Homeਪੰਜਾਬੀ ਖਬਰਾਂਕੰਟਰੋਲ ਰੂਮ ਨੰਬਰਾਂ ’ਤੇ ਮਹਿਜ਼ ਇੱਕ ਫੋਨ ਕਾਲ ਕਰਨ ’ਤੇ ਸੰਗਰੂਰ ਜ਼ਿਲ੍ਹੇ...

ਕੰਟਰੋਲ ਰੂਮ ਨੰਬਰਾਂ ’ਤੇ ਮਹਿਜ਼ ਇੱਕ ਫੋਨ ਕਾਲ ਕਰਨ ’ਤੇ ਸੰਗਰੂਰ ਜ਼ਿਲ੍ਹੇ ਦੇ ਕਿਸਾਨਾਂ ਨੂੰ ਮਿਲੇਗੀ ਸਬਸਿਡੀ ਵਾਲੀ ਖੇਤੀ ਮਸ਼ੀਨਰੀ ਬਾਰੇ ਸਹੀ ਜਾਣਕਾਰੀ: ਜਤਿੰਦਰ ਜੋਰਵਾਲ

ਕੰਟਰੋਲ ਰੂਮ ਨੰਬਰਾਂ ’ਤੇ ਮਹਿਜ਼ ਇੱਕ ਫੋਨ ਕਾਲ ਕਰਨ ’ਤੇ ਸੰਗਰੂਰ ਜ਼ਿਲ੍ਹੇ ਦੇ ਕਿਸਾਨਾਂ ਨੂੰ ਮਿਲੇਗੀ ਸਬਸਿਡੀ ਵਾਲੀ ਖੇਤੀ ਮਸ਼ੀਨਰੀ ਬਾਰੇ ਸਹੀ ਜਾਣਕਾਰੀ: ਜਤਿੰਦਰ ਜੋਰਵਾਲ

ਸੰਗਰੂਰ, 30 ਅਕਤੂਬਰ,2023:

ਪੰਜਾਬ ਸਰਕਾਰ ਵੱਲੋਂ ਪਰਾਲੀ ਦੇ ਯੋਗ ਪ੍ਰਬੰਧਨ ਨੂੰ ਯਕੀਨੀ ਬਣਾਉਣ ਦੇ ਮਿੱਥੇ ਟੀਚੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਉਪਰਾਲੇ ਸਦਕਾ ਹੁਣ ਸੰਗਰੂਰ ਜ਼ਿਲ੍ਹੇ ਦੇ ਕਿਸਾਨ ਸਬਸਿਡੀ ਵਾਲੀ ਖੇਤੀ ਮਸ਼ੀਨਰੀ ਬਾਰੇ ਮਹਿਜ਼ ਇੱਕ ਫੋਨ ਕਾਲ ਨਾਲ ਪੁਖ਼ਤਾ ਜਾਣਕਾਰੀ ਹਾਸਲ ਕਰ ਸਕਣਗੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਕਿਸਾਨਾਂ ਨੂੰ ਖੇਤੀ ਮਸ਼ੀਨਰੀ ਹਾਸਲ ਕਰਨ ਵਿੱਚ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦੇ ਢੁਕਵੇਂ ਹੱਲ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ ਜਿਨ੍ਹਾਂ ’ਤੇ ਕੋਈ ਵੀ ਕਿਸਾਨ ਫੋਨ ਕਰਕੇ ਆਪਣੇ ਨੇੜਲੇ ਏਰੀਏ ਵਿੱਚ ਸਬਸਿਡੀ ’ਤੇ ਉਪਲਬਧ ਖੇਤੀ ਮਸ਼ੀਨਰੀ ਬਾਰੇ ਸਹੀ ਜਾਣਕਾਰੀ ਹਾਸਲ ਕਰ ਸਕਦਾ ਹੈ ਅਤੇ ਕਿਸਾਨ ਵੱਲੋਂ ਦਰਜ ਕਰਵਾਈ ਮੰਗ ਅਨੁਸਾਰ ਖੇਤੀਬਾੜੀ ਤੇ ਸਹਿਕਾਰਤਾ ਵਿਭਾਗ ਦੇ ਅਧਿਕਾਰੀ ਸਬੰਧਤ ਕਿਸਾਨ ਤੱਕ ਇਹ ਮਸ਼ੀਨਰੀ ਮੁਹੱਈਆ ਕਰਵਾਉਣ ਲਈ ਕਿਸਾਨ ਨਾਲ ਤਾਲਮੇਲ ਕਰਨਾ ਯਕੀਨੀ ਬਣਾਉਣਗੇ।

ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਹਰੇਕ ਕਿਸਾਨ ਤੱਕ ਇਸ ਖੇਤੀ ਮਸ਼ੀਨਰੀ ਬਾਰੇ ਲੋੜੀਂਦੀ ਜਾਣਕਾਰੀ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਹਰ ਸੰਭਵ ਉਪਰਾਲਾ ਕਰਨ ਵਿੱਚ ਸਰਗਰਮ ਹੈ ਤਾਂ ਜੋ ਕੋਈ ਵੀ ਕਿਸਾਨ ਪਰਾਲੀ ਦੇ ਪ੍ਰਬੰਧਨ ਲਈ ਵਰਤੀ ਜਾਣ ਵਾਲੀ ਇਸ ਮਸ਼ੀਨਰੀ ਦੀ ਵਰਤੋਂ ਤੋਂ ਵਾਂਝਾ ਨਾ ਰਹੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸਾਨਾਂ ਦੀ ਸਹੂਲਤ ਲਈ ਪਹਿਲਾਂ ਤੋਂ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖੇਤੀ ਮਸ਼ੀਨਰੀ ਦੀਆਂ ਸੂਚੀਆਂ ਜ਼ਿਲ੍ਹਾ ਸੰਗਰੂਰ ਦੀ ਵੈਬਸਾਈਟ http://sangrur.nic.in ਦੇ ਉਤੇ ਪਾਈਆਂ ਹੋਈਆਂ ਹਨ ਅਤੇ ਹੁਣ ਕਿਸਾਨਾਂ ਦੀ ਸੁਵਿਧਾ ਲਈ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਨੰਬਰ 01672-233475 ਅਤੇ 88474-53406 ਵੀ ਜਾਰੀ ਕੀਤੇ ਗਏ ਹਨ ਜਿਨ੍ਹਾਂ ’ਤੇ ਸੰਪਰਕ ਕਰਕੇ ਵੀ ਕੋਈ ਵੀ ਕਿਸਾਨ ਆਪਣੇ ਨੇੜਲੇ ਏਰੀਏ ਵਿੱਚ ਉਪਲਬਧ ਖੇਤੀ ਮਸ਼ੀਨਰੀ ਬਾਰੇ ਜਾਣਕਾਰੀ ਲੈ ਸਕਦਾ ਹੈ ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਕੰਟਰੋਲ ਰੂਮ ਨੰਬਰ, ਕਿਸਾਨਾਂ ਦੀ ਖੇਤੀ ਮਸ਼ੀਨਰੀ ਸਬੰਧੀ ਸਮੱਸਿਆ ਦੇ ਹੱਲ ਨੂੰ ਯਕੀਨੀ ਬਣਾਉਣ ਲਈ ਸਥਾਪਤ ਕੀਤੇ ਗਏ ਹਨ ਜਿਸ ਦਾ ਕਿਸਾਨਾਂ ਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਕੋਈ ਵੀ ਕਿਸਾਨ ਇਨ੍ਹਾਂ ਨੰਬਰਾਂ ’ਤੇ ਕਿਸੇ ਵੀ ਦਿਨ ਸਵੇਰੇ 8 ਵਜੇ ਤੋਂ ਰਾਤ 9 ਵਜੇ ਤੱਕ ਸੰਪਰਕ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿਖੇ ਕਿਸਾਨਾਂ ਕੋਲ ਵਿਅਕਤੀਗਤ ਪੱਧਰ ’ਤੇ ਉਪਲਬਧ ਖੇਤੀ ਮਸ਼ੀਨਰੀ ਦੇ ਨਾਲ ਨਾਲ ਸਹਿਕਾਰੀ ਸਭਾਵਾਂ, ਫਾਰਮ ਪ੍ਰੋਡਿਊਸਰ ਸਮੂਹਾਂ, ਪੰਚਾਇਤਾਂ ਅਤੇ ਰਜਿਸਟਰਡ ਕਿਸਾਨ ਸਮੂਹਾਂ ਕੋਲ ਉਪਲਬਧ ਖੇਤੀ ਮਸ਼ੀਨਰੀ ’ਤੇ ਆਧਾਰਿਤ ਸਮੂਹ ਸੂਚੀਆਂ, ਸਬ ਡਵੀਜ਼ਨਾਂ ਦੇ ਪਿੰਡਾਂ ਵਿੱਚ ਪ੍ਰਮੁੱਖ ਸਥਾਨਾਂ ’ਤੇ ਚਿਪਕਾਉਣ ਦੇ ਨਾਲ ਨਾਲ ਹਰੇਕ ਐਸ.ਡੀ.ਐਮ ਦਫ਼ਤਰ, ਬੀ.ਡੀ.ਪੀ.ਓ ਦਫ਼ਤਰ, ਕੋਆਪਰੇਟਿਵ ਦਫ਼ਤਰ ਵਿਖੇ ਵੀ ਪਹਿਲਾਂ ਤੋਂ ਹੀ ਉਪਲਬਧ ਹਨ, ਜਿਥੇ ਕੋਈ ਵੀ ਕਿਸਾਨ ਪਹੁੰਚ ਕਰਕੇ ਇਹ ਸੂਚੀ ਦੇਖ ਸਕਦਾ ਹੈ ਅਤੇ ਸੂਚੀਆਂ ਵਿੱਚ ਦਰਜ ਮੋਬਾਇਲ ਨੰਬਰਾਂ ’ਤੇ ਸੰਪਰਕ ਕਰਕੇ ਖੇਤੀ ਮਸ਼ੀਨਰੀ ਲੈਣ ਲਈ ਤਾਲਮੇਲ ਕਰ ਸਕਦੇ ਹਨ।

LATEST ARTICLES

Most Popular

Google Play Store