ਈ. ਐੱਮ.ਆਰ.ਸੀ. ਪੰਜਾਬੀ ਯੂਨੀਵਰਸਿਟੀ ਦੀ ਟੀਮ ਨੇ ਹੈਦਰਾਬਾਦ ਵਿਖੇ ਫਿ਼ਲਮ ਫ਼ੈਸਟੀਵਲ ਵਿੱਚ ਕੀਤੀ ਸਿ਼ਰਕਤ
ਪਟਿਆਲਾ/ ਮਈ 2,2023
ਐਜੂਕੇਸ਼ਨਲ ਮਲਟੀਮੀਡੀਆ ਸੈਂਟਰ (ਈ. ਐੱਮ.ਆਰ.ਸੀ.), ਪੰਜਾਬੀ ਯੂਨੀਵਰਸਿਟੀ ਦੇ ਡਾਇਰੈਕਟਰ ਦਲਜੀਤ ਅਮੀ ਦੀ ਅਗਵਾਈ ਵਿੱਚ ਦੋ ਮੈਂਬਰੀ ਟੀਮ ਨੇ ਆਂਧਰਾ ਪ੍ਰਦੇਸ ਦੀ ਰਾਜਧਾਨੀ ਹੈਦਰਾਬਾਦ ਵਿਖੇ ਓਸਮਾਨੀਆ ਯੂਨੀਵਰਸਿਟੀ ਵਿਚਲੇ ਈ. ਐੱਮ.ਆਰ.ਸੀ. ਵਿੱਚ ਕਰਵਾਏ 24ਵੇਂ ਨੈਸ਼ਨਲ ਐਜੂਕੇਸ਼ਨਲ ਫਿਲਮ ਫੈਸਟੀਵਲ ਵਿੱਚ ਸਿ਼ਰਕਤ ਕੀਤੀ। ਇਹ ਫੈਸਟੀਵਲ ਸੀ. ਈ. ਸੀ. (ਕੰਸੋਰਟੀਅਮ ਫ਼ਾਰ ਐਜੂਕੇਸ਼ਨਲ ਕਮਿਊਨੀਕੇਸ਼ਨ) ਅਤੇ ਯੂ.ਜੀ.ਸੀ. (ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ) ਵੱਲੋਂ ਕਰਵਾਇਆ ਗਿਆ ਸੀ।
ਇਸ ਬਾਰੇ ਆਪਣਾ ਅਨੁਭਵ ਸਾਂਝਾ ਕਰਦਿਆਂ ਦਲਜੀਤ ਅਮੀ ਨੇ ਦੱਸਿਆ ਕਿ ਕੌਮੀ ਪੱਧਰ ਦੇ ਇਸ ਫਿਲਮ ਫੈਸਟੀਵਲ ਦੌਰਾਨ ਜਿੱਥੇ ਵੱਖ-ਵੱਖ ਕਿਸਮ ਦੀਆਂ ਫਿ਼ਲਮਾਂ ਵੇਖਣ ਅਤੇ ਉਨ੍ਹਾਂ ਉੱਤੇ ਚਰਚਾ ਕਰਨ ਦਾ ਮੌਕਾ ਮਿਲਿਆ ਉੱਥੇ ਹੀ ਇਸ ਖੇਤਰ ਦੇ ਮਾਹਿਰਾਂ ਨਾਲ਼ ਸੰਵਾਦ ਰਚਾਉਣ ਦਾ ਵੀ ਸਬੱਬ ਬਣਿਆ। ਉਨ੍ਹਾਂ ਦੱਸਿਆ ਕਿ ਅਜਿਹਾ ਅਨੁਭਵ ਨਿਸ਼ਚੇ ਹੀ ਈ. ਐੱਮ.ਆਰ.ਸੀ. ਪਟਿਆਲਾ ਦੇ ਕੰਮ ਕਾਜ ਵਿੱਚ ਸਹਾਈ ਹੋਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਦਾ ਇੱਕ ਇਹ ਵੀ ਲਾਭ ਹੁੰਦਾ ਹੈ ਕਿ ਇਹ ਇੱਕੋ ਜਿਹਾ ਕੰਮ ਕਾਜ ਕਰਨ ਵਾਲੇ ਹਮਰੁਤਬਾ ਅਦਾਰਿਆਂ ਨੂੰ ਇੱਕ ਮੰਚ ਉੱਤੇ ਇਕੱਠਾ ਹੋਣ ਦਾ ਮੌਕਾ ਸਿਰਜਦੇ ਹਨ। ਅਜਿਹੇ ਮੌਕਿਆਂ ਰਾਹੀਂ ਅਦਾਰੇ ਇੱਕ ਦੂਜੇ ਦੇ ਕੰਮ ਕਾਜ ਨੂੰ ਸਮਝਦੇ ਹਨ। ਇੰਝ ਅਜਿਹੇ ਮੰਚਾਂ ਰਾਹੀਂ ਪੈਦਾ ਹੋਇਆ ਰਾਬਤਾ ਸਮਰਥਾ ਨਿਰਮਾਣ ਵਿੱਚ ਵੀ ਸਹਾਈ ਹੁੰਦਾ ਹੈ। ਇਸ ਲਿਹਾਜ਼ ਨਾਲ਼ ਸੀ.ਈ.ਸੀ. ਅਤੇ ਯੂ.ਜੀ.ਸੀ. ਦੀ ਇਸ ਪਹਿਲਕਦਮੀ ਦਾ ਸਵਾਗਤ ਕੀਤਾ ਜਾਣਾ ਬਣਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਦੀ ਪਧਾਨਗੀ ਸੀ. ਈ. ਸੀ. ਦੇ ਡਾਇਰੈਕਟਰ ਪ੍ਰੋ. ਜੇ. ਬੀ. ਨੱਡਾ ਨੇ ਕੀਤੀ। ਓਸਮਾਨੀਆ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ.ਪੀ. ਲਕਸ਼ਮੀਨਾਰਾਇਣ ਇਸ ਮੌਕੇ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਪ੍ਰੋ. ਟੀ. ਮੁਰੁਣਾਲਿਨੀ, ਡਾਇਰੈਕਟਰ, ਈ.ਐਮ.ਆਰ.ਸੀ, ਓਸਮਾਨੀਆ ਯੂਨੀਵਰਸਿਟੀ ਇੱਥੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।
ਪ੍ਰੋ. ਜੇ.ਬੀ. ਨੱਡਾ, ਡਾਇਰੈਕਟਰ, ਸੀਈਸੀ, ਨੇ ਕਿਹਾ ਕਿ ਆਉਣ ਵਾਲਾ ਸਮਾਂ ਡਿਜੀਟਲ ਯੂਨੀਵਰਸਿਟੀ ਦੇ ਸੰਕਲਪ ਨਾਲ਼ ਵਿਸ਼ਾਲ ਆਬਾਦੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਿੱਖਿਆ ਦੇ ਡਿਜੀਟਲੀਕਰਨ ਬਾਰੇ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵਿੱਚ ਸਿੱਖਣ ਵਿਧੀਆਂ ਦੀ ਲਚਕਤਾ ਅਤੇ ਸਿੱਖਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ।ਇਸ ਮਕਸਦ ਲਈ ਅਜਿਹੇ ਫ਼ੈਸਟੀਵਲਾਂ ਦੀ ਇੱਕ ਵਿਸ਼ੇਸ਼ ਮਹੱਤਤਾ ਹੈ।
ਪ੍ਰੋ. ਟੀ. ਮਰੁਣਾਲਿਨੀ, ਡਾਇਰੈਕਟਰ,ਈ.ਐੱਮ.ਆਰ.ਸੀ., ਓਸਮਾਨੀਆ ਯੂਨੀਵਰਸਿਟੀ ਨੇ ਕਿਹਾ ਕਿ ਇਹ ਫਿਲਮ ਫੈਸਟੀਵਲ ਸਿੱਖਿਆ ਦੇ ਖੇਤਰ ਵਿੱਚ ਵਿਆਪਕ ਪੱਧਰ ‘ਤੇ ਆਉਣ ਵਾਲੀ ਡਿਜੀਟਲ ਕ੍ਰਾਂਤੀ ਲਈ ਤਿਆਰ ਹੋਣ ਹਿਤ ਸਾਰੀਆਂ ਧਿਰਾਂ ਨੂੰ ਪ੍ਰੇਰਿਤ ਕਰਨ ਅਤੇ ਸੰਵੇਦਨਸ਼ੀਲ ਕਰਨ ਦਾ ਆਪਣਾ ਮਕਸਦ ਬਾਖ਼ੂਬੀ ਨਿਭਾ ਗਿਆ।
ਪ੍ਰੋ. ਪੀ. ਲਕਸ਼ਮੀਨਾਰਾਇਣ, ਰਜਿਸਟਰਾਰ, ਓਸਮਾਨੀਆ ਯੂਨੀਵਰਸਿਟੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਫਿਲਮਾਂ ਸਮਾਜ ਦੀਆਂ ਸਾਰੀਆਂ ਰੁਕਾਵਟਾਂ ਨੂੰ ਤੋੜਦੀਆਂ ਹਨ। ਉਨ੍ਹਾਂ ਉਸ ਕਲਪਨਾ ਅਤੇ ਦ੍ਰਿਸ਼ਟੀਕੋਣ ਦੀ ਸ਼ਕਤੀ ‘ਤੇ ਜ਼ੋਰ ਦਿੱਤਾ ਜੋ ਫਿਲਮਾਂ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਾਇਮਰੀ ਤੋਂ ਲੈ ਕੇ ਉੱਚ ਸਿੱਖਿਆ ਤੱਕ ਦੇ ਖੇਤਰ ਵਿੱਚ ਫਿ਼ਲਮਾਂ ਦੀ ਭੂਮਿਕਾ ਹੈ।
ਈ.ਐੱਮ.ਆਰ.ਸੀ. ਪਟਿਆਲਾ ਵੱਲੋਂ ਗਈ ਦੋ ਮੈਂਬਰੀ ਟੀਮ ਵਿੱਚ ਵਿਭਾਗ ਵਿਖੇ ਪ੍ਰੋਡਿਊਸਰ ਵਜੋਂ ਕਾਰਜਸ਼ੀਲ ਚੰਦਨ ਦ੍ਰਾਵਿੜ ਸ਼ਾਮਿਲ ਸੀ।