ਕੇਂਦਰੀ ਸਰਕਾਰ ਦੇ ਵਤੀਰੇ ਕਾਰਨ ਪੰਜਾਬ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ

192

ਕੇਂਦਰੀ ਸਰਕਾਰ ਦੇ ਵਤੀਰੇ ਕਾਰਨ ਪੰਜਾਬ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ

ਪਟਿਆਲਾ, 1 ਨਵੰਬਰ:

ਮਾਲ ਗੱਡੀਆਂ ਦੇ ਨਾ ਚੱਲਣ ਕਾਰਨ ਥਰਮਲਾਂ ਲਈ ਕੋਇਲੇ ਅਤੇ ਰੱਬੀ ਦੀ ਬਿਜਾਈ ਲਈ ਯੂਰੀਆ ਤੇ ਡੀ ਏ ਪੀ ਖਾਦ ਦੀ ਬਣੀ ਕਿੱਲਤ ਤੋਂ ਬਾਅਦ ਸਮਾਪਤੀ ਵੱਲ ਜਾ ਰਹੇ ਝੋਨੇ ਦੇ ਸੀਜ਼ਨ ਚ ਵੀ ਮੁਸ਼ਕਿਲ ਆ ਖੜ੍ਹੀ ਹੈ।

ਮਿਲੀ ਜਾਣਕਾਰੀ ਅਨੁਸਾਰ ਮਾਲ ਗੱਡੀਆਂ ਰਾਹੀਂ ਹੋਣ ਵਾਲੀ ਬਾਰਦਾਨੇ ਦੀ ਸਪਲਾਈ ਦਿੱਲੀ ਤੇ ਮੁਰਾਦਾਬਾਦ ਚ ਰੁਕੀ ਪਈ ਹੈ, ਸਿੱਟੇ ਵਜੋਂ ਪੰਜਾਬ ਚ ਆਉਣ ਵਾਲੀ 45 ਹਜ਼ਾਰ ਗੱਠ ਦੀ ਸਪਲਾਈ ਪ੍ਰਭਾਵਿਤ ਹੋਈ ਪਈ ਹੈ। ਮੋਟੇ ਜਿਹੇ ਅੰਦਾਜ਼ੇ ਮੁਤਾਬਕ ਪੰਜਾਬ ਨੂੰ ਸਾਢੇ 22 ਕਰੋੜ ਬੋਰੀ ਝੋਨੇ ਦੇ 30 ਨਵੰਬਰ ਤਕ ਚੱਲਣ ਵਾਲੇ ਖਰੀਦ ਸੀਜ਼ਨ ਲਈ ਚਾਹੀਦੀ ਹੈ। ਇਕੱਲੇ ਪਟਿਆਲਾ ਜ਼ਿਲ੍ਹੇ ਨੂੰ ਹੀ 50 ਹਜ਼ਾਰ ਬੋਰੀ ਦੀ ਘਾਟ ਹੈ।

ਜੇਕਰ ਅਗਲੇ ਦਿਨਾਂ ਚ ਸਥਿਤੀ ਜਿਉਂ ਦੀ ਤਿਉਂ ਬਣੀ ਰਹਿੰਦੀ ਹੈ ਤਾਂ ਯਕੀਨਨ ਮਾਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਪੰਜਾਬ ਚ ਇਹ ਤੀਸਰਾ ਵੱਡਾ ਸੰਕਟ ਖੜ੍ਹਾ ਹੋ ਸਕਦਾ ਹੈ, ਜਿਸ ਨਾਲ ਝੋਨੇ ਦੀ ਖਰੀਦ ਪ੍ਰਣਾਲੀ ਚ ਮੁਸ਼ਕਿਲ ਬਣ ਸਕਦੀ ਹੈ।

ਕੇਂਦਰੀ ਸਰਕਾਰ ਦੇ ਵਤੀਰੇ ਕਾਰਨ ਪੰਜਾਬ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ-Photo courtesy-Internet

ਅਨਾਜ ਮੰਡੀ, ਸਰਹਿੰਦ ਰੋਡ ਪਟਿਆਲਾ ਦੇ ਸ਼ੇਰੂ ਪ੍ਰਧਾਨ ਨੇ ਕਿਹਾ ਕਿ ਰਾਜ ਸਰਕਾਰ ਨਵੀਂ ਫਸਲ ਲਈ ਜਗ੍ਹਾ ਦੀ ਘਾਟ ਦਾ ਸਾਹਮਣਾ ਕਰੇਗੀ। ਕਿਉਂਕਿ ਕੇਂਦਰੀ ਸਰਕਾਰ ਪੁਰਾਣੀ ਫਸਲ ਨੂੰ ਗੋਦਾਮਾਂ ਤੋਂ ਨਹੀਂ ਚੁੱਕ ਰਹੀ, ਵੱਡੀ ਗੱਲ ਇਹ ਹੈ ਕਿ ਕਿਸਾਨ ਅੰਦੋਲਨ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਜ਼ਰੂਰੀ ਵਸਤਾਂ ਦੀ ਢੋਆ-ਢੁਆਈ ਲਈ ਰੇਲਵੇ ਟ੍ਰੈਕ ਖਾਲੀ ਕਰਨ ਤੋਂ ਬਾਅਦ ਕੇਂਦਰ ਵੱਲੋਂ ਰੇਲਵੇ ਟ੍ਰੈਕਾਂ ਦੀ ਸੁਰੱਖਿਆ ਦੀ ਸ਼ਰਤ ਲਾ ਕੇ ਮਾਲ ਗੱਡੀਆਂ ਦੀ ਪੰਜਾਬ ‘ਚ ਆਵਾਜਾਈ ਰੋਕ ਦਿੱਤੀ ਗਈ ਹੈ, ਜਿਸ ਦਾ ਖਮਿਆਜ਼ਾ ਕਿਸਾਨਾਂ, ਵਪਾਰੀਆਂ, ਸਨਅਤਕਾਰਾਂ ਅਤੇ ਹੋਰ ਰੇਲ ਟ੍ਰਾਂਸਪੋਰਟ ਨਾਲ ਜੁੜੇ ਵਰਗਾਂ ਨੂੰ ਭੁਗਤਣਾ ਪੈ ਰਿਹਾ ਹੈ।

ਅਨਾਜ ਮੰਡੀ ਪਟਿਆਲਾ ਦੇ ਗੁਲਸ਼ਨ ਨੇ ਕਿਹਾ ਦੇਸ਼ ਦੀ ਆਰਥਿਕਤਾ ਕਿਸਾਨੀ ਨਾਲ ਜੁੜੀ ਹੋਈ ਹੈ ਅਤੇ ਜੇਕਰ ਕਿਸਾਨ ਹੀ ਘਾਟੇ ਵਿੱਚ ਰਹਿਣਗੇ ਤਾਂ ਦੇਸ਼ ਦੀ ਆਰਥਿਕਤਾ ਵੀ ਮੰਦਹਾਲੀ ਵਿੱਚ ਚਲੀ ਜਾਵੇਗੀ I ਉਨ੍ਹਾਂ ਇਹ ਵੀ ਕਿਹਾ ਕਿ ਇਸ ਦਾ ਅਸਰ ਸਿਰਫ ਪੰਜਾਬ ‘ਤੇ ਹੀ ਨਹੀਂ ਸਗੋਂ ਪੂਰੇ ਦੇਸ਼ ‘ਤੇ ਪਵੇਗਾ।

ਗੁਰਜੀਤ ਸਿੰਘ ਨੇ ਕਿਹਾਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੜੀਅਲ ਰਵਈਆ ਅਪਣਾ ਰਹੇ ਹਨ, ਜਿਸ ਕਾਰਨ ਕਿਸਾਨਾਂ ਨੂੰ ਕਠਿਨਾਈ ਝੱਲਣੀ ਪੈ ਰਹੀ ਹੈ।