ਐਸ.ਐਸ.ਪੀ. ਪਟਿਆਲਾ ਨੇ ਆਪਣੇ ਦਾਦਾ ਜੀ ਦੇ ਨਾਮ ‘ਤੇ ਬਣਾਏ ਟਰੱਸਟ ਵਿੱਚੋਂ ਲੋੜਵੰਦਾਂ ਲਈ 2500 ਰਾਸ਼ਨ ਦੇ ਪੈਕੇਟ ਭੇਜੇ

190

ਐਸ.ਐਸ.ਪੀ. ਪਟਿਆਲਾ  ਨੇ ਆਪਣੇ ਦਾਦਾ ਜੀ ਦੇ ਨਾਮ ‘ਤੇ ਬਣਾਏ ਟਰੱਸਟ ਵਿੱਚੋਂ ਲੋੜਵੰਦਾਂ ਲਈ 2500 ਰਾਸ਼ਨ ਦੇ ਪੈਕੇਟ ਭੇਜੇ

ਗੁਰਜੀਤ ਸਿੰਘ /ਪਟਿਆਲਾ, 22 ਅਪ੍ਰੈਲ:

ਪਟਿਆਲਾ ਦੇ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਅੱਜ ਆਪਣੇ ਦਾਦਾ ਅਤੇ ਉਘੇ ਆਜ਼ਾਦੀ ਘੁਲਾਟੀਏ ਸਵ: ਡਾ. ਕੇਹਰ ਸਿੰਘ ਦੇ ਨਾਮ ‘ਤੇ ਬਣਾਏ ਟਰੱਸਟ ਰਾਹੀਂ ਉਨ੍ਹਾਂ ਦੀ ਯਾਦ ਵਿਚ 2500 ਸੁੱਕੇ ਰਾਸ਼ਨ ਦੇ ਪੈਕੇਟ ਚਾਰੇ ਧਰਮਾਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਦਰਜਾ ਚਾਰ ਕਰਮਚਾਰੀਆਂ ਵੱਲੋਂ ਹਰੀ ਝੰਡੀ ਦੇਕੇ ਪੁਲਿਸ ਲਾਈਨ ਪਟਿਆਲਾ ਤੋਂ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਤੇ ਚੌਕੀਆਂ ਲਈ 21 ਵਾਹਨ ਰਾਹੀਂ ਰਵਾਨਾ ਕਰਵਾਏ।

ਇਸ ਮੌਕੇ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਗਾਏ ਗਏ ਕਰਫ਼ਿਊ ਦੌਰਾਨ ਲੋੜਵੰਦਾਂ ਦੀ ਮਦਦ ਲਈ ਉਨ੍ਹਾਂ ਦੇ ਪਰਿਵਾਰ ਵੱਲੋਂ ਆਪਣੇ ਦਾਦਾ ਜੀ ਸਵ: ਡਾ. ਕੇਹਰ ਸਿੰਘ ਦੀ ਯਾਦ ਵਿੱਚ ਇਹ ਰਾਸ਼ਨ ਦੇ ਪੈਕੇਟ ਭੇਜੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇੰਨਾ 2500 ਪੈਕੇਟ ਵਿੱਚ ਸੁੱਕਾ ਰਾਸ਼ਨ ਜਿਸ ਵਿੱਚ ਆਟਾ, ਚਾਵਲ, ਚੀਨੀ, ਘਿਓ, ਦਾਲਾਂ, ਨਮਕ ਆਦਿ ਵਰਗੀਆਂ ਜ਼ਰੂਰੀ ਚੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਇਹ ਪਟਿਆਲਾ ਦੇ ਸਾਰੇ ਥਾਣਿਆਂ/ਚੌਕੀਆਂ ਵਿੱਚ ਭੇਜਿਆ ਜਾ ਰਿਹਾ ਹੈ ਤੇ ਇਸ ਰਾਸ਼ਨ ਨਾਲ ਕਰੀਬ 10 ਹਜ਼ਾਰ ਵਿਅਕਤੀ ਇਕ ਹਫ਼ਤੇ ਤੱਕ ਆਪਣਾ ਗੁਜ਼ਾਰਾ ਕਰ ਸਕਦੇ ਹਨ।
ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਸਿਵਲ ਪ੍ਰਸ਼ਾਸਨ ਦੇ ਸਬੰਧਤ ਵਿਭਾਗਾਂ ਰਾਹੀ ਲੋੜਵੰਦ/ਜ਼ਰੂਰਤਮੰਦਾਂ ਨੂੰ ਰਾਸ਼ਨ ਵੰਡਿਆ ਹੀ ਜਾ ਰਿਹਾ ਹੈ ਪ੍ਰੰਤੂ ਫਿਰ ਵੀ ਜੇਕਰ ਪੈਟਰੋਲਿੰਗ ਕਰਦਿਆਂ ਜਾਂ ਨਾਕੇ ਆਦਿ ‘ਤੇ ਕਿਸੇ ਵੀ ਪੁਲਿਸ ਅਧਿਕਾਰੀ/ਕਰਮਚਾਰੀ ਦੇ ਇਹ ਧਿਆਨ ਵਿੱਚ ਆਉਂਦਾ ਹੈ ਕਿ ਸੱਚਮੁੱਚ ਹੀ ਕੋਈ ਲੋੜਵੰਦ ਵਿਅਕਤੀ ਰਾਸ਼ਨ ਪੱਖੋਂ ਵਿਹੂਣਾ ਰਹਿ ਗਿਆ ਹੈ ਤਾਂ ਇਹ ਸੁੱਕਾ ਰਾਸ਼ਨ ਦਾ ਪੈਕੇਟ ਉਸ ਜ਼ਰੂਰਤਮੰਦ ਨੂੰ ਮੁਹੱਈਆ ਕਰਵਾਇਆ ਜਾਵੇਗਾ।

ਐਸ.ਐਸ.ਪੀ. ਪਟਿਆਲਾ  ਨੇ ਆਪਣੇ ਦਾਦਾ ਜੀ ਦੇ ਨਾਮ 'ਤੇ ਬਣਾਏ ਟਰੱਸਟ ਵਿੱਚੋਂ ਲੋੜਵੰਦਾਂ ਲਈ 2500 ਰਾਸ਼ਨ ਦੇ ਪੈਕੇਟ ਭੇਜੇ
ਐਸ.ਐਸ.ਪੀ. ਨੇ ਦੱਸਿਆ ਕਿ ਸਰਕਲ ਅਫ਼ਸਰ, ਐਸ.ਐਚ.ਓ ਅਤੇ ਚੌਕੀ ਇੰਚਾਰਜ ਆਪਣੀਆਂ ਸਰਕਾਰੀ ਗੱਡੀਆਂ ਵਿੱਚ ਰੋਜ਼ਾਨਾ ਕੁੱਝ ਕੁ ਪੈਕੇਟ ਰੱਖਿਆ ਕਰਨਗੇ ਤਾਂ ਕਿ ਜਦੋਂ ਵੀ ਕੋਈ ਜ਼ਰੂਰਤਮੰਦ, ਉਨ੍ਹਾਂ ਦੇ ਧਿਆਨ ਵਿੱਚ ਆਉਂਦਾ ਹੈ ਤਾਂ ਉਸ ਨੂੰ ਇਹ ਰਾਸ਼ਨ ਕਿੱਟ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਸਬੰਧਤ ਅਫ਼ਸਰਾਂ ਨੂੰ ਇਹ ਖਾਸ ਹਦਾਇਤ ਕੀਤੀ ਗਈ ਹੈ ਕਿ, ਜਦੋਂ ਵੀ ਇਹ ਰਾਸ਼ਨ ਦੇ ਪੈਕੇਟ ਵੰਡੇ ਜਾਣ ਤਾਂ ਸਮਾਜਿਕ ਦੂਰੀ ਦਾ ਖਾਸ ਧਿਆਨ ਰੱਖਿਆ ਜਾਵੇ ਅਤੇ ਰਾਸ਼ਨ ਵੰਡਣ ਵਾਲੇ ਮੁਲਾਜ਼ਮਾਂ ਦੇ ਮਾਸਕ/ਗਲਵਜ ਜਰੂਰ ਪਾਏ ਹੋਣ। ਉਨ੍ਹਾਂ ਕਿਹਾ ਕਿ ਇਸ ਸਭ ਪਿੱਛੇ ਮੇਰੀ ਇਹ ਭਾਵਨਾ ਹੈ ਕਿ ਮੇਰੀ ਕਰਮ-ਭੂਮੀ (ਜ਼ਿਲ੍ਹਾ ਪਟਿਆਲਾ) ਵਿੱਚ ਕੋਈ ਵੀ ਜ਼ਰੂਰਤਮੰਦ ਪਰਿਵਾਰ ਭੁੱਖਾ ਨਾ ਸੋਵੇ।

ਇਸ ਮੌਕੇ ਹਾਜ਼ਰ ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ ਨੇ ਇਸ ਯਤਨ ਦੀ ਸ਼ਲਾਘਾ ਕਰਦਿਆ ਕਿਹਾ ਕਿ ਇਸ ਔਖੀ ਘੜੀ ‘ਚ ਅਸੀਂ ਸਾਰੇ ਰੱਲਕੇ ਮਨੁੱਖਤਾ ਦੇ ਭਲੇ ਦੀ ਅਰਦਾਸ ਕਰੀਏ ਅਤੇ ਲੋੜਵੰਦਾਂ ਦੀ ਮਦਦ ਲਈ ਅੱਗੇ ਆਈਏ। ਇਸ ਮੌਕੇ ਪੁਲਿਸ ਵਿਭਾਗ ਦੇ ਦਰਜ਼ਾ ਚਾਰ ਕਮਰਚਾਰੀਆਂ ਵੱਲੋਂ ਹਰੀ ਝੰਡੀ ਦੇਕੇ 21 ਵਾਹਨਾਂ ਨੂੰ ਵੱਖ-ਵੱਖ ਥਾਣਿਆਂ ਤੇ ਚੌਕੀਆਂ ਲਈ ਰਵਾਨਾ ਕੀਤਾ ਗਿਆ।