ਸੰਗਰੂਰ ਦੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨੇ ਨਸ਼ਿਆਂ ਖਿਲਾਫ਼ ਵਿੱਢੀ ਸਾਂਝੀ ਜੰਗ ਵਿੱਚ ਕੈਮਿਸਟਾਂ ਤੋਂ ਸਹਿਯੋਗ ਮੰਗਿਆ; 8054-112-112 ’ਤੇ ਦਿੱਤੀ ਜਾਵੇ ਸੂਚਨਾ

171

ਸੰਗਰੂਰ ਦੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨੇ ਨਸ਼ਿਆਂ ਖਿਲਾਫ਼ ਵਿੱਢੀ ਸਾਂਝੀ ਜੰਗ ਵਿੱਚ ਕੈਮਿਸਟਾਂ ਤੋਂ ਸਹਿਯੋਗ ਮੰਗਿਆ; 8054-112-112 ’ਤੇ ਦਿੱਤੀ ਜਾਵੇ ਸੂਚਨਾ

ਸੰਗਰੂਰ, 5 ਸਤੰਬਰ,2023:

ਨਸ਼ਾ ਇੱਕ ਵੱਡੀ ਸਮਾਜਿਕ ਬੁਰਾਈ ਹੈ ਜਿਸ ਦੇ ਮੁਕੰਮਲ ਖਾਤਮੇ ਲਈ ਸਾਰੇ ਨਾਗਰਿਕਾਂ ਨੂੰ ਇੱਕਜੁਟ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ ਅਤੇ ਪ੍ਰਸ਼ਾਸਨ ਤੇ ਪੁਲਿਸ ਨਸ਼ਿਆਂ ਖਿਲਾਫ਼ ਵਿੱਢੀ ਜੰਗ ਵਿੱਚ ਤਾਹੀਂ ਸਫ਼ਲ ਹੋ ਸਕਦੇ ਹਨ ਜੇਕਰ ਲੋਕ ਸਹਿਯੋਗ ਲਈ ਵਧ ਚੜ੍ਹ ਕੇ ਅੱਗੇ ਆਉਣ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਐਸ.ਐਸ.ਪੀ ਸੁਰੇਂਦਰ ਲਾਂਬਾ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹੇ ਦੀਆਂ ਸਮੂਹ ਕੈਮਿਸਟ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਨਾਲ ਵਿਸਤ੍ਰਿਤ ਮੀਟਿੰਗ ਦੌਰਾਨ ਕੀਤਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜਨ ਵਿੱਚ ਪੁਲਿਸ ਸਰਗਰਮ ਯੋਗਦਾਨ ਪਾ ਰਹੀ ਹੈ ਅਤੇ ਸਮੂਹ ਨਾਗਰਿਕਾਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਜਿਹੜੇ ਮਾੜੇ ਅਨਸਰ ਨਸ਼ਿਆਂ ਨਾਲ ਸਮਾਜ ਨੂੰ ਖੋਖਲਾ ਕਰਨ ਲਈ ਚਾਲਾਂ ਚੱਲ ਰਹੇ ਹਨ ਉਨ੍ਹਾਂ ਨੂੰ ਸਲਾਖਾਂ ਪਿੱਛੇ ਪਹੁੰਚਾਉਣ ਵਿੱਚ ਬਣਦਾ ਯੋਗਦਾਨ ਪਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਕੈਮਿਸਟਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨਸ਼ੇ ਵਾਲੀਆਂ ਤੇ ਪਾਬੰਦੀਸ਼ੁਦਾ ਦਵਾਈਆਂ ਦੀ ਵਿਕਰੀ ਤੇ ਮੁਕੰਮਲ ਰੋਕ ਨੂੰ ਯਕੀਨੀ ਬਣਾ ਕੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਅਤੇ ਜੇਕਰ ਕੋਈ ਵੀ ਨਸ਼ਾ ਪੀੜਤ ਵਿਅਕਤੀ ਉਨ੍ਹਾਂ ਦੀ ਦੁਕਾਨ ’ਤੇ ਆਉਂਦਾ ਹੈ ਤਾਂ ਉਸ ਨੂੰ ਸਰਕਾਰੀ ਨਸ਼ਾ ਮੁਕਤੀ ਕੇਂਦਰ ਜਾਂ ਓਟ ਕਲੀਨਿਕ ਵਿੱਚ ਇਲਾਜ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਉਸ ਨੂੰ ਨਸ਼ਾ ਮੁਕਤ ਕਰਕੇ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਦੀ ਬਣਦਾ ਯੋਗਦਾਨ ਪਾਇਆ ਜਾ ਸਕੇ।

ਇਸ ਮੌਕੇ ਐਸ.ਐਸ.ਪੀ ਸੁਰੇਂਦਰ ਲਾਂਬਾ ਨੇ ਕਿਹਾ ਕਿ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਵਿੱਚ ਕੈਮਿਸਟਾਂ ਦੀ ਫੀਡਬੈਕ ਕਾਫ਼ੀ ਮਹੱਤਵਪੂਰਨ ਭੂਮਿਕਾ ਅਦਾ ਕਰ ਸਕਦੀ ਹੈ ਅਤੇ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਜੰਗ ਵਿੱਚ ਜਾਰੀ ਹੈਲਪਲਾਈਨ ਨੰਬਰ 8054-112-112 ’ਤੇ ਕੋਈ ਵੀ ਬਿਨਾਂ ਝਿਜਕ ਗੱਲ ਕਰਕੇ ਨਸ਼ਾ ਵਿਕ੍ਰੇਤਾਵਾਂ, ਨਸ਼ਾ ਸਪਲਾਇਰਾਂ ਤੇ ਨਸ਼ਾ ਪੀੜਤਾਂ ਬਾਰੇ ਜਾਣਕਾਰੀ ਦੇ ਸਕਦਾ ਹੈ ਅਤੇ ਇਸ ਹੈਲਪਲਾਈਨ ’ਤੇ ਆਉਣ ਵਾਲੀ ਸੂਚਨਾ ਸਬੰਧੀ ਸਾਰੇ ਵੇਰਵੇ ਮੁਕੰਮਲ ਤੌਰ ’ਤੇ ਗੁਪਤ ਰੱਖੇ ਜਾਂਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਦੇ ਆਂਢ ਗੁਆਂਢ, ਗਲੀ ਮੁਹੱਲੇ ਵਿੱਚ ਕੋਈ ਵੀ ਵਿਅਕਤੀ ਨਸ਼ਿਆਂ ਦਾ ਸੇਵਨ ਕਰਦਾ ਹੈ ਤਾਂ ਉਸ ਬਾਰੇ ਵੇਰਵੇ ਛੁਪਾਉਣ ਦੀ ਲੋੜ ਨਹੀਂ ਕਿਉਂਕਿ ਨਸ਼ਿਆਂ ਦੇ ਸੇਵਨ ਤੋਂ ਛੁਟਕਾਰਾ ਸੰਭਵ ਹੈ ਅਤੇ ਸਰਕਾਰ ਦੀ ਤਰਫੋਂ ਸਥਾਪਤ ਨਸ਼ਾ ਮੁਕਤੀ ਕੇਂਦਰ ਘਾਬਦਾਂ ਤੇ ਓਟ ਕਲੀਨਿਕਾਂ ਵਿੱਚ ਇਲਾਜ ਲਈ ਬਿਹਤਰੀਨ ਸਹੂਲਤਾਂ ਉਪਲਬਧ ਹਨ।

ਸੰਗਰੂਰ ਦੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨੇ ਨਸ਼ਿਆਂ ਖਿਲਾਫ਼ ਵਿੱਢੀ ਸਾਂਝੀ ਜੰਗ ਵਿੱਚ ਕੈਮਿਸਟਾਂ ਤੋਂ ਸਹਿਯੋਗ ਮੰਗਿਆ; 8054-112-112 ’ਤੇ ਦਿੱਤੀ ਜਾਵੇ ਸੂਚਨਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨੇ ਨਸ਼ਿਆਂ ਖਿਲਾਫ਼ ਵਿੱਢੀ ਸਾਂਝੀ ਜੰਗ ਵਿੱਚ ਕੈਮਿਸਟਾਂ ਤੋਂ ਸਹਿਯੋਗ ਮੰਗਿਆ; 8054-112-112 ’ਤੇ ਦਿੱਤੀ ਜਾਵੇ ਸੂਚਨਾ

ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ ਨੇ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਲਈ ਸਮਾਜ ਦੇ ਇੱਕ ਜਿੰਮੇਵਾਰ ਨਾਗਰਿਕ ਵਜੋਂ ਆਪਣੀ ਭੂਮਿਕਾ ਨਿਭਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਵਿੱਚ ਨਸ਼ਿਆਂ ਦੇ ਖਿਲਾਫ਼ ਆਵਾਜ਼ ਬੁਲੰਦ ਕਰਕੇ ਨਿੱਗਰ ਕਦਮ ਪੁੱਟੇ ਜਾਣ ਤਾਂ ਜੋ ਗੈਰ ਸਮਾਜਿਕ ਅਨਸਰਾਂ ਨੂੰ ਨਸ਼ਿਆਂ ਦਾ ਕਾਲਾ ਕਾਰੋਬਾਰ ਬੰਦ ਕਰਨ ਲਈ ਮਜ਼ਬੂਰ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਨਸ਼ਾ ਪੀੜਤ ਵਿਅਕਤੀ ਨੂੰ ਉਚਿਤ ਦੇਖਭਾਲ ਅਤੇ ਨਿਰੰਤਰ ਪ੍ਰੇਰਨਾ ਨਾਲ ਤੰਦਰੁਸਤ ਕਰਨਾ ਸੰਭਵ ਹੈ ਅਤੇ ਸਾਡਾ ਸਾਰਿਆਂ ਦਾ ਇਹ ਨੈਤਿਕ ਫਰਜ਼ ਬਣਦਾ ਹੈ ਕਿ ਰਾਹ ਭਟਕੇ ਲੋਕਾਂ ਨੂੰ ਸਹੀ ਰਾਹ ’ਤੇ ਲਿਆਂਦਾ ਜਾਵੇ।

ਮੀਟਿੰਗ ਦੌਰਾਨ ਕੈਮਿਸਟ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਨੇ ਵਿਸ਼ਵਾਸ ਦਿਵਾਇਆ ਕਿ ਜ਼ਿਲ੍ਹੇ ਵਿੱਚ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ ਅਤੇ ਸਮਾਜ ਨੂੰ ਨਸ਼ਾ ਮੁਕਤ ਕਰਨ ਵਿੱਚ ਕੈਮਿਸਟਾਂ ਦੀ ਤਰਫੋਂ ਸਰਗਰਮ ਭੂਮਿਕਾ ਅਦਾ ਕੀਤੀ ਜਾਵੇਗੀ।

ਇਸ ਮੌਕੇ ਐਸ.ਡੀ.ਐਮ ਸੰਗਰੂਰ ਨਵਰੀਤ ਕੌਰ ਸੇਖੋਂ, ਐਸ.ਡੀ.ਐਮ ਦਿੜ੍ਹਬਾ ਤੇ ਸੁਨਾਮ ਰਾਜੇਸ਼ ਸ਼ਰਮਾ, ਐਸ.ਡੀ.ਐਮ ਮੂਨਕ ਤੇ ਲਹਿਰਾ ਸੂਬਾ ਸਿੰਘ, ਐਸ.ਪੀ ਪਲਵਿੰਦਰ ਸਿੰਘ ਚੀਮਾ, ਸਹਾਇਕ ਕਮਿਸ਼ਨਰ , ਸਿਵਲ ਸਰਜਨ ਡਾ. ਪਰਮਿੰਦਰ ਕੌਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਵਿਕਾਸ ਧੀਰ ਸਮੇਤ ਹੋਰ ਅਧਿਕਾਰੀ, ਕੈਮਿਸਟ ਐਸੋਸੀਏਸ਼ਨਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।