ਕੁਦਰਤ ਲਈ ਸ਼ਹੀਦ ਹੋਣਾ ਸਰਵੋਤਮ ਕੁਰਬਾਣੀ ; ਬੂਟੇ ਲਗਾਕੇ ਮਨਾਇਆ ਵਣ ਸ਼ਹੀਦ ਦਿਵਸ: ਸ਼ਰਮਾ
ਪਟਿਆਲਾ (11 ਸਿਤੰਬਰ,2022)
ਜੰਗਲਾਂ ਦੇ ਦੁਸ਼ਮਣਾਂ ਅਤੇ ਜੰਗਲਾਂ ਦੇ ਰਾਖਿਆਂ ਵਿਚਕਾਰ ਨਿਰੰਤਰ ਯੁੱਧ ਚੱਲਦਾ ਹੈ। ਇਸ ਯੁੱਧ ਦੌਰਾਨ ਕੁਦਰਤ ਖਾਤਰ ਸ਼ਹੀਦ ਹੋਣ ਵਾਲੇ ਸਰਵੋਤਮ ਕੁਰਬਾਨੀ ਦਿੰਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਣ ਰੇੰਜ ਅਫ਼ਸਰ (ਵਿਸਥਾਰ) ਸੁਰਿੰਦਰ ਸ਼ਰਮਾ ਨੇ ਕੀਤਾ। ਉਹ ਸ਼ਹੀਦ-ਏ-ਆਜ਼ਮ ਸ੍ਰ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਰਾਸ਼ਟਰੀ ਵਣ ਸ਼ਹੀਦ ਦਿਵਸ ਨੂੰ ਸਮਰਪਿਤ ਵਣ ਮਹਾਂਉਤਸਵ ਦੌਰਾਨ ਬਤੌਰ ਮੁੱਖ ਮਹਿਮਾਨ ਆਪਣੇ ਵਿਚਾਰ ਸਾਂਝੇ ਕਰ ਰਹੇ ਸਨ। ਵਣ ਮਹਾਂਉਤਸਵ ਦਾ ਆਯੋਜਨ ਵਣ ਮੰਡਲ ਅਫ਼ਸਰ (ਵਿਸਥਾਰ) ਪਟਿਆਲਾ ਸੁਸ੍ਰੀ ਵਿੱਦਿਆ ਸਾਗਰੀ ਆਰ.ਯੂ., ਆਈਐਫ਼ਐਸ ਦੇ ਦਿਸ਼ਾ ਨਿਰਦੇਸ਼ ਅਨੁਸਾਰ ਵਣ ਰੇੰਜ (ਵਿਸਥਾਰ) ਪਟਿਆਲਾ ਅਤੇ ਉੱਘੇ ਸਮਾਜ ਸੇਵੀ ਸੰਗਠਨ ਪਬਲਿਕ ਹੈਲਪ ਫਾਉੰਡੇਸ਼ਨ ਵੱਲੋਂ ਸਾਂਝੇ ਉੱਦਮ ਨਾਲ ਕੀਤਾ ਗਿਆ ਸੀ। ਫਾਉੰਡੇਸ਼ਨ ਵੱਲੋਂ ਬਡੂੰਗਰ ਰੋਡ ਤੇ ਵਿਕਸਿਤ ਕੀਤੇ ਗ੍ਰੀਨ ਕਾਰਨਰ ਵਿਖੇ ਆਯੋਜਿਤ ਵਣ ਮਹਾਂਉਤਸਵ ਦੌਰਾਨ ਸਾਬਕਾ ਸੂਬੇਦਾਰ ਜੇਐਸ ਸੰਧੂ ਅਤੇ ਧਰਮ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਪਧਾਰੇ।
ਸ਼ਰਮਾ ਨੇ ਕਿਹਾ ਕਿ ਜੰਗਲਾਂ ਲਈ ਕੰਮ ਕਰਨ ਕਰਮਚਾਰੀਆਂ, ਅਧਿਕਾਰੀਆਂ ਅਤੇ ਕਾਮਿਆਂ ਨੂੰ ਅਕਸਰ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜਦੋਂ ਉਨ੍ਹਾਂ ਦੀ ਜਾਨ ਦਾਅ ਤੇ ਲੱਗ ਜਾਂਦੀ ਹੈ। ਸ਼ਿਕਾਰੀ, ਚੋਰ,ਨਜਾਇਜ ਕਬਜ਼ਾਕਾਰ, ਬਲੈਕਮੇਲਰ ਆਦਿ ਤਾਂ ਉਨ੍ਹਾਂ ਦੇ ਦੁਸ਼ਮਣ ਹੁੰਦੇ ਹੀ ਹਨ, ਕਈ ਵਾਰ ਜੰਗਲੀ ਜਾਨਵਰ ਵੀ ਉਨ੍ਹਾਂ ਨੂੰ ਆਪਣਾ ਸ਼ਿਕਾਰ ਬਣਾ ਲੈਂਦੇ ਹਨ। ਵਣ ਬੀਟ ਅਫ਼ਸਰ ਅਮਨ ਅਰੋੜਾ ਨੇ ਰਾਸ਼ਟਰੀ ਵਣ ਸ਼ਹੀਦ ਦਿਵਸ ਬਾਰੇ ਜਾਣਕਾਰੀ ਦਿੱਤੀ। ਪਬਲਿਕ ਹੈਲੱਪ ਫਾਉੰਡੇਸ਼ਨ ਵੱਲੋਂ ਵਣ ਸ਼ਹੀਦਾਂ ਪ੍ਰਤੀ ਸਤਿਕਾਰ ਪ੍ਰਗਟ ਕਰਨ ਲਈ ਸਮੁੱਚੇ ਫਾਉਂਡੇਸ਼ਨ ਮੈਂਬਰਾਂ ਦਾ ਧੰਨਵਾਦ ਕੀਤਾ। ਫਾਉੰਡੇਸ਼ਨ ਪ੍ਰਧਾਨ ਮੱਘਰ ਸਿੰਘ ਅਤੇ ਜਨਰਲ ਸਕੱਤਰ ਰਵਿੰਦਰ ਰਵੀ ਨੇ ਕਿਹਾ ਕਿ ਹਰ ਵਾਤਾਵਰਣ ਪ੍ਰੇਮੀ ਨੂੰ ਜੰਗਲਾਤ ਮਹਿਕਮੇ ਦੇ ਕਰਮਚਾਰੀਆਂ ਪ੍ਰਤੀ ਸਹਿਯੋਗ ਦੀ ਭਾਵਨਾ ਰੱਖਣੀ ਚਾਹੀਦੀ ਹੈ। ਇਸ ਮੌਕੇ ਤੇ ਇੰਦਰਪਾਲ ਸਿੰਘ, ਪਵਨ ਕੁਮਾਰ, ਓਮ ਪ੍ਰਕਾਸ਼, ਜੈ ਕਿਸ਼ਨ, ਇਕਬਾਲ ਸਿੰਘ, ਅਮਰਜੀਤ ਰਾਠੀ, ਸੁਰਿੰਦਰ ਸਿੰਘ ਅਤੇ ਇਲਾਕੇ ਦੇ ਹੋਰ ਪਤਵੰਤੇ ਲੋਕ ਮੌਜੂਦ ਸਨ।
