ਖੇਤਰੀ ਸਰਸ ਮੇਲੇ ਦੌਰਾਨ ਸਤਿੰਦਰ ਸਰਤਾਜ, ਰਣਜੀਤ ਬਾਵਾ, ਕੁਲਵਿੰਦਰ ਬਿੱਲਾ, ਸੁਨੰਦਾ ਸ਼ਰਮਾ, ਜੌਰਡਨ ਸੰਧੂ ਕਰਨਗੇ ਆਪਣੇ ਫ਼ਨ ਦਾ ਮੁਜ਼ਾਹਰਾ: ਡੀ.ਸੀ

249

ਖੇਤਰੀ ਸਰਸ ਮੇਲੇ ਦੌਰਾਨ ਸਤਿੰਦਰ ਸਰਤਾਜ, ਰਣਜੀਤ ਬਾਵਾ, ਕੁਲਵਿੰਦਰ ਬਿੱਲਾ, ਸੁਨੰਦਾ ਸ਼ਰਮਾ, ਜੌਰਡਨ ਸੰਧੂ ਕਰਨਗੇ ਆਪਣੇ ਫ਼ਨ ਦਾ ਮੁਜ਼ਾਹਰਾ: ਡੀ.ਸੀ

ਸੰਗਰੂਰ, 04 ਅਕਤੂਬਰ,2022:
ਦੇਸ਼ ਦੇ ਵੱਖੋ-ਵੱਖਰੇ ਹਿੱਸਿਆਂ ਦੇ ਕਲਾਕਾਰਾਂ ਵੱਲੋਂ ਬਣਾਈਆਂ ਕਲਾਕ੍ਰਿਤਾਂ ਅਤੇ ਵੱਖ-ਵੱਖ ਸੂਬਿਆਂ ਦੀਆਂ ਲੋਕ ਕਲਾਵਾਂ ਤੇ ਰਵਾਇਤੀ ਖਾਣਿਆਂ ਬਾਰੇ ਸੰਗਰੂਰ ਦੇ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਸਥਾਨਕ ਰਣਬੀਰ ਕਾਲਜ ਵਿਖੇ 8 ਅਕਤੂਬਰ ਤੋਂ 17 ਅਕਤੂਬਰ ਤੱਕ ਕਰਵਾਏ ਜਾ ਰਹੇ ਖੇਤਰੀ ਸਰਸ ਮੇਲੇ ਦੌਰਾਨ ਰੋਜ਼ਾਨਾ ਸ਼ਾਮ ਸਮੇਂ ਪੰਜਾਬ ਦੇ ਨਾਮਵਰ ਗਾਇਕ ਆਪਣੀ ਕਲਾ ਨਾਲ ਸਰੋਤਿਆਂ ਨੂੰ ਕੀਲਣਗੇ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਦੂਰ-ਦੁਰਾਡਿਉ ਆਉਣ ਵਾਲੇ ਕਲਾਕਾਰਾਂ ਦੀਆਂ ਕਲਾਕ੍ਰਿਤੀਆਂ ਵੇਖਣ ਅਤੇ ਖਰੀਦਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਹੋਰ ਵਾਧਾ ਕਰਨ ਦੇ ਮਕਸਦ ਨਾਲ ਜ਼ਿਲਾ ਪ੍ਰਸ਼ਾਸਨ ਵੱਲੋਂ ਖੇਤਰੀ ਸਰਸ ਮੇਲੇ ਦੀ ਹਰ ਸ਼ਾਮ ਨੂੰ ਮਸ਼ਹੂਰ ਪੰਜਾਬੀ ਗਾਇਕਾਂ ਦੇ ਪ੍ਰੋਗਰਾਮ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ। ਉਨਾਂ ਕਿਹਾ ਕਿ ਸਾਲ 2013 ਦੇ ਲੰਬੇ ਸਮੇਂ ਤੋਂ ਬਾਅਦ ਹੁਣ ਜ਼ਿਲਾ ਵਾਸੀਆਂ ਲਈ ਇਸ ਮੇਲੇ ਦਾ ਆਯੋਜਨ ਸੰਗਰੂਰ ਵਿਖੇ ਕੀਤਾ ਜਾ ਰਿਹਾ ਹੈ ਅਤੇ ਅਜਿਹਾ ਵੀ ਪਹਿਲੀ ਵਾਰ ਹੀ ਹੋਵੇਗਾ ਜਦੋਂ ਏਨੀ ਵੱਡੀ ਗਿਣਤੀ ਵਿੱਚ ਨਾਮਵਰ ਗਾਇਕ ਸਰਸ ਮੇਲੇ ਦੇ ਮੰਚ ਤੋਂ ਲੋਕਾਂ ਦੇ ਰੂਬਰੂ ਹੋਣਗੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖੇਤਰੀ ਸਰਸ ਮੇਲੇ ਦੇ ਉਦਘਾਟਨੀ ਦਿਨ 8 ਅਕਤੂਬਰ ਨੂੰ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ, 9 ਅਕਤੂਬਰ ਨੂੰ ਜੋਰਡਨ ਸੰਧੂ, 10 ਨੂੰ ਹਰਜੀਤ ਹਰਮਨ, 11 ਨੂੰ ਹਰਭਜਨ ਸ਼ੇਰਾ, 12 ਨੂੰ ਸੁਨੰਦਾ ਸ਼ਰਮਾ, 13 ਨੂੰ ਜਸਵਿੰਦਰ ਬਰਾੜ, 14 ਨੂੰ ਅਰਮਾਨ ਢਿੱਲੋ, ਪ੍ਰਭ ਬੈਂਸ, ਚੇਤ ਸਿੰਘ, ਜਸ਼ਨ ਇੰਦਰ, ਸੋਫੀਆ ਇੰਦਰ, ਬਸੰਤ ਕੁਰ ਤੇ ਜੱਸੀ ਧਾਲੀਵਾਲ ਜਦਕਿ 15 ਅਕਤੂਬਰ ਨੂੰ ਰਣਜੀਤ ਬਾਵਾ ਅਤੇ 16 ਅਕਤੂਬਰ ਨੂੰ ਸਤਿੰਦਰ ਸਰਤਾਜ ਆਪਣੇ ਫ਼ਨ ਦਾ ਮੁਜਾਹਰਾ ਕਰਨਗੇ।

ਖੇਤਰੀ ਸਰਸ ਮੇਲੇ ਦੌਰਾਨ ਸਤਿੰਦਰ ਸਰਤਾਜ, ਰਣਜੀਤ ਬਾਵਾ, ਕੁਲਵਿੰਦਰ ਬਿੱਲਾ, ਸੁਨੰਦਾ ਸ਼ਰਮਾ, ਜੌਰਡਨ ਸੰਧੂ ਕਰਨਗੇ ਆਪਣੇ ਫ਼ਨ ਦਾ ਮੁਜ਼ਾਹਰਾ: ਡੀ.ਸੀ

ਜਤਿੰਦਰ ਜੋਰਵਾਲ ਨੇ ਦੱਸਿਆ ਕਿ ਖੇਤਰੀ ਸਰਸ ਮੇਲੇ ’ਚ ਸਕੂਲ ਦੀ ਵਰਦੀ ਪਾ ਕੇ ਆਉਣ ਵਾਲੇ ਵਿਦਿਆਰਥੀਆਂ ਅਤੇ 3 ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਨੂੰ ਮੁਫ਼ਤ ਦਾਖ਼ਲਾ ਮਿਲੇਗਾ ਜਦਕਿ 3 ਤੋਂ 10 ਸਾਲ ਦੀ ਉਮਰ ਦੇ ਬੱਚਿਆਂ ਲਈ 10 ਰੁਪਏ ਦੀ ਟਿਕਟ ਰੱਖੀ ਗਈ ਹੈ ਅਤੇ 10 ਸਾਲ ਤੋਂ ਵੱਡੀ ਉਮਰ ਦੇ ਨੌਜਵਾਨਾਂ ਅਤੇ ਆਮ ਲੋਕਾਂ ਲਈ 20 ਰੁਪਏ ਦੀ ਐਂਟਰੀ ਟਿਕਟ ਰੱਖੀ ਗਈ ਹੈ। ਉਨਾਂ ਕਿਹਾ ਕਿ ਖੇਤਰੀ ਸਰਸ ਮੇਲੇ ਦੌਰਾਨ ਲੋਕ ਪੰਜਾਬ ਦੇ ਸੱਭਿਆਚਾਰ ਦੇ ਨਾਲ-ਨਾਲ ਦੇਸ਼ ਦੇ ਹੋਰਨਾਂ ਸੂਬਿਆਂ ਦੇ ਰਹਿਣ-ਸਹਿਣ, ਪਹਿਰਾਵੇ ਅਤੇ ਖਾਣ-ਪਾਣ ਆਦਿ ਬਾਰੇ ਵੀ ਜਾਣਕਾਰੀ ਹਾਸਲ ਕਰ ਸਕਣਗੇ। ਉਨਾਂ ਦੱਸਿਆ ਕਿ ਇਸ ਮੇਲੇ ਦੌਰਾਨ ਦਸਤਕਾਰਾਂ ਵੱਲੋਂ ਆਪਣੇ ਹੱਥੀ ਬਣਾਈਆਂ ਚੀਜ਼ਾਂ ਜਿਨਾਂ ’ਚ ਖਿਡੌਣੇ, ਕੱਪੜੇ, ਸਜਾਵਟੀ ਸਾਮਾਨ, ਫਰਨੀਚਰ ਆਦਿ ਸ਼ਾਮਲ ਹਨ ਵੀ ਵਿਕਰੀ ਲਈ ਉਪਲਬਧ ਰਹਿਣਗੀਆਂ। ਉਨਾਂ ਕਿਹਾ ਕਿ ਇਸ ਮੇਲੇ ’ਚ ਰਵਾਇਤੀ ਮੇਲਿਆਂ ਵਾਂਗ ਵੱਖ-ਵੱਖ ਤਰਾਂ ਦੇ ਝੂਲੇ ਲੋਕਾਂ ਦੇ ਮਨੋਰੰਜਨ ਦੇ ਸਾਧਨ ਵਜੋਂ ਲਗਾਏ ਜਾਣਗੇ।

ਇਸ ਤੋਂ ਪਹਿਲਾਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਸਮਾਂ ਰਹਿੰਦੇ ਸਰਸ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਜਾਣ। ਉਨਾਂ ਕਿਹਾ ਕਿ ਤਿਆਰੀਆਂ ਮੌੇਕੇ ਸੁਰੱਖਿਆ ਅਤੇ ਸਾਫ਼-ਸਫ਼ਾਈ ਦਾ ਖ਼ਾਸ ਖ਼ਿਆਲ ਰੱਖਿਆ ਜਾਵੇ ਅਤੇ ਪੰਡਾਲ ਦੀ ਤਿਆਰੀ ਮੌਕੇ ਹੀ ਸਮੁੱਚੇ ਲੋੜੀਂਦੇ ਪਹਿਲੂਆਂ ’ਤੇ ਤਿੱਖੀ ਨਜ਼ਰ ਰੱਖੀ ਜਾਵੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਰਜੀਤ ਵਾਲੀਆ, ਵਧੀਕ ਡਿਪਟੀ ਕਮਿਸ਼ਨਰ (ਜ) ਅਨਮੋਲ ਸਿੰਘ ਧਾਲੀਵਾਲ, ਐਸ.ਡੀ.ਐਮ. ਸੰਗਰੂਰ ਨਵਰੀਤ ਕੌਰ ਸੇਖੋਂ, ਐਸ.ਡੀ.ਐਮ ਦਿੜਬਾ ਰਾਜੇਸ਼ ਸ਼ਰਮਾ, ਐਸ.ਡੀ.ਐਮ ਸੁਨਾਮ ਜਸਪ੍ਰੀਤ ਸਿੰਘ, ਐਸ.ਡੀ.ਐਮ ਧੂਰੀ ਅਮਿਤ ਗੁਪਤਾ, ਐਸ.ਡੀ.ਐਮ ਭਵਾਨੀਗੜ ਵਨੀਤ ਕੁਮਾਰ, ਸਹਾਇਕ ਕਮਿਸ਼ਨਰ ਦੇਵਦਰਸ਼ਦੀਪ ਸਿੰਘ, ਵਣ ਮੰਡਲ ਅਫ਼ਸਰ ਮੋਨਿਕਾ ਯਾਦਵ ਸਮੇਤ ਵੱਖ-ਵੱਖ ਵਿਭਾਗਾਂ ਦੇ ਮੁਖੀ ਹਾਜ਼ਰ ਸਨ।