਗਿਆ ਪਰ ਮਹਿਲਾ ਪੰਚ ਤੇ ਉਨ੍ਹਾਂ ਦੇ ਪਤੀ ਦੀ ਮੌਤ ਹੋ ਗਈ। ਚੰਡੀਗੜ੍ਹ ਦੇ ਨਾਲ ਲੱਗਦੇ ਇਲਾਕੇ ਦੇ ਪਿੰਡਾਂ ਦੇ ਲੋਕਾਂ ਦੀ ਜ਼ਿੰਦਗੀ ਨਦੀਆਂ ਚ ਬਰਸਾਤੀ ਪਾਣੀ ਆਉਣ ਤੋਂ ਬਾਅਦ ਬੁਰੀ ਹਾਲਾਤ ਚ ਪਹੁੰਚ ਜਾਂਦੀ ਹੈ ਤੇ ਉਹ ਚੰਡੀਗੜ੍ਹ ਅਤੇ ਦੂਜੇ ਇਲਾਕਿਆਂ ਤੋਂ ਪੁਲ ਦਾ ਕੱਟ ਜਾਂਦੇ ਹਨ।

ਸਾਂਸਦ ਮਨੀਸ਼ ਤਿਵਾੜੀ ਨੇ 5 ਬਰਸਾਤੀ ਨਦੀਆਂ 'ਤੇ ਪੁਲ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖਿਆ ਪੱਤਰ
Manish Tiwari

ਇਨ੍ਹਾਂ ਪੰਜ ਦਰਿਆਵਾਂ ’ਤੇ 5 ਪੁਲ ਬਣਾਉਣ ਦੀ ਲੋੜ ਹੈ, ਜਿਨ੍ਹਾਂ ਦਾ ਕੰਮ ਲੰਮੇ ਸਮੇਂ ਤੋਂ ਲਟਕਿਆ ਹੋਇਆ ਹੈ।  ਇਨ੍ਹਾਂ ਪੁਲਾਂ ਦੀ ਲਾਗਤ ਸਿਰਫ਼ 11.22 ਕਰੋੜ ਰੁਪਏ ਹੈ ਅਤੇ ਇਨ੍ਹਾਂ ਦੀ ਤਜਵੀਜ਼ ਸੂਬਾ ਸਰਕਾਰ ਕੋਲ ਪੈਂਡਿੰਗ ਹੈ।

ਉਨ੍ਹਾਂ ਅਫਸੋਸ ਜ਼ਾਹਿਰ ਕੀਤਾ ਕਿ 21ਵੀਂ ਸਦੀ ਵਿੱਚ ਵੀ ਦਰਿਆਵਾਂ ਦੇ ਉਫਾਨ ਤੇ ਹੋਣ ਕਾਰਨ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੇ, ਜੋ ਕਿ ਮੌਜੂਦਾ ਸਰਕਾਰ ਦੇ ਵੱਡੇ-ਵੱਡੇ ਦਾਅਵਿਆਂ ਦੇ ਉਲਟ ਹੈ।

ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਖਾਸ ਕਰਕੇ ਲੋਕ ਨਿਰਮਾਣ ਵਿਭਾਗ ਬੀਐਂਡਆਰ, ਐਸਏਐਸ ਨਗਰ ਦੇ ਕੰਸਟਰਕਸ਼ਨ ਡਿਵੀਜ਼ਨ ਇਕ ਦੇ ਕਾਰਜਕਾਰੀ ਇੰਜਨੀਅਰ ਨੇ ਇਨ੍ਹਾਂ ਪੰਜ ਦਰਿਆਵਾਂ ’ਤੇ ਪੰਜ ਪੁਲਾਂ ਦੀ ਉਸਾਰੀ ਦਾ ਐਸਟੀਮੇਟ ਹੀ ਪੰਜਾਬ ਸਰਕਾਰ ਨੂੰ ਭੇਜਿਆ ਹੈ।

ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ ਤੁਸੀਂ ਇਸ ਮਾਮਲੇ ਨੂੰ ਪਹਿਲ ਦੇ ਆਧਾਰ ‘ਤੇ ਲੈ ਕੇ ਪੁਲਾਂ ਦੀ ਉਸਾਰੀ ਲਈ ਬਜਟ ਨੂੰ ਮਨਜ਼ੂਰੀ ਦਿਓਗੇ ਅਤੇ ਕੰਮ ਨੂੰ ਸਮਾਂਬੱਧ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ, ਤਾਂ ਜੋ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਹੋ ਸਕੇ |