HomeEducationਉਦਯੋਗਾਂ ਵੱਲੋਂ ਪੈਦਾ ਹੁੰਦੇ ਪ੍ਰਦੂਸ਼ਣ ਨੂੰ ਘਟਾਉਣ ਲਈ ਪੰਜਾਬੀ ਯੂਨੀਵਰਸਿਟੀ ਵੱਲੋਂ ਖੋਜੇ...

ਉਦਯੋਗਾਂ ਵੱਲੋਂ ਪੈਦਾ ਹੁੰਦੇ ਪ੍ਰਦੂਸ਼ਣ ਨੂੰ ਘਟਾਉਣ ਲਈ ਪੰਜਾਬੀ ਯੂਨੀਵਰਸਿਟੀ ਵੱਲੋਂ ਖੋਜੇ ਉਪਾਅ

ਉਦਯੋਗਾਂ ਵੱਲੋਂ ਪੈਦਾ ਹੁੰਦੇ ਪ੍ਰਦੂਸ਼ਣ ਨੂੰ ਘਟਾਉਣ ਲਈ ਪੰਜਾਬੀ ਯੂਨੀਵਰਸਿਟੀ ਵੱਲੋਂ ਖੋਜੇ ਉਪਾਅ

ਪਟਿਆਲਾ/ ਦਸੰਬਰ 24, 2022

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਕੈਨੀਕਲ ਇੰਜਨੀਅਰਿੰਗ ਵਿਭਾਗ ਵੱਲੋਂ ਕੀਤੀ ਗਈ ਇੱਕ ਤਾਜ਼ਾ ਖੋਜ ਵਿੱਚ ਉਦਯੋਗਿਕ ਖੇਤਰ ਲਈ ਇੱਕ ਅਜਿਹੀ ਰਣਨੀਤੀ ਸੁਝਾਈ ਗਈ ਹੈ ਜਿਸ ਤਹਿਤ ਉਠਾਏ ਜਾਣ ਵਾਲੇ ਕਦਮਾਂ ਨਾਲ਼ ਵਾਤਾਵਰਨ ਪ੍ਰਤੀ ਦੋਸਤਾਨਾ ਪਹੁੰਚ ਵਾਲ਼ੇ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ। ਇੰਜਨੀਅਰਿੰਗ ਅਤੇ ਤਕਨਾਲੌਜੀ ਫ਼ੈਕਲਟੀ ਅਧੀਨ ਡਾ. ਚੰਦਨਦੀਪ ਸਿੰਘ ਦੀ ਨਿਗਰਾਨੀ ਵਿੱਚ ਖੋਜਾਰਥੀ ਜਸਵਿੰਦਰ ਸਿੰਘ ਵੱਲੋਂ ਕੀਤੀ ਇਸ ਖੋਜ ਵਿੱਚੋਂ ਸਾਹਮਣੇ ਆਏ ਸਿੱਟਿਆਂ ਉੱਤੇ ਅਧਾਰਿਤ ਇਸ ਰਣਨੀਤੀ ਨਾਲ ਕੋਈ ਵੀ ਉਦਯੋਗਿਕ ਸੰਗਠਨ ਆਪਣੇ ਉਪਲਬਧ ਸਰੋਤਾਂ ਨਾਲ ਹੀ ਗਰੀਨ ਮੈਨੂਫੈਕਚਰਿੰਗ ਭਾਵ ਚੌਗਿਰਦੇ ਪ੍ਰਤੀ ਦੋਸਤਾਨਾ ਪਹੁੰਚ ਵਾਲੇ ਉਤਪਾਦਨ ਬਾਰੇ ਪਹਿਲਕਦਮੀਆਂ ਨੂੰ ਅਸਾਨੀ ਨਾਲ ਲਾਗੂ ਕਰ ਸਕਦਾ ਹੈ।

‘ਇਵੈਲੂਏਟਿੰਗ ਦ ਇਫ਼ੈਕਟਿਵਨੈੱਸ ਆਫ਼ ਗਰੀਨ ਮੈਨੂਫ਼ੈਕਚਰਿੰਗ ਇਨੀਸ਼ੀਏਟਿਵਜ਼ ਇਨ ਇੰਡੀਅਨ ਮੈਨੂਫੈਕਚਰਿੰਗ ਇੰਡਸਟਰੀਜ਼’ ਨਾਮਕ ਇਸ ਖੋਜ ਕਾਰਜ ਦੇ ਸਿੱਟੇ ਦਰਸਾਉਂਦੇ ਹਨ ਕਿ ਕਿਵੇਂ ਉਦਯੋਗਿਕ ਪੱਧਰ ਉੱਤੇ ਹੁੰਦੀ ਪ੍ਰਕਿਰਿਆ ਦੌਰਾਨ ਚੌਗਿਰਦੇ ਵਿੱਚ ਪੈਦਾ ਹੋ ਰਹੇ ਪ੍ਰਦੂਸ਼ਣ ਨੂੰ ਘੱਟ ਕੀਤਾ ਜਾ ਸਕਦਾ ਹੈ।

ਖੋਜ ਨਿਗਰਾਨ ਡਾ. ਚੰਦਨ ਦੀਪ ਸਿੰਘ ਨੇ ਦੱਸਿਆ ਕਿ ਕੇਸ ਸਟੱਡੀਜ਼ ਦੇ ਆਧਾਰ ਉੱਤੇ ਵੱਖ-ਵੱਖ ਸੁਝਾਅ ਸਾਹਮਣੇ ਆਏ ਜਿਨ੍ਹਾਂ ਵਿੱਚ ਵੈਲਡਿੰਗ ਸਟੱਬਜ਼ ਦੀ ਮੁੜ ਵਰਤੋਂ ਕੀਤੇ ਜਾਣਾ, ਪੇਂਟ ਸ਼ਾਪ ਦੀਆਂ ਸਾਈਡ ਦੀਵਾਰਾਂ ਉੱਤੇ ਵਿਸ਼ੇਸ਼ ਕਿਸਮ ਦੇ ਫਿਲਟਰਾਂ ਦੀ ਵਰਤੋਂ ਕਰਨਾ, ਵੈਲਡਿੰਗ ਵਾਲੀ ਥਾਂ ਦੀ ਛੱਤ ਉੱਤੇ ਧੂੰਆਂ ਅਤੇ ਜ਼ਹਿਰੀਲੀਆਂ ਗੈਸਾਂ ਨੂੰ ਸੋਖ ਲੈਣ ਵਾਲੇ ਵਿਸ਼ੇਸ਼ ਪੰਪ ਲਗਾਉਣਾ, ਵੈਲਡਿੰਗ, ਭੱਠੀਆਂ ਉੱਤੇ ਸਹੀ ਤਾਪਮਾਨ ਸੰਬੰਧੀ ਨਜ਼ਰਸਾਨੀ ਰੱਖਣ ਅਤੇ ਸੰਬੰਧਤ ਸਮੱਗਰੀ ਦੇ ਜਿ਼਼ਆਦਾ ਗਰਮ ਹੋਣ ਤੋਂ ਬਚਣ ਲਈ ਥਰਮੋਕਪਲ ਵਿਧੀ ਦੀ ਵਰਤੋਂ ਕਰਨਾ ਆਦਿ ਸ਼ਾਮਿਲ ਹਨ।

ਉਦਯੋਗਾਂ ਵੱਲੋਂ ਪੈਦਾ ਹੁੰਦੇ ਪ੍ਰਦੂਸ਼ਣ ਨੂੰ ਘਟਾਉਣ ਲਈ ਪੰਜਾਬੀ ਯੂਨੀਵਰਸਿਟੀ ਵੱਲੋਂ ਖੋਜੇ ਉਪਾਅ

ਖੋਜਾਰਥੀ ਜਸਵਿੰਦਰ ਸਿੰਘ ਨੇ ਆਪਣਾ ਅਨੁਭਵ ਅਤੇ ਖੋਜ ਦੇ ਢੰਗਾਂ ਬਾਰੇ ਗੱਲ ਕਰਦਿਆਂ ਹੋਇਆ ਦੱਸਿਆ ਕਿ ਇਸ ਖੋਜ ਕਾਰਜ ਨੂੰ ਪ੍ਰਮਾਣਿਤ ਕਰਨ ਵੱਖ-ਵੱਖ ਕਿਸਮ ਦੇ ਉਤਪਾਦਨ ਨਾਲ ਜੁੜੇ ਉਦਯੋਗਾਂ ਸੰਬੰਧੀ ਵਿਸ਼ੇਸ਼ ਅਧਿਐਨ ਕੀਤੇ ਗਏ ਸਨ। ਇਨ੍ਹਾਂ ਉਦਯੋਗਾਂ ਵਿੱਚ ਚੀਮਾ ਬੋਇਲਰਜ਼ ਲਿਮਟਿਡ (ਕੁਰਾਲੀ), ਸਟੈਂਡਰਡ ਕੰਬਾਈਨਜ਼ ਲਿਮਟਿਡ (ਬਰਨਾਲਾ), ਹੌਂਡਾ ਕਾਰਜ਼ ਇੰਡੀਆ ਲਿਮਟਿਡ (ਟਪੁਕਾਰਾ) ਅਤੇ ਮੁੰਜਾਲ ਕਾਸਟਿੰਗਜ਼ (ਲੁਧਿਆਣਾ) ਆਦਿ ਉਦਯੋਗ ਸ਼ਾਮਿਲ ਰਹੇ। ਉਨ੍ਹਾਂ ਦੱਸਿਆ ਕਿ ਖੋਜ ਵਿੱਚ ਪ੍ਰਾਤ ਸੁਝਾਵਾਂ ਦੇ ਅਧਾਰ ਉੱਤੇ ਜੋ ਇੱਕ ਸਮੁੱਚੀ ਰਣਨੀਤੀ ਤਿਆਰ ਹੋਈ ਹੈ ਉਸ ਵਿੱਚ ਉਹ ਸਿਫ਼ਾਰਿਸ਼ਾਂ ਸ਼ਾਮਲ ਕੀਤੀਆਂ ਗਈਆਂ ਸਨ, ਜੋ ਕਰਮਚਾਰੀਆਂ ਦੀ ਸਿਹਤ ਸੰਬੰਧੀ ਖਤਰਿਆਂ ਨੂੰ ਘਟਾਉਣ, ਉਨ੍ਹਾਂ ਦੀ ਕੁਸ਼ਲਤਾ ਵਧਾਉਣ ਵਿੱਚ ਵੀ ਮਦਦਗਾਰ ਸਾਬਤ ਹੋ ਸਕਦੀਆਂ ਹਨ।

ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਖੋਜ ਲਈ ਡਾ. ਚੰਦਨਦੀਪ ਅਤੇ ਖੋਜਾਰਥੀ ਜਸਵਿੰਦਰ ਸਿੰਘ ਨੂੰ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਚੌਗਿਰਦੇ ਲਈ ਚੇਤੰਨ ਹੋਣਾ ਅਤੇ ਇਸ ਦੀ ਬਿਹਤਰ ਸਾਂਭ ਸੰਭਾਲ਼ ਲਈ ਆਪਣੀਆਂ ਖੋਜਾਂ ਜਾਂ ਅਧਿਐਨ ਰਾਹੀਂ ਅਜਿਹੀਆਂ ਵਿਧੀਆਂ ਲੱਭਣੀਆਂ ਯੂਨੀਵਰਸਿਟੀ ਜਿਹੇ ਖੋਜ ਅਦਾਰਿਆਂ ਦੇ ਫਰਜ਼ਾਂ ਵਿੱਚ ਸ਼ਾਮਿਲ ਹੈ। ਇਸ ਲਈ ਇਹ ਖੋਜ ਟੀਮ ਵਧਾਈ ਦੀ ਪਾਤਰ ਹੈ। ਉਨ੍ਹਾਂ ਕਿਹਾ ਕਿ ਖੋਜ, ਅਕਾਦਮਿਕਤਾ ਅਤੇ ਉਤਪਾਦਨ ਨਾਲ਼ ਜੁੜੇ ਅਦਾਰੇ ਜੇ ਆਪਸੀ ਤਾਲਮੇਲ ਬਿਠਾ ਕੇ ਕੰਮ ਕਰਨ ਤਾਂ ਇਹ ਸਮਾਜ ਅਤੇ ਮਾਨਵਤਾ ਦੀ ਭਲਾਈ ਲਈ ਲਾਹੇਵੰਦ ਸਾਬਿਤ ਹੋਵੇਗਾ।

LATEST ARTICLES

Most Popular

Google Play Store