ਕਮਿਊਨਿਟੀ ਹੈਲਥ ਸੈਂਟਰ ਨਥਾਣਾ ਵਿਖੇ ਕੋਵਿਡ ਟੀਕਾਕਰਨ ਲਗਾਤਾਰ ਜਾਰੀ
16 ਮਾਰਚ, ਨਥਾਣਾ
ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਢਿੱਲੋਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਸੰਦੀਪ ਸਿੰਗਲਾ ਦੀ ਅਗਵਾਈ ਹੇਠ ਸੀ ਐਚ ਸੀ ਨਥਾਣਾ ਵਿਖੇ ਹਰ ਰੋਜ਼ ਕੋਵਿਡ-19 ਟੀਕਾਕਰਨ ਸੈਸ਼ਨ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਮ ਓ ਡਾ. ਸਿੰਗਲਾ ਨੇ ਕਿਹਾ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹੁਣ 60 ਸਾਲ ਤੋਂ ਉੱਪਰ ਅਤੇ 45 ਤੋਂ 59 ਸਾਲ ਦੇ ਵਿਚਕਾਰ ਜੇਕਰ ਕੋਈ ਬੀਮਾਰੀ ਹੋਵੇ, ਤਾਂ ਉਨ੍ਹਾਂ ਲੋਕਾਂ ਨੂੰ ਕਰੋਨਾ ਵੈਕਸੀਨ ਲਗਾਈ ਜਾ ਰਹੀ ਹੈ।
ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਲੋਕਾਂ ਨੂੰ ਕਰੋਨਾ ਮਹਾਮਾਰੀ ਤੋਂ ਬਚਾਉਣ ਲਈ ਹਰ ਉਪਰਾਲਾ ਕਰ ਰਹੀ ਹੈ। ਇਸ ਲਈ ਲੋਕਾਂ ਨੂੰ ਵੀ ਸਰਕਾਰ ਦੀ ਇਸ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਕੋਵਿਡ ਵੈਕਸੀਨੇਸ਼ਨ ਸੰਬੰਧੀ ਫੈਲੀਆਂ ਅਫਵਾਹਾਂ ਵਲ ਧਿਆਨ ਨਾ ਦਿੰਦੇ ਹੋਏ ਬਿਨਾਂ ਕਿਸੇ ਝਿਜਕ ਤੋਂ ਟੀਕਾਕਰਨ ਕਰਵਾ ਕੇ ਆਪਣੇ ਆਪ ਨੂੰ ਸੁਰੱਖਿਅਤ ਬਣਾਉਣਾ ਚਾਹੀਦਾ ਹੈ ਤਾਂ ਕਿ ਕੋਰੋਨਾ ਦੇ ਮਾਰੂ ਪ੍ਰਭਾਵਾਂ ਤੋਂ ਬਚਿਆ ਜਾ ਸਕੇ।