ਜ਼ਿਲ੍ਹਾ ਲੋਕ ਸੰਪਰਕ ਅਫਸਰ ਵੱਲੋਂ ਡੀ.ਸੀ. ਦਫਤਰ ਵਿਖੇ ਲਗਾਇਆ ਗਿਆ ਪੌਦਾ
ਫਾਜ਼ਿਲਕਾ, 20 ਅਪ੍ਰੈਲ,2023
ਰੁੱਖਾਂ ਦੀ ਮਹੱਤਤਾ ਤਾਂ ਜੁਗਾਂ—ਜੁਗਾਂ ਤੋਂ ਸੁਣਦੇ ਆ ਰਹੇ ਹਾਂ, ਇਸ ਦੇ ਫਾਇਦਿਆਂ ਤੋਂ ਵੀ ਅਸੀਂ ਭਲੀ—ਭਾਂਤੀ ਜਾਣੂੰ ਹਾਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਲੋਕ ਸੰਪਰਕ ਅਫਸਰ ਭੁਪਿੰਦਰ ਸਿੰਘ ਨੇ ਸੇਵਾ ਕੇਂਦਰ ਵੱਲੋਂ ਪੌਦਾ ਲਗਾਉਣ ਦੀ ਚਲਾਈ ਜਾ ਰਹੀ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ,ਫਾਜ਼ਿਲਕਾ ਵਿਖੇ ਪੌਦਾ ਲਗਾਉਣ ਮੌਕੇ ਕੀਤਾ।
ਜ਼ਿਲ੍ਹਾ ਲੋਕ ਸੰਪਰਕ ਅਫਸਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੌਦੇ ਜ਼ੋ ਕਿ ਰੁੱਖ ਦਾ ਰੂਪ ਧਾਰਨ ਕਰਦੇ ਹਨ, ਮਨੁੱਖ ਜਾਮੇ ਦੇ ਨਾਲ—ਨਾਲ ਹਰ ਵਰਗ ਦੀ ਜਿੰਦਗੀ ਵਿਚ ਮਹੱਤਵਪੂਰਨ ਰੋਲ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਬਿਮਾਰੀਆਂ ਮੁਕਤ ਵਾਤਾਵਰਣ ਨੂੰ ਬਰਕਰਾਰ ਰੱਖਣ ਲਈ ਰੁੱਖ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਪੌਦੇ ਲਗਾਉਣ ਨਾਲ ਆਲਾ—ਦੁਆਲਾ ਤਾਂ ਹਰਿਆ—ਭਰਿਆ ਨਜਰ ਆਉਂਦਾ ਹੈ ਬਲਕਿ ਮੌਸਮ ਵੀ ਸੁਹਾਵਣਾ ਰਹਿੰਦਾ ਹੈ ਤੇ ਜ਼ਿਆਦਾ ਗਰਮੀ ਤੋਂ ਵੀ ਨਿਜਾਤ ਮਿਲਦੀ ਹੈ।
ਉਨ੍ਹਾਂ ਕਿਹਾ ਕਿ ਪੌਦੇ/ਰੁੱਖ ਜਿਥੇ ਮਨੁੱਖ ਜਾਤੀ ਲਈ ਸ਼ੁੱਧ ਆਕਸੀਜਨ ਦੇਣ ਦਾ ਅਹਿਮ ਰੋਲ ਅਦਾ ਕਰਦੇ ਹਨ ਉਥੇ ਜਾਨਵਰਾਂ, ਪਸ਼ੂਆਂ ਲਈ ਵੀ ਸਹਾਈ ਸਿੱਧ ਹੁੰਦੇ ਹਨ। ਉਨ੍ਹਾਂ ਕਿਹਾ ਕਿ ਰੁੱਖਾਂ ਹੇਠ ਬੈਠ ਕੇ ਛਾਂ ਦਾ ਆਨੰਦ ਵੀ ਮਾਣਿਆ ਜਾਂਦਾ ਹੈ ਉਥੇ ਸਾਨੂੰ ਫਲ/ਫੂਲ ਵੀ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਹਰ ਇਕ ਵਿਅਕਤੀ ਨੂੰ ਇਕ ਬੂਟਾ ਲਗਾਉਣਾ ਚਾਹੀਦਾ ਹੈ ਅਤੇ ਬੂਟੇ ਦੀ ਬਚਿਆਂ ਵਾਂਗ ਸੰਭਾਲ ਕਰਦਿਆਂ ਵੱਡੇ ਹੋਣ ਤੱਕ ਪਾਲਣ ਪੋਸ਼ਣ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਪੌਦੇ ਸਾਡੇ ਤੋਂ ਜ਼ਿਆਦਾ ਕੁਝ ਮੰਗਦੇ ਨਹੀਂ ਸਗੋ ਸਾਨੂੰ ਬਿਨਾਂ ਸਵਾਰਥ ਅਨੇਕਾ ਲਾਭ ਦਿੰਦੇ ਹਨ।
ਇਸ ਮੌਕੇ ਜ਼ਿਲ੍ਹਾ ਮੇਨੇਜਰ ਸੇਵਾ ਕੇਂਦਰ ਗਗਨਦੀਪ ਸਿੰਘ, ਡੀ.ਟੀ.ਸੀ. ਮਨੀਸ਼ ਠਕਰਾਲ ਤੇ ਹੋਰ ਸਟਾਫ ਮੌਜੂਦ ਸੀ।