ਗੱਤਕਾ ਖੇਡ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਬੇਹੱਦ ਲੋੜ : ਗਰੇਵਾਲ਼

272

ਗੱਤਕਾ ਖੇਡ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਬੇਹੱਦ ਲੋੜ : ਗਰੇਵਾਲ਼

ਬਹਾਦਰਜੀਤ ਸਿੰਘ /ਰੂਪਨਗਰ, 5 ਸਤੰਬਰ, 2022  

ਗੱਤਕਾ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਦੀ ਮਹੀਨਾਵਾਰ ਮੀਟਿੰਗ ਸਥਾਨਕ ਗਲੋਬਲ ਟਰੇਡਰਜ਼ , ਗਊਸ਼ਾਲਾ ਰੋਡ ਵਿਖੇ ਜਿਲਾ ਪ੍ਰਧਾਨ ਮਨਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ  ਹਰਜੀਤ ਸਿੰਘ ਗਰੇਵਾਲ ਅਤੇ ਵਿੱਤ ਸਕੱਤਰ  ਬਲਜੀਤ ਸਿੰਘ ਸੈਂਣੀ ਵਿਸ਼ੇਸ਼ ਸੱਦੇ ‘ਤੇ ਇਸ ਮੀਟਿੰਗ ਵਿੱਚ ਹਾਜ਼ਰ ਹੋਏ।

ਇਸ ਮੌਕੇ ਆਉਣ ਵਾਲੇ ਸਮੇਂ ਵਿੱਚ ਰੂਪਨਗਰ ਜ਼ਿਲ੍ਹੇ ਵਿੱਚ ਗੱਤਕਾ ਖੇਡ ਦੇ ਪ੍ਰਚਾਰ ਤੇ ਜਾਗਰੂਕਤਾ ਲਈ ਵੱਧ ਤੋਂ ਵੱਧ ਗੱਤਕਾ ਸਿਖਲਾਈ ਕੈਂਪ ਲਗਾਉਣ ਸੰਬੰਧੀ ਵਿਉਂਤਬੰਦੀ ਕੀਤੀ ਗਈ। ਹਰੇਕ ਸਾਲ ਮਾਘੀ ਅਤੇ ਹੋਲਾ ਮਹੱਲਾ ਦੇ ਮੌਕੇ ਕਰਵਾਏ ਜਾਣ ਵਾਲੇ ਗੱਤਕਾ ਮੁਕਾਬਲਿਆਂ ਦੀ ਨਵੇਂ ਸਿਰਿਉਂ ਰੂਪ ਰੇਖਾ ਤਿਆਰ ਕੀਤੀ ਗਈ।

ਗੱਤਕਾ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਦੀ ਪ੍ਰਧਾਨ ਮਨਜੀਤ ਕੌਰ ਨੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੂੰ ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੋਦੀਮਾਜਰਾ ਵਿਖੇ ਜ਼ਿਲ੍ਹਾ ਗੱਤਕਾ ਅਕੈਡਮੀ ਖੋਲ੍ਹਣ, ਪੱਕੇ ਤੌਰ ਉਤੇ ਕੋਚ ਲਾਉਣ ਅਤੇ ਅਕੈਡਮੀ ਲਈ ਸਿੰਥੈਟਿਕ ਗਰਾਊਂਡ ਮੁਹੱਈਆ ਕਰਾਉਣ ਲਈ ਬੇਨਤੀ ਕੀਤੀ ਗਈ ਅਤੇ ਉਨਾਂ ਵੱਲੋਂ ਆਉਣ ਵਾਲੇ ਸਮੇਂ ਵਿੱਚ ਇਸ ਮੰਗ ਨੂੰ ਪੂਰਾ ਕਰਨ ਲਈ ਹਾਂ-ਪੱਖੀ ਹੁੰਗਾਰਾ ਭਰਦਿਆਂ ਗੱਤਕਾ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਵੱਲੋਂ ਗੱਤਕੇ ਦੀ ਪ੍ਰਫੁੱਲਤਾ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ।

ਗੱਤਕਾ ਖੇਡ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਬੇਹੱਦ ਲੋੜ : ਗਰੇਵਾਲ਼

ਇਸ ਮੌਕੇ ਨੈਸ਼ਨਲ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਸਵੈ-ਰੱਖਿਆ ਲਈ ਵਿਕਸਿਤ ਹੋਈ ਇਸ ਵਿਰਾਸਤੀ ਕਲਾ ਨੂੰ ਪੇਸ਼ੇਵਰ ਖੇਡ ਬਣਾਉਣ ਦੇ ਅਮਲ ਵਿੱਚ ਕੁੱਝ ਤਬਦੀਲੀਆਂ ਵੀ ਆਈਆਂ ਹਨ ਜਿਸ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਬੇਹੱਦ ਲੋੜ ਹੈ ਕਿਉਂਕਿ ਪਹਿਲਾਂ ਨਗਰ ਕੀਰਤਨਾਂ ਦੌਰਾਨ ਗੱਤਕਾ ਖੁੱਲ੍ਹਾ ਖੇਡਿਆ ਜਾਂਦਾ ਹੈ ਉੱਥੇ ਹੁਣ ਸਕੂਲ, ਕਾਲਜ਼ਾਂ ਤੇ ਯੂਨੀਵਰਸਿਟੀਆਂ ਵਿੱਚ ਖੇਡੇ ਜਾਣ ਵਾਲੇ ਗੱਤਕਾ ਮੁਕਾਬਲਿਆਂ ਨੂੰ ਪੁਆਇੰਟ ਸਿਸਟਮ ਰਾਹੀਂ ਤਰਤੀਬ ਬੱਧ ਕੀਤਾ ਗਿਆ ਹੈ।

ਉਨਾਂ ਦੱਸਿਆ ਕਿ ਮਾਨਤਾ ਪ੍ਰਾਪਤ ਖੇਡਾਂ ਦੀ ਸੂਚੀ ਵਿੱਚ ਸ਼ਾਮਲ ਹੋਣ ਕਰਕੇ ਬਾਕੀ ਖੇਡਾਂ ਦੇ ਖਿਡਾਰੀਆਂ ਵਾਂਗ ਗੱਤਕਾ ਖੇਡਣ ਵਾਲਿਆਂ ਨੂੰ ਵੀ ਦਾਖਲੇ ਸਮੇਂ ਅਤੇ ਨੌਕਰੀਆਂ ਵਿੱਚ ਭਰਤੀ ਸਮੇਂ 3 ਫੀਸਦੀ ਰਾਖਵਾਂਕਰਨ ਖੇਡ ਕੋਟਾ ਮਿਲਦਾ ਹੈ। ਗੱਤਕਾ ਪ੍ਰਮੋਟਰ ਗਰੇਵਾਲ ਨੇ ਕਿਹਾ ਕਿ ਗੱਤਕਾ ਹੁਣ ਸਿਰਫ ਪੰਜਾਬ ਜਾਂ ਭਾਰਤ ਤੱਕ ਹੀ ਸੀਮਤ ਨਹੀਂ ਰਿਹਾ ਬਲਕਿ ਬਾਹਰਲੇ ਮੁਲਕਾਂ ਵਿੱਚ ਵੀ ਗੱਤਕਾ ਮੁਕਾਬਲਿਆਂ ਦੀ ਧੁੰਮ ਨਜ਼ਰ ਆਉਂਦੀ ਹੈ ਪਰ ਹਾਲੇ ਵੀ ਇਸ ਨੂੰ ਪੇਸ਼ੇਵਰ ਖੇਡ ਵਜੋਂ ਸਥਾਪਿਤ ਹੋਣ ਲਈ ਜਨਤਕ ਸਹਿਯੋਗ ਦੀ ਬਹੁਤ ਜ਼ਰੂਰਤ ਹੈ। ਨੇੜ ਭਵਿੱਖ ਵਿੱਚ ਉਨ੍ਹਾਂ ਦਾ ਟੀਚਾ ਗੱਤਕੇ ਨੂੰ ਉਲੰਪਿਕ ਤੱਕ ਲੈ ਕੇ ਜਾਣਾ ਹੈ।

ਇਸ ਮੌਕੇ ਤੇ ਗੁਰਵਿੰਦਰ ਸਿੰਘ ਘਨੌਲੀ, ਜਸਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਭਾਉਵਾਲ, ਅਜਮੇਰ ਸਿੰਘ ਸਰਪੰਚ ਲੋਦੀਮਾਜਰਾ, ਰਵਿੰਦਰ ਸਿੰਘ, ਜਸਵੀਰ ਸਿੰਘ, ਹਰਪ੍ਰੀਤ ਸਿੰਘ, ਪਰਮਿੰਦਰ ਸਿੰਘ, ਸੰਦੀਪ ਸਿੰਘ ਹਾਜ਼ਰ ਸਨ।