ਕਰਫਿਊ ਦੌਰਾਨ ਗਊਸ਼ਾਲਾਵਾਂ ‘ਚ ਚਾਰਾ ਤੇ ਸਿਹਤ ਸਹੂਲਤਾਂ ਪਹੁੰਚਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ – ਚੇਅਰਮੈਨ ਸਚਿਨ ਸ਼ਰਮਾ
ਪਟਿਆਲਾ, 1 ਅਪ੍ਰੈਲ:
ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ ਅਤੇ ਦੇਸ਼ ਵਿਆਪੀ ਲਾਕਡਾਊਨ ਦੌਰਾਨ ਪੰਜਾਬ ਭਰ ਦੀਆਂ ਗਊਸ਼ਾਲਾਵਾਂ ਤੇ ਕੈਟਲ ਪੌਂਡਜ ਆਦਿ ਵਿੱਚ ਪਸ਼ੂਧਨ ਲਈ ਚਾਰਾ ਤੇ ਸਿਹਤ ਸਹੂਲਤਾਂ ਨਿਰਵਿਘਨ ਪਹੁੰਚਾਏ ਜਾਣ ਲਈ ਪੰਜਾਬ ਰਾਜ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਹੈ।
ਸ਼ਰਮਾ ਨੇ ਕਿਹਾ ਕਿ ਕਰਫਿਊ ਕਰਕੇ ਰਾਜ ਵਿੱਚ 425 ਦੇ ਕਰੀਬ ਸਰਕਾਰੀ ਕੈਟਲ ਪੌਂਡਜ ਸਮੇਤ ਸਮਾਜ ਸੇਵੀ ਸੰਸਥਾਵਾਂ ਵੱਲੋਂ ਚਲਾਈਆਂ ਜਾ ਰਹੀਆਂ ਗਊਸ਼ਾਲਾਵਾਂ ਵਿੱਚ ਹਰੇ ਚਾਰੇ ਸਮੇਤ ਹੋਰ ਸਿਹਤ ਸਹੂਲਤਾਂ ਮਿਲਣ ਦੀ ਸਮੱਸਿਆ ਪੈਦਾ ਹੋ ਗਈ ਸੀ ਪਰੰਤੂ ਉਨ੍ਹਾਂ ਨੇ ਇਸਦੇ ਹੱਲ ਲਈ ਇਹ ਮਾਮਲਾ ਉਚ ਅਧਿਕਾਰੀਆਂ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਧਿਆਨ ਵਿੱਚ ਲਿਆਂਦਾ।
ਚੇਅਰਮੈਨ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਇਸ ਮਾਮਲੇ ‘ਚ ਦਖਲ ਦਿੱਤਾ ਅਤੇ ਇਹ ਮਾਮਲਾ ਤੁਰੰਤ ਹੱਲ ਹੋ ਗਿਆ, ਸਿੱਟੇ ਵਜੋਂ ਗਊਸ਼ਾਲਾਵਾਂ ਤੇ ਕੈਟਲ ਪੌਂਡਜ ਵਿਖੇ ਚਾਰੇ ਅਤੇ ਸਿਹਤ ਸਹੂਲਤਾਂ ਦਾ ਪ੍ਰਬੰਧ ਹੋ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰੇ ਚਾਰੇ ਦੀ ਨਿਰਵਿਘਨ ਸਪਲਾਈ ਸਮੇਤ ਦਵਾਈਆਂ ਦਾ ਪ੍ਰਬੰਧ, ਜਿਸ ਤਰ੍ਹਾਂ ਪਟਿਆਲਾ ਵਿਖੇ ਨਗਰ ਨਿਗਮ ਨੇ ਸਮਾਜਿਕ ਸੰਸਥਾਵਾਂ ਨਾਲ ਮਿਲਕੇ ਕੀਤਾ ਹੈ, ਲਈ ਸਮੁੱਚਾ ਪ੍ਰਸ਼ਾਸਨ ਵਧਾਈ ਦਾ ਹੱਕਦਾਰ ਹੈ।
ਕਰਫਿਊ ਦੌਰਾਨ ਗਊਸ਼ਾਲਾਵਾਂ ‘ਚ ਚਾਰਾ ਤੇ ਸਿਹਤ ਸਹੂਲਤਾਂ ਪਹੁੰਚਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ – ਚੇਅਰਮੈਨ ਸਚਿਨ ਸ਼ਰਮਾ I ਸ਼ਰਮਾ ਨੇ ਇਸ ਸੰਕਟ ਦੀ ਘੜੀ ਵਿੱਚ ਜਿਹੜੇ ਅਧਿਕਾਰੀਆਂ ਤੇ ਕਰਮਚਾਰੀਆਂ ਸਮੇਤ ਹੋਰ ਸਮਾਜ ਸੇਵੀਆਂ ਵੱਲੋਂ ਬੇਸਹਾਰਾ ਪਸ਼ੂਆਂ ਦੀ ਸੇਵਾ ਕੀਤੀ ਜਾ ਰਹੀ ਹੈ, ਉਹਨਾਂ ਦਾ ਵੀ ਧੰਨਵਾਦ ਕੀਤਾ ਹੈ ਅਤੇ ਕਿਹਾ ਹੈ ਕਿ ਅਜਿਹੇ ਔਖੇ ਸਮੇਂ ‘ਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਪੰਜਾਬ ਸਰਕਾਰ ਹਰ ਸੰਭਵ ਸਹਾਇਤਾ ਕਰਨ ਲਈ ਵਚਨਬੱਧ ਹੈ।