ਚੀਨ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਤੀਰਅੰਦਾਜ਼ਾਂ ਨੇ ਲਾਈ ਤਗ਼ਮਿਆਂ ਦੀ ਝੜੀ; ਖੇਡ ਮੰਤਰੀ ਮੀਤ ਹੇਅਰ ਵੱਲੋਂ ਯੂਨੀਵਰਸਿਟੀ ਨੂੰ ਦਿੱਤੀ ਵਧਾਈ
ਪਟਿਆਲਾ/ ਜੁਲਾਈ 30,2023
ਚੀਨ ਵਿਖੇ ਚੱਲ ਰਹੀਆਂ ‘ਵਿਸ਼ਵ ਯੂਨੀਵਰਸਿਟੀ ਖੇਡਾਂ’ ਵਿੱਚ ਭਾਰਤ ਨੇ ਤੀਰਅੰਦਾਜ਼ੀ ਦੇ ਵੱਖ-ਵੱਖ ਮੁਕਬਲਿਆਂ ਵਿੱਚ ਤਗ਼ਮੇ ਪ੍ਰਾਪਤ ਕਰ ਲਏ ਹਨ। ਪੰਜਾਬੀ ਯੂਨੀਵਰਸਿਟੀ ਦੇ ਚਾਰ ਤੀਰਅੰਦਾਜ਼ ਖਿਡਾਰੀ ਅਮਨ ਸੈਣੀ, ਅਵਨੀਤ ਕੌਰ, ਸੰਗਮਪ੍ਰੀਤ ਸਿੰਘ ਬਿਸਲਾ ਅਤੇ ਤਨਿਸ਼ਾ ਵਰਮਾ ਨੇ ਤੀਰਅੰਦਾਜ਼ੀ ਦੇ ਇਨ੍ਹਾਂ ਵੱਖ-ਵੱਖ ਈਵੈਂਟਸ ਦੀਆਂ ਟੀਮਾਂ ਵਿੱਚ ਸ਼ਿਰਕਤ ਕੀਤੀ ਅਤੇ ਚਾਰਾਂ ਨੇ ਹੀ ਆਪਣੇ ਆਪਣੇ ਈਵੈਂਟ ਵਿੱਚ ਮੈਡਲ ਪ੍ਰਾਪਤ ਕਰ ਲਏ ਹਨ। ਅਮਨ ਸੈਣੀ ਨੇ ਸੋਨ ਤਗ਼ਮਾ ਅਤੇ ਕਾਂਸੀ ਦਾ ਤਗ਼ਮਾ ਜਿੱਤਿਆ। ਸੰਗਮਪ੍ਰੀਤ ਸਿੰਘ ਨੇ ਕਾਂਸੀ ਤਗ਼ਮਾ ਜਿੱਤਿਆ। ਅਵਨੀਤ ਕੌਰ ਨੇ ਚਾਂਦੀ ਦਾ ਤਗ਼ਮਾ ਅਤੇ ਤਨੀਸ਼ਾ ਵਰਮਾ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ।
ਸਪੋਰਟਸ ਅਥਾਰਿਟੀ ਆਫ਼ ਇੰਡੀਆ (ਸਾਈ) ਵੱਲੋਂ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਪੰਜਾਬੀ ਯੂਨੀਵਰਸਿਟੀ ਤੋਂ ਕੋਚ ਸੁਰਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਭਾਰਤੀ ਟੀਮ ਨੇ ਕੰਪਾਊਂਡ ਮਿਕਸਡ ਈਵੈਂਟ ਵਿੱਚ ਸੋਨ ਤਗ਼ਮਾ ਜਿੱਤ ਲਿਆ ਹੈ। ਅਮਨ ਸੈਣੀ ਅਤੇ ਪ੍ਰਗਤੀ ਦੀ ਸ਼ਮੂਲੀਅਤ ਵਾਲ਼ੀ ਇਸ ਜੇਤੂ ਟੀਮ ਨੇ ਕੋਰੀਆ ਦੇ ਚੋ ਸੁਆ ਅਤੇ ਪਾਰਕ ਸਿੰਗਯੁਨ ਨੂੰ 157-156 ਨਾਲ ਹਰਾ ਕੇ ਇਹ ਸੋਨ ਤਗਮਾ ਜਿੱਤਿਆ ਹੈ।
ਲੜਕੀਆਂ ਦੇ ਕੰਪਾਊਂਡ ਮਿਕਸਡ ਮੁਕਾਬਲੇ ਵਿੱਚ ਅਵਨੀਤ ਕੌਰ, ਪ੍ਰਗਤੀ ਅਤੇ ਪੂਰਵਾਸ਼ਾ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਹੈ ਲੜਕਿਆਂ ਦੇ ਕੰਪਾਊਂਡ ਮੁਕਾਬਲੇ ਵਿੱਚ ਸੰਗਮਪ੍ਰੀਤ ਸਿੰਘ, ਅਮਨ ਸੈਣੀ ਅਤੇ ਰਿਸ਼ਬ ਯਾਦਵ ਦੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ।
ਰਿਕਰਵ ਵਿਮੈਨ ਈਵੈਂਟ ਵਿੱਚ ਤਨਿਸ਼ਾ ਵਰਮਾ, ਸੰਗੀਤਾ ਅਤੇ ਰੀਟਾ ਨੇ ਫ਼ਰਾਂਸ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤ ਲਿਆ ਹੈ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਖੁਸ਼ੀ ਪ੍ਰਗਟਾਉਂਦਿਆਂ ਜੇਤੂ ਖਿਡਾਰੀਆਂ, ਉਨ੍ਹਾਂ ਦੇ ਕੋਚ ਅਤੇ ਸਮੁੱਚੇ ਖੇਡ ਵਿਭਾਗ ਨੂੰ ਵਧਾਈ ਦਿੱਤੀ ਗਈ।
ਚੀਨ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਤੀਰਅੰਦਾਜ਼ਾਂ ਨੇ ਲਾਈ ਤਗ਼ਮਿਆਂ ਦੀ ਝੜੀ; ਖੇਡ ਮੰਤਰੀ ਮੀਤ ਹੇਅਰ ਵੱਲੋਂ ਯੂਨੀਵਰਸਿਟੀ ਨੂੰ ਦਿੱਤੀ ਵਧਾਈI ਸੂਬੇ ਦੇ ਖੇਡ ਮਾਮਲਿਆਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਇਨ੍ਹਾਂ ਖਿਡਾਰੀਆਂ ਦੀ ਜਿੱਤ ਉੱਤੇ ਵਿਸ਼ੇਸ਼ ਦਿੱਤੀ। ਉਨ੍ਹਾਂ ਆਪਣੇ ਟਵਿੱਟਰ ਉੱਤੇ ਲਿਖਿਆ ਕਿ, “ਚੀਨ ਵਿਖੇ ਚੱਲ ਰਹੀਆਂ ‘ਵਿਸ਼ਵ ਯੂਨੀਵਰਸਿਟੀ ਖੇਡਾਂ’ ਵਿੱਚ ਭਾਰਤ ਵੱਲੋਂ ਹਿੱਸਾ ਲੈਂਦਿਆਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਚਾਰ ਤੀਰਅੰਦਾਜ਼ ਖਿਡਾਰੀਆਂ ਅਮਨ ਸੈਣੀ, ਅਵਨੀਤ ਕੌਰ, ਸੰਗਮਪ੍ਰੀਤ ਸਿੰਘ ਬਿਸਲਾ ਅਤੇ ਤਨਿਸ਼ਾ ਵਰਮਾ ਨੇ ਵੱਖ-ਵੱਖ ਟੀਮ ਤੇ ਵਿਅਕਤੀਗਤ ਈਵੈਂਟਾਂ ਵਿੱਚ ਇਕ ਸੋਨੇ, ਇਕ ਚਾਂਦੀ ਤੇ ਤਿੰਨ ਕਾਂਸੀ ਦੇ ਤਮਗ਼ੇ ਜਿੱਤੇ।ਜੇਤੂ ਖਿਡਾਰੀਆਂ ਨੂੰ ਬਹੁਤ-ਬਹੁਤ ਮੁਬਾਰਕਾਂ।”