ਝੋਨੇ ਦੀ ਸਰਕਾਰੀ ਖਰੀਦ ’ਚ ਦੇਰੀ ਕਿਸਾਨ ਵਿਰੋਧੀ ਫੈਸਲਾ : ਜੋਗੀ ਗਰੇਵਾਲ

166

ਝੋਨੇ ਦੀ ਸਰਕਾਰੀ ਖਰੀਦ ’ਚ ਦੇਰੀ ਕਿਸਾਨ ਵਿਰੋਧੀ ਫੈਸਲਾ : ਜੋਗੀ ਗਰੇਵਾਲ

ਪਟਿਆਲਾ/ਨਾਭਾ/ਭਾਦਸੋਂ, 2 ਅਕਤੂਬਰ ()-

ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਫਸਲ ਦੀ ਸਰਕਾਰੀ ਖ਼ਰੀਦ ਵਿੱਚ ਕੀਤੀ ਜਾ ਰਹੀ ਦੇਰੀ ਕਿਸਾਨਾਂ ਦੀਆਂ ਔਕੜਾਂ ਨੂੰ ਵਧਾਉਣ ਵਾਲਾ ਫੈਸਲਾ ਹੈ, ਜਿਸ ਦੀ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੀ ਘੋਰ ਨਿੰਦਾ ਕੀਤੀ ਜਾ ਰਹੀ ਹੈ। ਇਹ ਵਿਚਾਰ ਸਾਂਝੇ ਕਰਦਿਆਂ ਭਾਕਿਯੂ ਕਾਦੀਆਂ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਅਬਜਿੰਦਰ ਸਿੰਘ ਗਰੇਵਾਲ ਜੋਗੀ ਨੇ ਕਿਹਾ ਕਿ ਤਿੰਨ ਕਾਲੇ ਖੇਤੀ ਕਾਨੂੰਨਾਂ ਖਲਿਾਫ ਸਿਖਰਾਂ ਉਤੇ ਚੱਲ ਰਹੇ ਕਿਸਾਨੀ ਅੰਦੋਲਨ ਦੀ ਖਿੱਝ ਕੱਢਣ ਲਈ ਮੋਦੀ ਸਰਕਾਰ ਜਾਣ ਬੁੱਝ ਕੇ ਕਿਸਾਨਾਂ ਦੀਆਂ ਦਿੱਕਤਾਂ ਚ ਵਾਧਾ ਕਰਦੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਝੋਨੇ ਦੀ ਫਸਲ ਦੀ ਸਰਕਾਰੀ ਖਰੀਦ ਵਿਚਲੀ ਦੇਰੀ ਮੋਦੀ ਸਰਕਾਰ ਦਾ ਮੂਰਖਤਾਪੂਰਨ ਫੈਸਲਾ ਹੈ ਜਿਸ ਨੂੰ ਲੈਣ ਵੇਲੇ ਕਿਸੇ ਵੀ ਤਕਨੀਕੀ ਮਾਹਿਰਾਂ ਤੋਂ ਕੋਈ ਸਲਾਹ ਲਈ ਨਹੀਂ ਜਾਪਦੀ। ਉਨ੍ਹਾਂ ਕਿਹਾ ਕਿ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਆਦਿ ਸੂਬਿਆਂ ਵਿੱਚ ਝੋਨੇ ਦੀ ਫਸਲ ਲਗਭਗ ਪੱਕ ਕੇ ਤਿਆਰ ਹੋਈ ਪਈ ਹੈ ਪ੍ਰੰਤੂ ਮੰਡੀਆਂ ਵਿੱਚੋਂ ਨਦਾਰਦ ਹੋ ਕੇ ਸਰਕਾਰ ਜਾਣ ਬੁੱਝ ਕੇ ਕਿਸਾਨਾਂ ਨੂੰ ਮੁਸ਼ਕਲਾਂ ਵਿੱਚ ਪਾ ਰਹੀ ਹੈ। ਕੁਦਰਤੀ ਮੌਸਮ ਦਿਨ ਪ੍ਰਤੀ ਦਿਨ ਕਰਵਟ ਬਦਲ ਰਿਹਾ ਹੈ ਜਿਸ ਨਾਲ ਝੋਨੇ ਵਿੱਚ ਨਮੀ ਦੀ ਮਾਤਰਾ ਵਧਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਝੋਨੇ ਦੀ ਸਰਕਾਰੀ ਖਰੀਦ ’ਚ ਦੇਰੀ ਕਿਸਾਨ ਵਿਰੋਧੀ ਫੈਸਲਾ : ਜੋਗੀ ਗਰੇਵਾਲ

ਮੰਡੀਆਂ ਵਿਚ ਝੋਨੇ ਦੀ ਫਸਲ ਦੇ ਵੱਧ ਰਹੇ ਅੰਬਾਰਾਂ ਦੀ ਸਾਂਭ ਸੰਭਾਲ ਕਿਸਾਨਾਂ ਨੂੰ ਹੀ ਕਰਨੀ ਪੈ ਰਹੀ ਹੈ। ਅਬਜਿੰਦਰ ਸਿੰਘ ਜੋਗੀ ਗਰੇਵਾਲ ਨੇ ਮੋਦੀ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੀ ਕਠਪੁਤਲੀ ਬਣਨ ਦੀ ਬਜਾਏ ਜੇਕਰ ਸਰਕਾਰ ਦੇਸ਼ ਦੇ ਕਿਸਾਨਾਂ ਅਤੇ ਜਵਾਨਾਂ ਦੇ ਹਿੱਤਾਂ ਵਿੱਚ ਕੰਮ ਕਰੇ ਤਾਂ ਕਾਫੀ ਚੰਗਾ ਹੋਵੇਗਾ ਪ੍ਰੰਤੂ ਉਹ ਸਭ ਕੁਝ ਇਸ ਤੋਂ ਉਲਟ ਹੀ ਰਿਹਾ ਹੈ। ਮੋਦੀ ਸਰਕਾਰ ਨੇ ਤਾਂ ਦੇਸ਼ ਦੇ ਜਵਾਨਾਂ ਨੂੰ ਦੇਸ਼ ਦੇ ਕਿਸਾਨਾਂ ਅੱਗੇ ਹੀ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਕਈ ਖੇਤਰਾਂ ਵਿੱਚ ਬਿਜਲੀ ਦੀ ਸਪਲਾਈ ਤਿੰਨ ਦਿਨ ਬਾਅਦ ਮਿਲ ਰਹੀ ਹੈ।

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਥੇਬੰਦੀ ਵੱਲੋਂ ਜ਼ਿਲ੍ਹਾ ਪ੍ਰਧਾਨ ਅਬਜਿੰਦਰ ਸਿੰਘ ਜੋਗੀ ਗਰੇਵਾਲ ਦੀ ਅਗਵਾਈ ਵਿੱਚ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਤੁਰੰਤ ਪ੍ਰਭਾਵ ਅਧੀਨ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਉਣ ਸਬੰਧੀ ਸਰਕਾਰ ਦੇ ਨਾਮ ਪਟਿਆਲਾ ਦੇ ਹੋਣਹਾਰ ਨੌਜਵਾਨ ਤਹਿਸੀਲਦਾਰ  ਹਰਮਿੰਦਰ ਸਿੰਘ ਹੁੰਦਲ ਨੂੰ ਮੈਮੋਰੰਡਮ ਸੌਂਪਿਆ।

ਇਸ ਮੌਕੇ ਦਰਸ਼ਨ ਸਿੰਘ ਧਾਰਨੀ, ਬਲਵਿੰਦਰ ਸਿੰਘ, ਅਮਰਜੀਤ ਲੱਖੀ, ਗੁਰਜੰਟ ਸਹੌਲੀ, ਕੁਲਦੀਪ ਸਿੰਘ, ਨਿਰਮਲ ਸਿੰਘ, ਵੀਰਪਾਲ ਸਿੰਘ, ਭੁਪਿੰਦਰ ਸਿੰਘ ਭੂਪਾ, ਹੈਪੀ ਮਾਂਗੇਵਾਲ, ਗੁਰਵਿੰਦਰ ਸਿੰਘ, ਹਰਦੀਪ ਸਿੰਘ ਘੁੱਲਾ ਤੇ ਸਾਬਕਾ ਸਰਪੰਚ ਯੋਗੀ ਅੜਕ, ਗੁਰਜੋਤ ਸਿੰਘ ਅਤੇ ਜਥੇਬੰਦੀ ਦੇ ਜਿਲਾ ਕਾਨੂੰਨੀ ਸਲਾਹਕਾਰ ਐਡਵੋਕੇਟ ਟੀ. ਕੇ. ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜਰ ਰਹੇ।