ਜੁਗਾੜੂ ਰੇਹੜੀਆਂ ਬੰਦ ਕਰਨ ਦੇ ਹੁਕਮ ਵਾਪਸ ਲੈਣ ਦੀ ਮੰਗ
ਬਹਾਦਰਜੀਤ ਸਿੰਘ /ਰੂਪਨਗਰ,23 ਅਪ੍ਰੈਲ,2022
ਤਰਕਸ਼ੀਲ ਸੁਸਾਇਟੀ ਪੰਜਾਬ ਜ਼ੋਨ ਚੰਡੀਗੜ੍ਹ ਦੀ ਮੀਟਿੰਗ ਖਾਲਸਾ ਸਕੂਲ ਰੂਪਨਗਰ ਵਿਖੇ ਹੋਈ ਜਿਸ ਵਿੱਚ ਜਥੇਬੰਦੀ ਦੇ ਹੋਰਨਾਂ ਮੁੱਦਿਆਂ ਤੋਂ ਇਲਾਵਾ ਪੰਜਾਬ ਪੁਲਿਸ ਵੱਲੋਂ ਮੋਟਰਸਾਈਕਲਾਂ ਦੀਆਂ ਬਣਾਈਆਂ ਜੁਗਾੜੂ ਰੇਹੜੀਆਂ ਤੁਰੰਤ ਬੰਦ ਕਰਨ ਦੇ ਹੁਕਮਾਂ ਦਾ ਮੁੱਦਾ ਵੀ ਵਿਚਾਰਿਆ ਗਿਆ।
ਆਗੂਆਂ ਨੇ ਕਿਹਾ ਕਿ ਜਥੇਬੰਦੀ ਸਮਝਦੀ ਹੈ ਕਿ ਸਬਜ਼ੀਆਂ ਵੇਚਣ ਵਾਲਿਆਂ, ਕਰਿਆਨਾ,ਮੁਨਿਆਰੀ, ਰੇਤਾ ਬਜਰੀ, ਸੀਮਿੰਟ ਵਗੈਰਾ ਦੀ ਢੋਆ ਢੁਆਈ ਕਰਨ ਵਾਲੇ ਗ਼ਰੀਬ ਮਜ਼ਦੂਰ ਤਬਕਿਆਂ ਲਈ ਇਹ ਹੁਕਮ ਮਾਰੂ ਸਾਬਤ ਹੋਣਗੇ ਕਿਉਂਕਿ ਇਨ੍ਹਾਂ ਗਰੀਬ ਪਰਿਵਾਰਾਂ ਦੇ ਗੁਜ਼ਾਰੇ ਦਾ ਸਾਧਨ ਬਣਦੀਆਂ ਹੋਈਆਂ ਹਨ ਇਹ ਜੁਗਾੜੂ ਰੇਹੜੀਆਂ।
ਜਥੇਬੰਦੀ ਦੇ ਪ੍ਰਮੁੱਖ ਆਗੂ ਸੇਵਾ-ਮੁਕਤ ਪ੍ਰਿੰਸੀਪਲ ਗੁਰਮੀਤ ਖਰੜ, ਜਰਨੈਲ ਕਰਾਂਤੀ ਅਤੇ ਮਾਸਟਰ ਹਰਜੀਤ ਤਰਖਾਣ ਮਾਜਰਾ ਨੇ ਜਾਣਕਾਰੀ ਦਿੱਤੀ ਹੈ ਕਿ ਟੁੱਟੀਆਂ ਸੜਕਾਂ, ਤੇਜ਼ ਰਫ਼ਤਾਰੀ, ਓਵਰ ਲੋਡ ਟਿੱਪਰ ਟਰਾਲੇ ਟਰਾਲੀਆਂ, ਸੜਕੀ ਨਿਯਮਾਂ ਦੀ ਉਲੰਘਣਾ ਅਤੇ ਨਸ਼ਿਆਂ ਦੀ ਵਰਤੋਂ ਆਦਿ ਹਾਦਸਿਆਂ ਦੇ ਮੁੱਖ ਕਾਰਨ ਹਨ ਨਾਂ ਕਿ ਗਰੀਬਾਂ ਦੇ ਜੁਗਾੜੂ ਸਾਧਨ।
ਇਸ ਲਈ ਜਥੇਬੰਦੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਗਰੀਬ -ਮਾਰੂ ਹੁਕਮਾਂ ਤੇ ਮੁੜ ਵਿਚਾਰ ਕੀਤਾ ਜਾਵੇ। ਮੀਟਿੰਗ ਵਿੱਚ ਉਕਤ ਆਗੂਆਂ ਤੋਂ ਇਲਾਵਾ ਸੁਜਾਨ ਬਡਾਲਾ, ਅਸ਼ੋਕ ਰੋਪੜ, ਅਜੀਤ ਪ੍ਰਦੇਸੀ,ਜੋਗਾ ਸਿੰਘ, ਸ਼ਮਸ਼ੇਰ ਮੋਹਾਲੀ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ।