ਕਰੋਨਾ ਦੇ ਦੌਰ ਵਿੱਚ ਅੰਤਰਰਾਸ਼ਟਰੀ ਪਰਿਵਾਰ ਦਿਵਸ- ਡਾ. ਅਰਵਿੰਦ ਸੱਭਰਵਾਲ
(ਮਈ 15, 2020)
‘‘ਅੰਤਰਰਾਸ਼ਟਰੀ ਦਿਨ’’ ਸੰਯੁਕਤ ਰਾਸ਼ਟਰ, ਵੱਲੋਂ ਨਿਯਮ-ਬੱਧ ਕੀਤੇ ਗਏ ਅਜਿਹੇ ਮੌਕੇ ਹਨ, ਜੋ ਲੋਕਾਂ ਨੂੰ ਜ਼ਰੂਰੀ ਮੁੱਦਿਆਂ ਤੇ ਜਾਗਰੂਕ ਕਰਨ, ਰਾਜਨੀਤਕ ਇੱਛਾ ਸ਼ਕਤੀ ਨੂੰ ਲਾਮਬੰਦ ਕਰਨ, ਗਲੋਬਲ ਸਮੱਸਿਆਵਾਂ ਦੇ ਹੱਲ ਲਈ ਸਰੋਤ ਲੱਭਣ ਅਤੇ ਮਾਨਵਤਾ ਦੀਆਂ ਪ੍ਰਾਪਤੀਆਂ ਨੂੰ ਹੋਰ ਮਜ਼ਬੂਤ ਕਰਨ ਵਿਚ ਸਹਾਈ ਹਨ। ਇਨ੍ਹਾਂ ਵਿੱਚੋਂ ਮਈ 15 ਨੂੰ ਅੰਤਰਰਾਸ਼ਟਰੀ ਪਰਿਵਾਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਅਸੀਂ ਸਾਰੇ ਚੰਗੀ ਤਰਾਂ ਨਾਲ ਜਾਣਦੇ ਹਾਂ ਕਿ, ਸਾਡੇ ਦੇਸ਼ ਦੀ ਪਰਿਵਾਰਕ ਵਿਵਸਥਾ ਨੂੰ ਬਹੁਤ ਪੁਰਾਣੇ ਚਿਰ ਤੋਂ ਆਦਰਸ਼ਵਾਦੀ ਵਿਵਸਥਾ ਮੰਨਿਆ ਜਾਂਦਾ ਰਿਹਾ ਹੈ। ਇਹ ਇਸ ਕਰਕੇ ਹੈ, ਕਿ ਸਾਡੇ ਦੇਸ਼ ਵਿਚ ਬਹੁ-ਗਿਣਤੀ ਸੰਯੁਕਤ ਪਰਿਵਾਰ ਪ੍ਰਣਾਲੀ, ਭਾਰਤੀ ਸੱਭਿਆਚਾਰ ਦੀ ਇਕ ਮਹੱਤਵਪੂਰਨ ਵਿਸ਼ੇਸ਼ਤਾ ਅਤੇ ਹਿੱਸਾ ਰਿਹਾ ਹੈ ਪਰ ਬਹੁਤੇ ਸ਼ਹਿਰੀਕਰਨ ਅਤੇ ਪੱਛਮੀ ਪ੍ਰਭਾਵ ਕਾਰਨ ਇਸ ਆਦਰਸ਼ਵਾਦੀ ਵਿਵਸਥਾ ਨੂੰ ਖ਼ੌਰਾ ਲੱਗਣਾ ਆਰੰਭ ਹੋ ਚੁੱਕਾ ਹੈ। ਜੇਕਰ ਆਧੁਨਿਕ ਸ਼ਹਿਰਾਂ ਵੱਲ ਝਾਤੀ ਮਾਰੀ ਜਾਵੇ ਤਾਂ ਪਤਾ ਲਗਦਾ ਹੈ ਕਿ ਛੋਟੇ ਜਾਂ ਇਕਹਰੇ ਪਰਿਵਾਰਾਂ ਦੀ ਗਿਣਤੀ ਸੰਯੁਕਤ ਪਰਿਵਾਰਾਂ ਦੀ ਬਨਿਸਬਤ ਕਿਤੇ ਜ਼ਿਆਦਾ ਹੈ। ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਸਾਂਝੇ ਪਰਿਵਾਰ ਪ੍ਰਣਾਲੀ ਦੀ ਘਾਟ ਹੋਣ ਵਿੱਚ ਸਮਾਜਿਕ ਅਤੇ ਆਰਥਿਕ ਕਾਰਨਾਂ ਨੇ ਬਹੁਤ ਵੱਡੀ ਤੇ ਅਹਿਮ ਭੂਮਿਕਾ ਨਿਭਾਈ ਹੈ। ਇਹ ਵੀ ਸਹਿਜੇ ਹੀ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਅੱਜ ਕੱਲ੍ਹ ਦੀ ਜੀਵਨ ਸ਼ੈਲੀ ਸਾਡੀਆਂ ਸੱਭਿਆਚਾਰਕ ਕਦਰਾਂ¸ਕੀਮਤਾਂ, ਰਵਾਇਤਾਂ ਅਤੇ ਰੀਤੀ ਰਿਵਾਜਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ, ਜੋ ਕਿ ਸਾਡੇ ਸੰਯੁਕਤ ਪਰਿਵਾਰ ਪ੍ਰਣਾਲੀ ਦੀ ਦੇਣ ਸੀ ਤੇ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲ ਰਹੀ ਸੀ। ਹਰ ਸਮਾਜ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਹ ਬਦਲਦੇ ਸਮੇਂ ਨਾਲ ਵਿਕਸਿਤ ਹੁੰਦਾ ਹੈ ਅਤੇ ਜਿਹੜੀ ਪ੍ਰਕਿਰਿਆ ਪ੍ਰਗਤੀਵਾਦੀ ਰੀਤੀ ਰਿਵਾਜਾਂ ਨੂੰ ਸਾਡੇ ਸਮਾਜ ਵਿੱਚ ਤਕੜਾ ਕਰਦੀ ਹੈ, ਉਸ ਦਾ ਸਾਰਿਆਂ ਨੂੰ ਸਵਾਗਤ ਕਰਨਾ ਚਾਹੀਦਾ ਹੈ।
ਅੱਜ ਦਾ ਭਾਰਤੀ ਨੌਜਵਾਨ ਪੱਛਮੀ ਸਭਿਅਤਾ ਦੇ ਵਾਧੂ ਪਸਾਰ ਕਾਰਨ ਆਪਣੇ ਆਪ ਨੂੰ ਉਲਝਿਆ ਹੋਇਆ ਮਹਿਸੂਸ ਕਰਦਾ ਹੈ। ਪੱਛਮੀ ਦੇਸ਼ਾਂ ਦੀ ਪਰੰਪਰਾ ਪਰਮਾਣੂ ਪਰਿਵਾਰਾਂ ਦੀ ਧਾਰਣਾ ਨੂੰ ਮਜ਼ਬੂਤ ਕਰਦੀ ਹੈ ਜੋ ਕਿ ਭਾਰਤੀ ਕਦਰਾਂ¸ਕੀਮਤਾਂ ਦੇ ਵਿਰੁੱਧ ਹੈ। ਪਰਿਵਾਰ ਛੋਟਾ ਹੋਣ ਕਾਰਨ ਉਹ ਆਪਣੇ ਕੰਮ ਅਤੇ ਪਰਿਵਾਰ ਦਾ ਸੰਤੁਲਨ ਬਣਾਉਣ ਵਿੱਚ ਅਸਫ਼ਲ ਹੈ। ਇਸਦੇ ਵਿਪਰੀਤ, ਸਾਂਝੇ ਪਰਿਵਾਰਾਂ ਵਿੱਚ ਇੱਕ ਮਜ਼ਬੂਤ ਰਿਸ਼ਤੇ ਦੀ ਭਾਵਨਾ ਹੁੰਦੀ ਹੈ, ਜੋ ਬੱਚਿਆਂ ਦੀ ਸੁਰੱਖਿਆ ਅਤੇ ਭੈਣ-ਭਰਾਵਾਂ ਵਿਚਲੇ ਅਟੁੱਟ ਰਿਸ਼ਤੇ ਦਾ ਗਠਨ ਕਰਦੀ ਹੈ। ਕੋਰੋਨਾ ਮਹਾਂਮਾਰੀ ਕਾਰਨ, ਸਰਕਾਰਾਂ ਵੱਲੋਂ ਲਗਾਇਆ ਗਿਆ ਲਾਕਡਾਊਨ ਦਾ ਸਮਾਂ, ਸਾਡੇ ਲਈ ਇਕ ਬੇਮਿਸਾਲ ਤਜਰਬਾ ਹੈ। ਇਸ ਸਮੇਂ, ਪਰਿਵਾਰ ਇੱਕ ਖੜੋਤ ਦੇ ਦੌਰ ਵਿੱਚੋਂ ਲੰਘ ਰਹੇ ਹਨ। ਜਿਸ ਕਾਰਨ ਹਰ ਪਰਿਵਾਰ ਦੀ ਜੀਵਨ ਸ਼ੈਲੀ ਵਿੱਚ ਬਦਲਾਅ ਹੈ ਅਤੇ ਉਹ ਇਸ ਨਾਲ ਨਜਿੱਠ ਰਹੇ ਹਨ। ਕੋਰੋਨਾ ਦੇ ਮਰੀਜਾਂ ਦੀ ਗਿਣਤੀ ਦੇਸ਼ ਵਿੱਚ ਵੱਧਣ ਕਾਰਨ ਇਹ ਵਿਸ਼ਵਾਸ ਬਣ ਗਿਆ ਹੈ, ਕਿ ਸਰਕਾਰਾਂ ਇਸ ਤਾਲਾਬੰਦੀ ਤੋਂ ਛੇਤੀ ਹੱਟ ਨਹੀਂ ਸਕਦੀਆਂ। ਤਾਲਾਬੰਦੀ ਹੋਣ ਦੀ ਨਿਰਾਸ਼ਾ ਨੇ ਸਾਨੂੰ ਇਹ ਅਹਿਸਾਸ ਕਰਨ ਵਿੱਚ ਮਦਦ ਕੀਤੀ ਹੈ, ਕਿ ਅਸੀਂ ਸਿਰਫ ਪੈਸੇ ਦੇ ਲਈ ਹੀ ਕੰਮ ਦੀ ਭਾਲ ਨਹੀਂ ਕਰਦੇ, ਸ਼ਾਇਦ ਸਾਡਾ ਕੈਰੀਅਰ ਵੀ ਸਾਡੀ ਪਛਾਣ ਦਾ ਸਰੋਤ ਹੈ, ਜਾਂ ਫੇਰ ਸਾਡੀ ਆਜ਼ਾਦੀ ਅਤੇ ਪਰਿਪੱਕਤਾ ਦਾ ਪ੍ਰਤੀਕ ਜਾਂ ਸਾਡੇ ਘਰ ਦੀਆਂ ਸੀਮਾਵਾਂ ਤੋਂ ਬਾਹਰ ਨਿਕਲਣ ਅਤੇ ਦੁਨੀਆਂ ਨਾਲ ਜੁੜੇ ਹੋਣ ਅਤੇ ਇਸ ਵਿਚ ਯੋਗਦਾਨ ਪਾਉਣ ਦੀ ਅੰਦਰੂਨੀ ਇੱਛਾ ਨੂੰ ਪੂਰਾ ਕਰਦਾ ਹੈ। ਹੁਣ ਤੱਕ ਹੋਏ ਸਰਵੇਖਣਾ ਅਤੇ ਇਸ ਮਹਾਂਮਾਰੀ ਦੀ ਰੋਕਥਾਮ ਲਈ ਕੀਤੇ ਗਏ ਯਤਨਾਂ ਤੋਂ ਇਹ ਤੱਥ ਸਹਿਜੇ ਹੀ ਸਰੂਪ ਧਾਰਦਾ ਜਾਪਦਾ ਹੈ ਕਿ ਸਾਨੂੰ ਇਸ ਵਾਇਰਸ ਨੂੰ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਦਾ ਹਿੱਸਾ ਬਣਾ ਕੇ ਹੀ ਆਪਣੀ ਜਿੰਦਗੀ ਨੂੰ ਅੱਗੇ ਵਧਾਉਣਾ ਪੈਣਾ ਹੈ। ਇਕ ਨਵਾਂ ਯੁੱਗ ਆਰੰਭ ਹੋ ਗਿਆ ਜਾਪਦਾ ਹੈ, ਜਿਹਦੇ ਵਿਚ ਸਾਰੇ ਪਰਿਵਾਰਕ ਮੈਂਬਰ ਸੰਚਾਰ ਕਰਨ ਲਈ ਨਵੇਂ-ਨਵੇਂ ਉਪਕਰਨ ਲੈ ਕੇ ਘਰ ਵਿੱਚ ਬੈਠੇ ਹੋਏ ਹਨ। ਬੱਚਿਆਂ ਦੀ ਸਕੂਲ ਦੀ ਪੜ੍ਹਾਈ ਆਨ-ਲਾਈਨ ਹੋ ਰਹੀ ਹੈ ਅਤੇ ਦਫ਼ਤਰ ਦਾ ਕੰਮ ਵੀਡੀਓ ਕਾਨਫਰੰਸਿੰਗ ਰਾਹੀਂ ਕੀਤਾ ਜਾ ਰਿਹਾ ਹੈ। ਇਹ ਵੀ ਵਿਚਾਰ ਕਰਨਾ ਪਵੇਗਾ ਕਿ ਕਿਤੇ ਇਨ੍ਹਾਂ ਆਨਲਾਈਨ ਉਪਕਰਨਾਂ ਨਾਲ ਬੈਠ ਕੇ ਅਸੀਂ ਇਨ੍ਹਾਂ ਰੁੱਝ ਹੀ ਨਾ ਜਾਈਏ ਕਿ ਪਰਿਵਾਰ ਦਾ ਆਪਸੀ ਸੰਵਾਦ ਹੀ ਖਤਮ ਹੋ ਜਾਵੇ।
ਇਹ ਇੱਕ ਅਜਿਹਾ ਸਮਾਂ ਹੈ, ਜਿੱਥੇ 24X7 ਘਰ ਵਿਚ ਰਹਿਣ ਦਾ ਮੌਕਾ ਹੈ। ਇਸ ਸਮੇਂ ਨੂੰ ਪਰਿਵਾਰਕ ਵਿਚਾਰ ਵਟਾਂਦਰੇ ਲਈ ਬਖੂਬੀ ਇਸਤੇਮਾਲ ਕੀਤਾ ਜਾ ਸਕਦਾ ਹੈ। ਜਿਹੜਾ ਸਮੇਂ ਦਾ ਮਹੱਤਵਪੂਰਨ ਹਿੱਸਾ ਦਫ਼ਤਰ ਵਿੱਚ ਬੀਤਦਾ ਸੀ, ਉਸ ਸਮੇਂ ਨੂੰ ਪਰਿਵਾਰਕ ਰਿਸ਼ਤੇ ਮਜ਼ਬੂਤ ਕਰਨ ਲਈ ਇਸਤੇਮਾਲ ਕਰਨਾ ਚਾਹੀਦਾ ਹੈ। ਜਿਵੇਂ ਘਰ ਵਿਚ ਪਰਿਵਾਰਕ ਮੈਂਬਰਾਂ ਨਾਲ ਘਰ ਦੀ ਕਿਚਨ ਵਿੱਚ ਕੋਈ ਪਕਵਾਨ ਬਣਾਇਆ ਜਾ ਸਕਦਾ ਹੈ ਜਾਂ ਇਸ ਭਿਆਨਕ ਸੰਕਟ ਦੌਰਾਨ ਕੁਝ ਸਮਾਂ ਰੱਬ ਦੀ ਪੂਜਾ-ਅਰਚਨਾ ਅਤੇ ਅਰਦਾਸ ਕਰਨ ਵਿਚ ਲਾਉਣਾ ਚਾਹੀਦਾ ਹੈ। ਇਸ ਸਮੇਂ ਵਿਚ ਰੁਜ਼ਗਾਰ ਦੇ ਨਵੇਂ ਹੁਨਰ ਸਿੱਖੇ ਜਾ ਸਕਦੇ ਹਨ ਜਾਂ ਯੋਗਾ ਅਤੇ ਕਸਰਤ ਕਰਕੇ ਸਿਹਤਮੰਦ ਬਣਿਆ ਜਾ ਸਕਦਾ ਹੈ। ਉਪਰੋਕਤ ਸਰਗਰਮੀਆਂ ਵਿਚ ਜਦੋਂ ਸਾਡਾ ਪਰਿਵਾਰ ਹਿੱਸਾ ਲੈਂਦਾ ਹੈ, ਤਾਂ ਆਪਸੀ ਰਿਸ਼ਤੇ ਦਾ ਬੰਧਨ ਬਹੁਤ ਮਜ਼ਬੂਤ ਹੋ ਜਾਂਦਾ ਹੈ।
ਆਓ ਅੱਜ ਇਸ “ਅੰਤਰਰਾਸ਼ਟਰੀ ਪਰਿਵਾਰ ਦਿਵਸ’’ ਦੇ ਮੌਕੇ ਤੇ ਸਮੁੱਚੀ ਮਾਨਵਤਾ ਦੇ ਭਲੇ ਦੀ ਭਾਵਨਾ ਨਾਲ ਸਾਂਝੀਵਾਲਤਾ ਭਰੀ ਕੋਈ ਅਰਦਾਸ ਕਰੀਏ ਕਿ ਕਾਇਨਾਤ ਦੇ ਕੰਧਾੜੇ ਚੜ੍ਹ ਆਏ ਇਸ ਸੰਕਟ ਦਾ ਕੋਈ ਸਾਰਥਕ ਹੱਲ ਨਿਕਲ ਸਕੇ। ਖੁਸ਼ੀਆਂ ਤੇ ਖੇੜੇ ਮੁੜ੍ਹ ਤੋਂ ਸਾਡੀਆਂ ਬਰੂਹਾਂ ਤੱਕ ਆਉਣ ਅਤੇ ਮੁੜ੍ਹ ਤੋਂ ਮਨੁੱਖ ਇੱਕ ਬੇਸ਼-ਕੀਮਤੀ, ਬੇ-ਮਿਸਾਲ ਅਤੇ ਖ਼ੁਸ਼ਹਾਲ ਜ਼ਿੰਦਗੀ ਦਾ ਹਿੱਸਾ ਬਣ ਸਕੇ।
(ਇਹ ਲੇਖਕ ਦੇ ਨਿੱਜੀ ਵਿਚਾਰ ਹਨ)
ਡਾ. ਅਰਵਿੰਦ ਸੱਭਰਵਾਲ -ਅਸਿਸਟੈਂਟ ਪ੍ਰੋਫ਼ੈਸਰ ਆਫ ਫਿਜ਼ਿਕਸ-ਖ਼ਾਲਸਾ ਕਾਲਜ, ਪਟਿਆਲਾ। ਮੋਬਾਇਲ: 9814323293