ਗੁਰਪੁਰਬ ਮੌਕੇ ਕਿਸਾਨ ਮੋਰਚੇ ਦੀ ਖੁਸ਼ੀ ਅਤੇ ਯੂਨੀਵਰਸਿਟੀ ਦੇ ਵਿੱਤੀ ਸੰਕਟ ਅਰਦਾਸ ਵਿਚ ਸ਼ਾਮਿਲ
ਪਟਿਆਲਾ, ਨਵੰਬਰ 19, 2021
ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 552ਵੇਂ ਪ੍ਰਕਾਸ਼ ਦਿਹਾੜੇ ਮੌਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕੈਂਪਸ ਵਿੱਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ ਅਰਦਾਸ ਵਿਚ ਰਵਾਇਤੀ ਜੋਸ਼ ਦੇ ਨਾਲ਼ ਕਿਸਾਨ ਮੋਰਚੇ ਦੀ ਜਿੱਤ ਦੀ ਖੁਸ਼ੀ ਅਤੇ ਪੰਜਾਬੀ ਯੂਨੀਵਰਸਿਟੀ ਦੀ ਵਿੱਤੀ ਹਾਲਤ ਦੇ ਸਰੋਕਾਰ ਵੀ ਉੱਭਰਵੇਂ ਰੂਪ ਵਿਚ ਸ਼ਾਮਿਲ ਰਹੇ। ਪੰਜਾਬੀ ਯੂਨੀਵਰਸਿਟੀ ਦੇ ਦਸਤੂਰ ਅਨੁਸਾਰ ਵਾਈਸ ਚਾਂਸਲਰ ਡਾ. ਅਰਵਿੰਦ ਵੀ ਇਸ ਅਰਦਾਸ ਵਿਚ ਸ਼ਾਮਿਲ ਹੋਏ। ਇਸ ਅਰਦਾਸ ਵਿੱਚ ਬੇਨਤੀ ਕੀਤੀ ਗਈ ਕਿ ਪੰਜਾਬੀ ਯੂਨੀਵਰਸਿਟੀ ਪਿਛਲੇ ਤਕਰੀਬਨ 60 ਸਾਲ ਤੋਂ ਗਰੀਬ, ਲੋੜਵੰਦ, ਪੇਂਡੂ ਵਰਗਾਂ ਅਤੇ ਵਿਸ਼ੇਸ਼ ਤੌਰ `ਤੇ ਲੜਕੀਆਂ ਦੀ ਉਚੇਰੀ ਸਿੱਖਿਆ ਲਈ ਇਸ ਖਿੱਤੇ ਵਿਚ ਇਕ ਚਾਨਣ ਮੁਨਾਰੇ ਵਜੋਂ ਕਾਰਜ ਕਰ ਰਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਅਰਦਾਸ ਕੀਤੀ ਗਈ ਕਿ ਇਸ ਯੂਨੀਵਰਸਿਟੀ ਨੂੰ ਮੌਜੂਦਾ ਸਮੇਂ ਚੱਲ ਰਹੇ ਵਿੱਤੀ ਸੰਕਟ ਵਿਚੋਂ ਬਾਹਰ ਆਉਣ ਦਾ ਬਲ ਬਖਸਿ਼ਆ ਜਾਵੇ ਤਾਂ ਕਿ ਇੱਥੇ ਹੋ ਰਹੇ ਵੱਕਾਰੀ ਅਕਾਦਮਿਕ ਕਾਰਜ ਨਿਰੰਤਰ ਜਾਰੀ ਰਹਿ ਸਕਣ ਅਤੇ ਸਮਾਜ ਦੇ ਸਾਰੇ ਪੱਛੜੇ ਵਰਗ ਆਪਣੇ ਉਚੇਰੀ ਸਿੱਖਿਆ ਪ੍ਰਾਪਤ ਕਰਨ ਦੇ ਸੁਪਨਿਆਂ ਦੀ ਪੂਰਤੀ ਕਰਦੇ ਰਹਿਣ। ਮੌਕੇ ਦੀ ਸਰਕਾਰ ਨੂੰ ਇਸ ਤਰ੍ਹਾਂ ਦੀ ਸਮਰਥਾ, ਬੁੱਧੀ ਅਤੇ ਬਲ ਬਖਸ਼ਣ ਬਾਰੇ ਅਰਦਾਸ ਬੇਨਤੀ ਕੀਤੀ ਗਈ ਕਿ ਉਹ ਇਸ ਵਿੱਤੀ ਸੰਕਟ ਵਿਚ ਪੰਜਾਬੀ ਯੂਨੀਵਰਸਿਟੀ ਦੀ ਵੱਧ ਤੋਂ ਵੱਧ ਮਦਦ ਕਰੇ।
ਵਾਈਸ ਚਾਂਸਲਰ ਪ੍ਰੋ.ਅਰਵਿੰਦ ਵੱਲੋਂ ਇੱਤੇ ਜੁੜੀ ਸੰਗਤ ਨੂੰ ਸੰਬੋਧਨ ਕਰਦਿਆਂ ਕਿਸਾਨ ਮੋਰਚੇ ਬਾਰੇ ਮੋਦੀ ਸਰਕਾਰ ਦੇ ਤਾਜ਼ਾ ਐਲਾਨ ਦਾ ਵਿਸ਼ੇਸ਼ ਜਿ਼ਕਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਾ ਇਹ ਐਲਾਨ ਤਕਰੀਬਨ 700 ਕਿਸਾਨਾਂ ਦੀਆਂ ਸ਼ਹੀਦੀਆਂ ਅਤੇ ਕਿਸਾਨ ਮੋਰਚੇ ਦੀ ਦ੍ਰਿੜਤਾ ਦੀ ਜਿੱਤ ਹੈ।
ਇਸ ਮੌਕੇ ਹਾਜ਼ਰ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਨੇ ਕਿਹਾ ਕਿ ਗੁਰੂ ਪਾਤਸ਼ਾਹ ਅੱਗੇ ਸਾਡੀ ਰੋਜ਼ਾਨਾ ਕੀਤੀ ਜਾਣ ਵਾਲੀ ਅਰਦਾਸ ਵਿੱਚ ਬਿਬੇਕ ਦਾਨ, ਬਿਸਾਹ ਦਾਨ ਅਤੇ ਭਰੋਸਾ ਦਾਨ ਦੇ ਨਾਲ ਜਦ ਇਸ ਤਰ੍ਹਾਂ ਵਿੱਦਿਅਕ ਅਦਾਰਿਆਂ ਦੀ ਬਿਹਤਰੀ ਦਾ ਪੱਖ ਵੀ ਸ਼ਾਮਿਲ ਹੁੰਦਾ ਹੈ ਤਾਂ ਇਹ ਸਮੁੱਚੀ ਮਾਨਵਤਾ ਜਾਂ ਸਰਬੱਤ ਦੇ ਭਲੇ ਦੀ ਹੀ ਅਰਦਾਸ ਹੋ ਜਾਂਦੀ ਹੈ।