HomeEducationਈ. ਐੱਮ. ਆਰ. ਸੀ. ਪਟਿਆਲਾ ਮਾਰ ਰਿਹਾ ਨਵੇਂ ਮਾਅਰਕੇ ;ਨਵੇਂ ਪ੍ਰੋਗਰਾਮ ਬਣਾਉਣ...

ਈ. ਐੱਮ. ਆਰ. ਸੀ. ਪਟਿਆਲਾ ਮਾਰ ਰਿਹਾ ਨਵੇਂ ਮਾਅਰਕੇ ;ਨਵੇਂ ਪ੍ਰੋਗਰਾਮ ਬਣਾਉਣ ਦੀਆਂ ਪ੍ਰਵਾਨਗੀਆਂ ਦੇ ਮਾਮਲੇ ਵਿੱਚ ਰਿਹਾ ਪੂਰੇ ਦੇਸ ਵਿੱਚੋਂ ਦੂਜੇ ਸਥਾਨ ਉੱਤੇ

ਈ. ਐੱਮ. ਆਰ. ਸੀ. ਪਟਿਆਲਾ ਮਾਰ ਰਿਹਾ ਨਵੇਂ ਮਾਅਰਕੇ ;ਨਵੇਂ ਪ੍ਰੋਗਰਾਮ ਬਣਾਉਣ ਦੀਆਂ ਪ੍ਰਵਾਨਗੀਆਂ ਦੇ ਮਾਮਲੇ ਵਿੱਚ ਰਿਹਾ ਪੂਰੇ ਦੇਸ ਵਿੱਚੋਂ ਦੂਜੇ ਸਥਾਨ ਉੱਤੇ

ਪਟਿਆਲਾ/ ਜੁਲਾਈ 28, 2023

ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ. ਐੱਮ. ਆਰ. ਸੀ.) ਪਟਿਆਲਾ ਪਿਛਲੇ ਇੱਕ ਸਾਲ 2022-23 ਦੌਰਾਨ ਮੂਕਸ ਕੋਰਸਾਂ ਦੇ ਨਿਰਮਾਣ ਵਿੱਚ ਪੂਰੇ ਦੇਸ ਵਿੱਚੋਂ ਦੂਜੇ ਸਥਾਨ ਉੱਤੇ ਪਹੁੰਚ ਗਿਆ ਹੈ। ਪੂਰੇ ਮੁਲਕ ਦੇ ਇੱਕੀ ਕੇਂਦਰਾਂ ਵਿੱਚੋਂ ਮੈਸੂਰ ਸਥਿਤ ਈ. ਐੱਮ. ਆਰ. ਸੀ. ਪਹਿਲੇ ਨੰਬਰ ਉੱਤੇ ਹੈ। ਈ. ਐੱਮ. ਆਰ.ਸੀ. ਮੈਸੂਰ ਦੇ 19 ਮੂਕਸ ਪ੍ਰੋਗਰਾਮ ਪ੍ਰਵਾਨ ਹੋਏ ਹਨ ਜਦੋਂ ਕਿ ਈ.ਐੱਮ. ਆਰ. ਸੀ. ਪਟਿਆਲਾ ਦੇ 15 ਮੂਕਸ ਪ੍ਰੋਗਰਾਮ ਪ੍ਰਵਾਨ ਹੋਏ ਹਨ।  ਜ਼ਿਕਰਯੋਗ ਹੈ ਕਿ ਮੂਕਸ ਪ੍ਰੋਗਰਾਮ (ਮੈਸਿਵ ਓਪਨ ਔਨਲਾਈਨ ਕੋਰਸ) ਨਾਮਕ ਇਸ ਡਿਜੀਟਲ ਸਮੱਗਰੀ ਦੇ ਨਿਰਮਾਣ ਹਿਤ ਕੇਂਦਰ ਸਰਕਾਰ ਦੇ ਦੋ ਅਦਾਰੇ ਕੰਨਸੋਰਸ਼ੀਅਮ ਫਾਰ ਐਜੂਕੇਸ਼ਨਲ ਕਿਉਮਨੀਕੇਸ਼ਨ (ਸੀ.ਈ.ਸੀ.) ਅਤੇ ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂ.ਜੀ.ਸੀ.) ਦੀ ਨਿਗਰਾਨੀ ਹੇਠ ਈ. ਐੱਮ. ਆਰ. ਸੀ. ਵਿਖੇ ਪੂਰਾ ਸਾਲ ਕੰਮ ਚਲਦਾ ਹੈ। ਵੱਖ-ਵੱਖ ਵਿਸ਼ਾ ਮਾਹਿਰਾਂ ਦੇ ਵੀਡੀਓ-ਭਾਸ਼ਣ ਰਿਕਾਰਡ ਕੀਤੇ ਜਾਂਦੇ ਹਨ ਅਤੇ ਸੰਪਾਦਨ ਉਪਰੰਤ ਇਨ੍ਹਾਂ ਨੂੰ ਬਾਕਾਇਦਾ ਇੱਕ ਕੋਰਸ ਦੇ ਰੂਪ ਵਿੱਚ ‘ਸਵੈਯਮ’ ਵੈੱਬਸਾਈਟ ਉੱਤੇ ਚਲਾਇਆ ਜਾਂਦਾ ਹੈ। ਦੇਸ-ਵਿਦੇਸ਼ ਤੋਂ ਵਿਦਿਆਰਥੀ ਆਨਲਾਈਨ ਮਾਧਿਅਮ ਰਾਹੀਂ ਇਨ੍ਹਾਂ ਕੋਰਸਾਂ ਦਾ ਲਾਹਾ ਲੈਂਦੇ ਹਨ ਅਤੇ ਪੂਰੇ ਮੁਲਕ ਦੀਆਂ ਯੂਨੀਵਰਸਿਟੀਆਂ ਵਿੱਚ ਦਾਖਲ ਕੋਈ ਵੀ ਵਿਦਿਆਰਥੀ ਇਹ ਕੋਰਸ ਕਰ ਸਕਦਾ ਹੈ।।

ਪੂਰੇ ਮੁਲਕ ਵਿੱਚ 21 ਈ. ਐੱਮ.ਆਰ.ਸੀ. ਕੇਂਦਰ ਹਨ ਜਿਨ੍ਹਾਂ ਵਿੱਚੋਂ ਇੱਕ ਕੇਂਦਰ ਪੰਜਾਬੀ ਯੂਨੀਵਰਸਿਟੀ ਦੇ ਪਟਿਆਲਾ ਕੈਂਪਸ ਵਿੱਚ ਸਥਿਤ ਹੈ। ਵਰਨਣਯੋਗ ਹੈ ਕਿ ਈ. ਐੱਮ. ਆਰ.ਸੀ. ਪਟਿਆਲਾ ਵਿਖੇ 2016 ਤੋਂ ਮੂਕਸ ਪ੍ਰੋਗਰਾਮ ਬਣਨੇ ਸ਼ੁਰੂ ਹੋਏ ਸਨ। 2021 ਦੇ ਅੰਤ ਤੱਕ ਪੰਜ ਮੂਕਸ ਪ੍ਰੋਗਰਾਮਾਂ ਦਾ ਨਿਰਮਾਣ ਕੀਤਾ ਗਿਆ ਜਦੋਂ ਕਿ ਹੁਣ ਪਿਛਲੇ ਸਾਲ 15 ਮੂਕਸ ਪ੍ਰੋਗਰਾਮਾਂ ਲਈ ਪ੍ਰਵਾਨਗੀ ਪ੍ਰਾਪਤ ਹੋਈ ਜਿਨ੍ਹਾਂ ਵਿੱਚੋਂ ਛੇ ਮੂਕਸ ਪ੍ਰੋਗਰਾਮ ਮੁਕੰਮਲ ਹੋ ਚੁੱਕੇ ਹਨ। ਪੰਜ ਪ੍ਰੋਗਰਾਮ ਤਕਰੀਬਨ ਮੁਕੰਮਲ ਹੋ ਕੇ ਅੰਤਿਮ ਪੜਾਅ ਉੱਤੇ ਪੜਚੋਲ ਅਧੀਨ (ਅੰਡਰ-ਪਰਵਿਊ) ਹਨ ਅਤੇ ਚਾਰ ਦੇ ਨਿਰਮਾਣ ਦਾ ਕਾਰਜ ਚੱਲ ਰਿਹਾ ਹੈ। ਇਨ੍ਹਾਂ ਪ੍ਰੋਗਰਾਮਾਂ ਦੇ ਨਿਰਮਾਣ ਲਈ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ, ਚੰਡੀਗੜ੍ਹ ਤੋਂ ਇਲਾਵਾ ਭਾਰਤ ਦੇ ਵੱਖ-ਵੱਖ ਰਾਜਾਂ ਉੱਤਰ ਪ੍ਰਦੇਸ਼, ਬਿਹਾਰ ਅਤੇ ਦਿੱਲੀ ਦੀਆਂ ਯੂਨੀਵਰਸਿਟੀਆਂ ਤੋਂ ਵੱਖ-ਵੱਖ ਵਿਸ਼ਾ ਮਾਹਿਰ ਉਚੇਚੇ ਤੌਰ ਉੱਤੇ ਈ.ਐੱਮ.ਆਰ.ਸੀ. ਪਟਿਆਲਾ ਪਹੁੰਚਦੇ ਹਨ।

ਈ. ਐੱਮ. ਆਰ. ਸੀ. ਪਟਿਆਲਾ ਦੇ ਡਾਇਰੈਕਟਰ ਦਲਜੀਤ ਅਮੀ ਨੇ ਇਸ ਸੰਬੰਧੀ ਖੁਸ਼ੀ ਪ੍ਰਗਟਾਉਂਦਿਆਂ ਦੱਸਿਆ ਕਿ ਇਸ ਕੇਂਦਰ ਰਾਹੀਂ ਵਿਸ਼ਾ ਮਾਹਿਰਾਂ ਵੱਲੋਂ ਜਿਸ ਕਿਸਮ ਦੀਆਂ ਤਜਵੀਜ਼ਾਂ ਬਣਾ ਕੇ ਭੇਜੀਆਂ ਗਈਆਂ ਸਨ ਉਨ੍ਹਾਂ ਅਨੁਸਾਰ ਇਹ ਪ੍ਰਵਾਨਗੀ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਰੁਝਾਨ ਨੂੰ ਅੱਗੇ ਲੈ ਕੇ ਜਾ ਰਹੇ ਹਾਂ। ਉਨ੍ਹਾਂ ਦੱਸਿਆ ਕਿ ਅਸੀਂ ਇਸ ਵੇਲੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੀਆਂ ਯੂਨੀਵਰਸਿਟੀਆਂ ਨਾਲ਼ ਸੰਪਰਕ ਵਿੱਚ ਹਾਂ ਅਤੇ ਇਸ ਵੇਲੇ ਜ਼ਿਆਦਾ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪੜਾਅ ਉੱਤੇ ਮਿਲੇ ਹੁੰਗਾਰੇ ਕਾਰਨ ਵਧੇਰੇ ਤਜਵੀਜ਼ਾਂ ਬਣਾ ਕੇ ਭੇਜੀਆਂ ਜਾ ਸਕਣਗੀਆਂ। ਆਸ ਹੈ ਕਿ ਹੁਣ ਤੋਂ ਵੀ ਵਧੇਰੇ ਤਜਵੀਜ਼ਾਂ ਦੀ ਪ੍ਰਵਾਨਗੀ ਹੋਵੇਗੀ। ਨਤੀਜੇ ਵਜੋਂ ਇਸੇ ਸਾਲ ਦੌਰਾਨ ਇਸ ਮਾਮਲੇ ਵਿੱਚ ਈ.ਐੱਮ.ਆਰ. ਸੀ. ਪਟਿਆਲਾ ਦੇਸ ਵਿੱਚ ਪਹਿਲੇ ਨੰਬਰ ਉੱਤੇ ਆ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਵਾਨਿਤ ਹੋਏ ਸਾਰੇ ਮੂਕਸ ਦਾ ਨਿਰਮਾਣ ਇਸ ਸਾਲ ਵਿੱਚ ਮੁਕੰਮਲ ਕੀਤਾ ਜਾਵੇਗਾ ਤਾਂ ਕਿ ਹੋਰ ਵਧੇਰੇ ਮੂਕਸ ਪ੍ਰੋਗਰਾਮਾਂ ਦੀ ਨਵੀਂ ਪ੍ਰਵਾਨਗੀ ਲਈ ਵਧੇਰੇ ਤਿਆਰੀ, ਤਜਰਬੇ ਅਤੇ ਇਤਮਾਦ ਨਾਲ ਪਹੁੰਚ ਕੀਤੀ ਜਾ ਸਕੇ।

ਈ. ਐੱਮ. ਆਰ. ਸੀ. ਪਟਿਆਲਾ ਮਾਰ ਰਿਹਾ ਨਵੇਂ ਮਾਅਰਕੇ ;ਨਵੇਂ ਪ੍ਰੋਗਰਾਮ ਬਣਾਉਣ ਦੀਆਂ ਪ੍ਰਵਾਨਗੀਆਂ ਦੇ ਮਾਮਲੇ ਵਿੱਚ ਰਿਹਾ ਪੂਰੇ ਦੇਸ ਵਿੱਚੋਂ ਦੂਜੇ ਸਥਾਨ ਉੱਤੇ

ਈ. ਐੱਮ. ਆਰ. ਸੀ. ਪਟਿਆਲਾ ਮਾਰ ਰਿਹਾ ਨਵੇਂ ਮਾਅਰਕੇ ;ਨਵੇਂ ਪ੍ਰੋਗਰਾਮ ਬਣਾਉਣ ਦੀਆਂ ਪ੍ਰਵਾਨਗੀਆਂ ਦੇ ਮਾਮਲੇ ਵਿੱਚ ਰਿਹਾ ਪੂਰੇ ਦੇਸ ਵਿੱਚੋਂ ਦੂਜੇ ਸਥਾਨ ਉੱਤੇ I ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਸਾਨੂੰ ਆਪਣੇ ਅਦਾਰਿਆਂ ਨੂੰ ਬਿਹਤਰ ਕਰਨ ਲਈ ਤਨਦੇਹੀ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਖੁਸ਼ੀ ਜ਼ਾਹਿਰ ਕਰਦਿਆਂ ਆਸ ਦਰਸਾਈ ਕਿ ਅਸੀਂ ਜਲਦੀ ਹੀ ਪਹਿਲੇ ਨੰਬਰ ਉੱਤੇ ਆਵਾਂਗੇ ਅਤੇ ਮਿਆਰ ਨੂੰ ਹੋਰ ਉੱਚਾ ਚੁੱਕਾਂਗੇ। ਉਨ੍ਹਾਂ ਅੱਗੇ ਕਿਹਾ ਕਿ ਇਸ ਵੇਲੇ ਨਵੀਂ ਤਕਨੀਕ ਨਾਲ ਜੋੜ ਕੇ ਵਿਦਿਆ ਦੇ ਵਧਾਰੇ-ਪਸਾਰੇ ਲਈ ਵਧੇਰੇ ਉਪਰਾਲਿਆਂ ਦੀ ਜ਼ਰੂਰਤ ਹੈ। ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਰਜਿਸਟਰਾਰ ਪ੍ਰੋ. ਨਵਜੋਤ ਕੌਰ ਅਤੇ ਡੀਨ ਅਕਾਦਮਿਕ ਮਾਮਲੇ ਪ੍ਰੋ. ਅਸ਼ੋਕ ਕੁਮਾਰ ਤਿਵਾੜੀ ਸਮੇਤ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਦਾ ਦੌਰਾ ਕੀਤਾ ਅਤੇ ਸਮੁੱਚੇ ਅਮਲੇ ਦੀ ਹੌਸਲਾ ਅਫ਼ਜਾਈ ਕੀਤੀ।

ਪ੍ਰੋ. ਨਵਜੋਤ ਕੌਰ ਨੇ ਕਿਹਾ ਕਿ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਨੇ ਆਪਣੇ ਕੰਮ ਨੂੰ ਬਿਹਤਰ ਕਰਨ ਦੇ ਨਾਲ-ਨਾਲ ਯੂਨੀਵਰਸਿਟੀ ਦੀਆਂ ਅਕਾਦਮਿਕ ਸਰਗਰਮੀਆਂ ਵਿੱਚ ਨਿੱਗਰ ਯੋਗਦਾਨ ਪਾਇਆ ਹੈ। ਪ੍ਰੋ. ਅਸ਼ੋਕ ਕੁਮਾਰ ਤਿਵਾੜੀ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਉਹ ਗਵਾਹ ਹਨ ਕਿ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਨੇ ਦੋ-ਦੋ ਸ਼ਿਫਟਾਂ ਵਿੱਚ ਕੰਮ ਕਰਕੇ ਇਹ ਮੁਕਾਮ ਹਾਸਿਲ ਕੀਤਾ ਹੈ। ਇਸ ਮੌਕੇ ਦਲਜੀਤ ਅਮੀ ਨੇ ਵਾਈਸ ਚਾਂਸਲਰ ਪ੍ਰੋ. ਅਰਵਿੰਦ, ਪ੍ਰੋ. ਨਵਜੋਤ ਕੌਰ ਅਤੇ ਡੀਨ ਅਕਾਦਮਿਕ ਮਾਮਲੇ ਪ੍ਰੋ ਅਸ਼ੋਕ ਕੁਮਾਰ ਤਿਵਾੜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪ੍ਰਾਪਤੀ ਆਪ ਜੀ ਦੇ ਸਹਿਯੋਗ ਤੋਂ ਬਿਨਾਂ ਮੁਮਕਿਨ ਨਹੀਂ ਸੀ। ਉਨ੍ਹਾਂ ਆਸ ਦਰਸਾਈ ਕਿ ਇਹ ਸਹਿਯੋਗ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਤਰੱਕੀ ਦੀਆਂ ਅਗਲੀਆਂ ਪੌੜੀਆਂ ਚੜ੍ਹਦਾ ਰਹੇਗਾ।

 

LATEST ARTICLES

Most Popular

Google Play Store