ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਮੌਕੇ ਨਗਰ ਕੀਰਤਨ ਸਜਾਏ ਗਏ
ਬਹਾਦਰਜੀਤ ਸਿੰਘ/ ਪਿੰਡ ਹਰਪਾਲਪੁਰ 27 ਨਵੰਬਰ, 2022
ਇਤਿਹਾਸਿਕ ਗੁਰਦੁਆਰਾ ਪਾਤਸ਼ਾਹੀ ਨੌਂਵੀ ਪਿੰਡ ਹਰਪਾਲਪੁਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਮੌਕੇ ਨਗਰ ਕੀਰਤਨ ਸਜਾਏ ਗਏ। ਇਸ ਮੌਕੇ ਸਜਾਏ ਗਏ ਨਗਰ ਕੀਰਤਨ ‘ਚ ਸ਼ਰੋਮਣੀ ਅਕਾਲੀ ਦਲ ਦੇ ਲੀਡਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਐੱਸਜੀਪੀਸੀ ਮੈੰਬਰ ਜਸਮੇਲ ਸਿੰਘ ਲਾਛੜੂ, ਸੁਰਜੀਤ ਸਿੰਘ ਗੜ੍ਹੀ ਅਤੇ ਇਲਾਕੇ ਦੀਆੰ ਭਾਰੀ ਸੰਗਤਾਂ ਨੇ ਸਮੂਲੀਅਤ ਕੀਤੀ।
ਇਸ ਮੌਕੇ ਬੋਲਦਿਆੰ ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਦੇਸ਼ਵਾਸੀ ਗੁਰੂ ਸਾਹਿਬ ਦੁਆਰਾ ਦਿੱਤੀ ਕੁਰਬਾਨੀ ਨੂੰ ਕਦੇ ਭੁਲਾ ਨਹੀਂ ਸਕਣਗੇ। ਉਨ੍ਹਾਂ ਆਖਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 17ਵੀਂ ਸ਼ਤਾਬਦੀ ’ਚ ਹੀ ਧਰਮ ਦੀ ਆਜ਼ਾਦੀ ਲਈ ਸ਼ਹਾਦਤ ਦੇ ਕੇ ਸਾਡੇ ਦਿਲ ਤੇ ਦਿਮਾਗ ’ਚ ਨਿਡਰਤਾ ਨਾਲ ਆਜ਼ਾਦ ਜੀਵਨ ਜਿਊਣ ਦੇ ਬੀਜ ਨੂੰ ਬੀਜ ਦਿੱਤਾ ਸੀ। ਉਨ੍ਹਾਂ ਆਖਿਆ ਕਿ ਗੁਰੂ ਤੇਗ ਬਹਾਦਰ ਜੀ ਦੁਆਰਾ ਦਰਸਾਈ ਗਈ ਮਹਾਨ ਵਿਚਾਰਧਾਰਾ ਨੂੰ ਧਾਰਨ ਕਰਕੇ ਹੀ ਦੇਸ਼ ਵਿੱਚੋਂ ਅੱਜ ਅਸ਼ਾਂਤੀ ਅਤੇ ਵਿਵਾਦ ਵਾਲਾ ਮਾਹੌਲ ਖ਼ਤਮ ਕੀਤਾ ਜਾ ਸਕਦਾ ਹੈ।
ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਹਰ ਸਕੂਲ ਅੰਦਰ ਗੁਰੂ ਸਾਹਿਬ ਦੀ ਮਹਾਨ ਕੁਰਬਾਨੀ ਵਾਲਾ ਸਿਲੇਬਸ ਬੱਚਿਆੰ ਦੇ ਇਤਿਹਾਸ ਦੀ ਪਾਠ ਪੁਸਤਕ ਦੇ ਅਧਿਆਇ ਵਿੱਚ ਸ਼ਾਮਿਲ ਕਰਨਾ ਲਾਜ਼ਮੀ ਹੋਣਾ ਚਾਹੀਦਾ ਹੈ।
ਇਸ ਸਮੇਂ ਗੁਰਦੁਆਰਾ ਸਾਹਿਬ ਦੇ ਕਮੇਟੀ ਪ੍ਰਧਾਨ ਅਮਰੀਕ ਸਿੰਘ, ਸਰਕਲ ਪ੍ਰਧਾਨ ਬੰਬੀ ਕੁੱਥਾਖੇੜੀ, ਸਰਪੰਚ ਨਛੱਤਰ ਸਿੰਘ, ਹਰਵਿੰਦਰ ਹਰਪਾਲਪੁਰ, ਓਐੱਸਡੀ ਹਰਦੇਵ ਹਰਪਾਲਪੁਰ, ਸ਼ੇਰ ਸਿੰਘ, ਸੁਰਿੰਦਰ ਸਿੰਘ, ਜਸਪਾਲ ਸਿੰਘ, ਬਲਕਾਰ ਸਿੰਘ ਆਦਿ ਤੋਂ ਇਲਾਵਾ ਇਲਾਕੇ ਦੀਆੰ ਸੰਗਤਾਂ ਨੇ ਸਮੂਲੀਅਤ ਕੀਤੀ।