ਗਣਤੰਤਰਤਾ ਦਿਵਸ ਮੌਕੇ ਡਿਵੀਜ਼ਨਲ ਕਮਿਸ਼ਨਰ ਰੂਪਨਗਰ ਸੁਮੇਰ ਸਿੰਘ ਗੁਰਜ਼ਰ ਨੇ ਲਹਿਰਾਇਆ ਕੌਮੀ ਝੰਡਾ
ਬਹਾਦਰਜੀਤ ਸਿੰਘ / ਰੂਪਨਗਰ, 26 ਜਨਵਰੀ, 2023
74ਵੇਂ ਗਣਤੰਤਰ ਦਿਵਸ ਮੌਕੇ ਡਿਵੀਜ਼ਨਲ ਕਮਿਸ਼ਨਰ ਰੂਪਨਗਰ ਸੁਮੇਰ ਸਿੰਘ ਗੁਰਜ਼ਰ ਨੇ ਨਹਿਰੂ ਸਟੇਡੀਅਮ ਵਿਖੇ ਕੌਮੀ ਝੰਡਾ ਲਹਿਰਾਇਆ। ਜਿਸ ਉਪਰੰਤ ਉਨ੍ਹਾਂ ਵਲੋਂ ਪਰੇਡ ਦਾ ਨਿਰੀਖਣ ਕੀਤਾ ਗਿਆ ਅਤੇ ਇਸ ਮੌਕੇ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਅਤੇ ਸੀਨੀਅਰ ਪੁਲਿਸ ਕਪਤਾਨ ਵਿਵੇਕ ਐਸ ਸੋਨੀ ਉਨਾਂ ਦੇ ਨਾਲ ਸਨ।
ਕੌਮੀ ਝੰਡਾ ਲਹਿਰਾਉਣ ਅਤੇ ਪਰੇਡ ਦਾ ਨਿਰੀਖਣ ਕਰਨ ਪਿੱਛੋਂ 74ਵੇਂ ਗਣਤੰਤਰ ਦਿਵਸ ਮੌਕੇ ਡਿਵੀਜ਼ਨਲ ਕਮਿਸ਼ਨਰ ਰੂਪਨਗਰ ਸੁਮੇਰ ਸਿੰਘ ਗੁਰਜ਼ਰ ਨੇ ਜ਼ਿਲ੍ਹਾ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਸਾਲ ਆਪ ਸਭ ਲਈ ਹੋਰ ਵਧੀਆ ਹੋਵੇ। ਉਨਾਂ ਦੇਸ਼ ਦੀਆਂ ਹਥਿਆਰਬੰਦ ਫੌਜਾਂ ਦੇ ਉਨ੍ਹਾਂ ਬਹਾਦਰ ਸੂਰਵੀਰਾਂ ਨੂੰ ਵੀ ਵਧਾਈ ਦਿਤੀ ਜੋ ਦੇਸ਼ ਦੀ ਇਲਾਕਾਈ ਅਖੰਡਤਾ ਅਤੇ ਏਕਤਾ ਦੀ ਰਾਖੀ ਕਰ ਰਹੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਲੰਬੇ ਸੰਘਰਸ਼ ਤੋਂ ਬਾਅਦ ਆਜ਼ਾਦੀ ਹਾਸਲ ਕਰਕੇ ਸੰਵਿਧਾਨ ਬਣਾਉਣ ਦੇ ਕਾਰਜ ਨੂੰ ਸਿਰੇ ਚੜਾਉਣ ਵਿਚ ਸਭ ਤੋਂ ਵੱਡਾ ਯੋਗਦਾਨ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਦਿੱਤਾ। ਇਸ ਤੋਂ ਬਾਅਦ ਸਾਲ 1950 ਵਿਚ ਅੱਜ ਦੇ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ ਸੀ। ਇਸ ਲਈ ਸਾਰੇ ਦੇਸ਼ ਵਾਸੀਆਂ ਲਈ ਇਹ ਬੜਾ ਮਹੱਤਵਪੂਰਨ ਤੇ ਗੌਰਵਮਈ ਦਿਨ ਹੈ।
ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਵੱਡਾ ਸੁਧਾਰ ਕਰਦਿਆਂ ਪੰਜਾਬ ਦੇ 117 ਸਕੂਲਾਂ ਨੂੰ ਸਕੂਲ ਆਫ਼ ਐਮੀਨੈਂਸ ਬਣਾਉਣ ਦੀ ਸ਼ੁਰੂਆਤ ਕੀਤੀ ਹੈ। ਜਿਸ ਅਧੀਨ ਰੂਪਨਗਰ ਜ਼ਿਲ੍ਹੇ ਦੇ 5 ਸਕੂਲਾਂ ਨੂੰ ਸਕੂਲ ਆਫ਼ ਐਮੀਨੈਂਸ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ ਅਤੇ ਇਸੇ ਤਰ੍ਹਾਂ ਹੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ 400 ਆਮ ਆਦਮੀ ਕਲੀਨਿਕ ਖੋਲਣ ਦਾ ਫੈਸਲਾ ਲਿਆ ਗਿਆ ਹੈ। ਜ਼ਿਲ੍ਹਾ ਰੂਪਨਗਰ ਵਿਚ ਹੁਣ ਤੱਕ 7 ਆਮ ਆਦਮੀ ਕਲੀਨਿਕ ਖੋਲੇ ਜਾ ਚੁੱਕੇ ਹਨ ਤੇ 27 ਜਨਵਰੀ ਨੂੰ 13 ਹੋਰ ਆਮ ਆਦਮੀ ਕਲੀਨਿਕ ਖੋਲੋ ਜਾ ਰਹੇ ਹਨ।
ਡਵੀਜ਼ਨਲ ਕਮਿਸ਼ਨਰ ਰੂਪਨਗਰ ਨੇ ਅੱਗੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿਹਤ ਸਿੱਖਿਆ ਤੇ ਰੋਜ਼ਗਾਰ ਦੇ ਖੇਤਰ ਨੂੰ ਤਵੱਜੋਂ ਦਿੱਤੀ ਜਾ ਰਹੀ ਹੈ ਜਿਸ ਤਹਿਤ ਸਕੂਲਾਂ ਵਿਚ ਲਾਇਬ੍ਰੇਰੀ ਅਤੇ ਖੇਡਾਂ ਪ੍ਰਤੀ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਕਈ ਅਹਿਮ ਫੈਸਲੇ ਲਏ ਗਏ ਹਨ ਅਤੇ ਗ੍ਰਾਂਟਾਂ ਵੀ ਜਾਰੀ ਕੀਤੀਆਂ ਗਈਆਂ ਹਨ।
ਇਸ ਮੌਕੇ ਡੀ.ਐਸ.ਪੀ. ਸਿਮਰਨਜੀਤ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਟੁਕੜੀਆਂ ਵਲੋਂ ਸਲਾਮੀ ਦਿੱਤੀ ਗਈ। ਜਿਸ ਵਿਚ ਪੰਜਾਬ ਪੁਲਿਸ ਪੁਰਸ਼, ਪੰਜਾਬ ਪੁਲਿਸ ਮਹਿਲਾ, ਪੰਜਾਬ ਹੋਮ ਗਾਰਡਜ਼, ਵੱਖ-ਵੱਖ ਸਕੂਲਾਂ ਅਤੇ ਬੈਂਡ ਦੀ ਟੁਕੜੀਆਂ ਵਲੋਂ ਮਾਰਚ ਪਾਸਟ ਵਿਚ ਹਿੱਸਾ ਲਿਆ ਗਿਆ।
ਇਸ ਉਪਰੰਤ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਪੀ.ਟੀ. ਸ਼ੋਅ, ਕੋਰੀਓਗ੍ਰਆਫੀ, ਡਾਂਸ ਅਤੇ ਗਿੱਧਾ ਆਦਿ ਰੰਗਾ-ਰੰਗ ਪ੍ਰੋਗਰਾਮਾਂ ਦੀ ਪੇਸ਼ਕਾਰੀ ਕੀਤੀ ਗਈ।
ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੱਖ-ਵੱਖ ਵਿਭਾਗਾਂ ਅਤੇ ਖੇਤਰਾਂ ਵਿਚ ਵਿਲੱਖਣ ਸੇਵਾਵਾਂ ਨਿਭਾਉਣ ਵਾਲੇ ਕਰਮਚਾਰੀਆਂ, ਅਧਿਕਾਰੀਆਂ ਅਤੇ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ ਅਤੇ ਅੰਤ ਵਿੱਚ ਸ਼ਿਵਾਲਿਕ ਸਕੂਲ ਦੇ ਸਟਾਫ ਵਲੋਂ ਰਾਸ਼ਟਰੀ ਗਾਣ ਪੇਸ਼ ਕੀਤਾ ਗਿਆ।
ਇਸ ਮੌਕੇ ਮੁੱਖ ਮਹਿਮਾਨ ਵਲੋਂ ਜ਼ਿਲ੍ਹਾ ਰੂਪਨਗਰ ਦੇ ਸਾਰੇ ਸਕੂਲਾਂ ਵਿਚ ਛੁੱਟੀ ਘੋਸ਼ਿਤ ਕੀਤੀ ਗਈ ਜਿਸ ਉਪਰੰਤ ਖੇਡ ਵਿਭਾਗ ਵਲੋਂ ਨਹਿਰੂ ਸਟੇਡੀਅਮ ਵਿਖੇ ਰਿਲੇਅ ਰੇਸ ਵੀ ਕਰਵਾਈ ਗਈ।
ਇਸ ਮੌਕੇ ਵਿਧਾਇਕ ਡਾ. ਚਰਨਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਹਰਜੋਤ ਕੌਰ, ਵਧੀਕ ਡਿਪਟੀ ਕਮਿਸ਼ਨਰ (ਵ) ਅਮਰਦੀਪ ਸਿੰਘ ਗੁਜਰਾਲ, ਸਹਾਇਕ ਕਮਿਸ਼ਨਰ (ਜ) ਦਿਪਾਂਕਰ ਗਰਗ, ਐਸਪੀ (ਹੈੱਡਕੁਆਟਰ) ਰਾਜਪਾਲ ਸਿੰਘ ਹੁੰਦਲ, ਐਸਪੀ (ਇਨਵੇਸਟੀਗੇਸ਼ਨ) ਮਨਵਿੰਦਰ ਸਿੰਘ, ਐਸਡੀਐਮ ਰੂਪਨਗਰ ਹਰਬੰਸ ਸਿੰਘ, ਤਹਿਸੀਲਦਾਰ ਜਸਵਿੰਦਰ ਸਿੰਘ, ਨਾਇਬ ਤਹਿਸੀਲਦਾਰ ਰਵਿੰਦਰ ਸਿੰਘ, ਜ਼ਿਲ੍ਹੇ ਦੇ ਹੋਰ ਉੱਚ ਅਧਿਕਾਰੀ ਤੇ ਕਰਮਚਾਰੀ, ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਤੇ ਅਧਿਆਪਕ ਹਾਜ਼ਰ ਸਨ।