ਗਿਆਨੀ ਜ਼ੈਲ ਸਿੰਘ ਨਗਰ ‘ਚ ਸੀਵੇਰਜ ਦੀ ਸਮੱਸਿਆ ਪ੍ਰਤੀ ਅਣਗਿਹਲੀ ਕਰਨ ਵਾਲੇ ਅਫ਼ਸਰਾਂ ਖਿਲਾਫ ਹੋਵੇਗੀ ਕਾਰਵਾਈ: ਦਿਨੇਸ਼ ਚੱਢਾ

162

ਗਿਆਨੀ ਜ਼ੈਲ ਸਿੰਘ ਨਗਰ ‘ਚ ਸੀਵੇਰਜ ਦੀ ਸਮੱਸਿਆ ਪ੍ਰਤੀ ਅਣਗਿਹਲੀ ਕਰਨ ਵਾਲੇ ਅਫ਼ਸਰਾਂ ਖਿਲਾਫ ਹੋਵੇਗੀ ਕਾਰਵਾਈ: ਦਿਨੇਸ਼ ਚੱਢਾ

ਬਹਾਦਰਜੀਤ ਸਿੰਘ / ਰੂਪਨਗਰ, 16 ਜਨਵਰੀ,2023

ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ ਨੇ ਅੱਜ ਸਵੇਰੇ ਗਿਆਨੀ ਜ਼ੈਲ ਸਿੰਘ ਨਗਰ ਵਿਖੇ ਤਿੰਨ ਦਿਨ ਤੋਂ ਸੀਵਰੇਜ ਦੇ ਖੜੇ ਪਾਣੀ ਦਾ ਸਮੇਂ ਸਿਰ ਹੱਲ ਨਾ ਕਰਨ ਅਤੇ ਸਮੱਸਿਆ ਪ੍ਰਤੀ ਅਣਗਿਹਲੀ ਕਰਨ ਵਾਲੇ ਅਫ਼ਸਰਾਂ ਖਿਲਾਫ ਸਥਾਨਕ ਸਰਕਾਰਾਂ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਵਿਭਾਗੀ ਕਾਰਵਾਈ ਕਰਨ ਲਈ ਕਿਹਾ।

ਉਨ੍ਹਾਂ ਸੀਵਰੇਜ ਦੇ ਪਾਣੀ ਦੀ ਸਮੱਸਿਆ ਦਾ ਜਾਇਜ਼ਾ ਲੈਂਦਿਆਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਮੌਕੇ ਉਤੇ ਸਮੱਸਿਆ ਵਾਲੀ ਥਾਂ ਉਤੇ ਬੁਲਾਇਆ ਜਿੱਥੇ ਵਿਧਾਇਕ ਨੇ ਇਸ ਸਮੱਸਿਆ ਦਾ ਕੋਈ ਹੱਲ ਨਾ ਕੱਢੇ ਜਾਣ ਲਈ ਉਨ੍ਹਾਂ ਤੋਂ ਪੁੱਛ-ਪੜਤਾਲ ਕੀਤੀ। ਉਨ੍ਹਾਂ ਲਾਪਰਵਾਹੀ ਕਰਨ ਵਾਲਿਆ ਵਿਰੁੱਧ ਸਬੰਧਿਤ ਵਿਭਾਗ ਨੂੰ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ।

ਐਡਵੋਕੇਟ ਦਿਨੇਸ਼ ਚੱਢਾ ਨੇ ਦੱਸਿਆ ਕਿ ਸ਼ਹਿਰ ਵਿਚ ਸੀਵੇਰਜ ਦੀ ਸਮੱਸਿਆ ਵੱਡੇ ਪੱਧਰ ਉਤੇ ਹੋਣ ਕਰਕੇ ਸ਼ਹਿਰ ਵਾਸੀਆਂ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਗਿਆਨੀ ਜ਼ੈਲ ਸਿੰਘ ਨਗਰ ਵਿਖੇ ਵੀ ਸੀਵਰੇਜ ਦੀ ਵੱਡੀ ਸਮੱਸਿਆ ਹੋਣ ਕਰਕੇ ਵੀ ਇੱਥੇ ਸ਼ਨੀਵਾਰ ਤੋਂ ਸੀਵਰੇਜ ਬਲਾਕ ਹੋਣ ਕਰਕੇ ਕਾਫੀ ਪਾਣੀ ਮੁੱਖ ਸੜਕਾਂ ਉਤੇ ਇਕੱਠਾ ਹੋ ਗਿਆ ਜਿਸ ਕਾਰਨ ਇਥੋ ਦੀ ਆਵਾਜਾਈ ਤੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

ਗਿਆਨੀ ਜ਼ੈਲ ਸਿੰਘ ਨਗਰ 'ਚ ਸੀਵੇਰਜ ਦੀ ਸਮੱਸਿਆ ਪ੍ਰਤੀ ਅਣਗਿਹਲੀ ਕਰਨ ਵਾਲੇ ਅਫ਼ਸਰਾਂ ਖਿਲਾਫ ਹੋਵੇਗੀ ਕਾਰਵਾਈ: ਦਿਨੇਸ਼ ਚੱਢਾ

ਵਿਧਾਇਕ ਨੇ ਕਿਹਾ ਕਿ ਪੁਰਾਣੇ ਬੱਸ ਅੱਡੇ ਦਾ ਪੁਲ ਚਾਰ ਪਹੀਆ ਵਾਹਨਾਂ ਦੀ ਆਵਾਜਾਈ ਲਈ ਬੰਦ ਹੋਣ ਅਤੇ ਸਰਹਿੰਦ ਨਹਿਰ ਦੇ ਪੁਲ ਦੀ ਨਵੀਂ ਉਸਾਰੀ ਹੋਣ ਕਾਰਨ ਗਿਆਨੀ ਜ਼ੈਲ ਸਿੰਘ ਕਲੋਨੀ ਤੋਂ ਵੱਡੀ ਗਿਣਤੀ ਵਿਚ ਵਾਹਨ ਲੰਘਦੇ ਹਨ। ਇਹ ਸਭ ਪਤਾ ਹੋਣ ਦੇ ਬਾਵਜੂਦ ਵੀ ਸਬੰਧਤ ਅਫ਼ਸਰਾਂ ਵੱਲੋਂ ਇਥੇ ਖੜੇ ਪਾਣੀ ਦੀ ਸਮੱਸਿਆ ਨੂੰ ਨਜ਼ਰਅੰਦਾਜ਼ ਕੀਤਾ ਗਿਆ।

ਵਿਧਾਇਕ ਚੱਢਾ ਨੇ ਦੱਸਿਆ ਕਿ ਇਸ ਸਬੰਧੀ ਸ਼ਿਕਾਇਤ ਹੋਣ ਉਤੇ ਵੀ ਨਗਰ ਕੌਂਸਲ ਦੇ ਅਧਿਕਾਰੀਆਂ ਵਲੋਂ ਇਸ ਉਤੇ ਕੋਈ ਵਿਸ਼ੇਸ਼ ਧਿਆਨ ਨਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਉਤੇ ਨਗਰ ਦੇ ਅਧਿਕਾਰੀਆਂ ਨਲਾਇਕੀ ਸਾਬਤ ਹੋਣ ਉਪਰੰਤ ਉਨ੍ਹਾਂ ਵਿਭਾਗ ਦੇ ਡਾਇਰੈਕਟਰ ਅਤੇ ਸੈਕਟਰੀ ਨੂੰ ਇਨ੍ਹਾਂ ਅਣਗਿਹਲੀ ਕਰਨ ਵਾਲੇ ਅਧਿਕਾਰੀਆਂ ਉਤੇ ਕਾਰਵਾਈ ਅਮਲ ਵਿਚ ਲਿਆਉਣ ਲਈ ਕਿਹਾ ਹੈ।

ਹਲਕਾ ਵਿਧਾਇਕ ਨੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਅਧਿਕਾਰੀਆ ਤੇ ਕਰਮਚਾਰੀਆਂ ਦੇ ਨਾਲ ਮਿਲ-ਜੁਲ ਕੇ ਸਲਾਹ ਮਸ਼ਵਰੇ ਨਾਲ ਸੀਵਰੇਜ ਦੀ ਸਮੱਸਿਆ ਨੂੰ ਪੱਕੇ ਤੌਰ ਉੱਤੇ ਹੱਲ ਕਰਨ ਲਈ ਆਪਣਾ ਸਹਿਯੋਗ ਵੀ ਜਰੂਰ ਦੇਣ।

ਇਸ ਮੌਕੇ ਐਮਸੀ ਰਾਜੂ ਸਤਿਆਲ, ਸ਼ਿਵ ਕੁਮਾਰ ਲਾਲਪੁਰਾ, ਐਡਵੋਕੇਟ ਗੌਰਵ ਕਪੂਰ, ਐਡਵੋਕੇਟ ਵਿਕਰਮ ਗਰਗ ਅਤੇ ਹੋਰ ਸ਼ਹਿਰ ਨਿਵਾਸੀ ਹਾਜ਼ਰ ਸਨ।