ਡਾ. ਮਮਤਾ ਸ਼ਰਮਾ ਨੂੰ ‘ਸਮਾਜ ਸੇਵਾ’ ਸ਼੍ਰੇਣੀ ਵਿਚ ਪੰਜਾਬ ਸਟੇਟ ਐਵਾਰਡ

183

ਡਾ. ਮਮਤਾ ਸ਼ਰਮਾ ਨੂੰ ‘ਸਮਾਜ ਸੇਵਾ’ ਸ਼੍ਰੇਣੀ ਵਿਚ ਪੰਜਾਬ ਸਟੇਟ ਐਵਾਰਡ

ਪਟਿਆਲਾ, 16 ਅਗਸਤ:

75ਵੇਂ ਸੁਤੰਤਰਤਾ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ਆਪੋ ਆਪਣੇ ਮੁਹਾਰਤ ਦੇ ਖੇਤਰ ਵਿਚ ਮਿਸਾਲੀ ਯੋਗਦਾਨ ਪਾਉਣ ਵਾਲੀਆਂ ਉੱਘੀਆਂ ਸ਼ਖ਼ਸੀਅਤਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ।

ਪੰਜਾਬੀ ਯੂਨੀਵਰਸਿਟੀ, ਪਟਿਆਲਾ ਲਈ ਮਾਣ ਵਾਲੀ ਗੱਲ ਹੈ ਕਿ  ਯੂਨੀਵਰਸਿਟੀ ਦੇ ਨਸ਼ਾ ਵਿਰੋਧੀ ਜਾਗਰੂਕਤਾ ਅਤੇ ਰੋਕਥਾਮ ਸੈੱਲ ਦੇ ਨੋਡਲ ਅਫ਼ਸਰ ਅਤੇ ਮਨੋਵਗਿਆਨ ਵਿਭਾਗ ਦੇ ਮੁਖੀ ਡਾ. ਮਮਤਾ ਸ਼ਰਮਾ ਨੂੰ ਨਸਿ਼ਆਂ ਦੀ ਰੋਕਥਾਮ ਹਿਤ ਚਲਾਈ ਜਾ ਰਹੀ ਪੰਜਾਬ ਸਰਕਾਰ ਦੀ ਵਿਸ਼ੇਸ਼ ਮੁਹਿੰਮ ਵਿਚ ਯੋਗਦਾਨ ਪਾਉਣ ਬਦਲੇ  ‘ਸਮਾਜ ਸੇਵਾ’ ਸ਼੍ਰੇਣੀ ਵਿਚ ਇਹ ਪੰਜਾਬ ਸਟੇਟ ਐਵਾਰਡ ਹਾਸਲ ਹੋਇਆ ਹੈ। ਨਸ਼ੇ ਦੀ ਰੋਕਥਾਮ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਅਤੇ ਨਸ਼ਾ ਵਿਰੋਧੀ ਜਾਗਰੂਕਤਾ ਦੇ ਪਸਾਰ ਲਈ ਡਾ. ਸ਼ਰਮਾ ਸਪੈਸ਼ਲ ਟਾਸਕ ਫ਼ੋਰਸ ਨਾਲ ਮਿਲ ਕੇ ਕੰਮ ਕਰ ਰਹੇ ਹਨ। ਉਨ੍ਹਾਂ ਦੀ ਅਗਵਾਈ ਵਾਲੀ ਟੀਮ ਵੱਲੋਂ ਇਸ ਦਿਸ਼ਾ ਵਿਚ ਅਧਿਆਪਕਾਂ, ਵਿਦਿਆਰਥੀਆਂ ਹੋਰਨਾਂ ਲਈ ਬਹੁਤ ਸਾਰੀਆਂ ਕਰਜਸ਼ਾਲਾਵਾਂ ਅਤੇ ਪ੍ਰੋਗਰਾਮਾਂ ਦਾ ਸਫਲ ਆਯੋਜਨ ਕੀਤਾ ਜਾ ਚੁੱਕਾ ਹੈ। ਪੰਜਾਬ ਸਰਕਾਰ ਦੇ ਬੱਡੀ ਪ੍ਰੋਗਰਾਮ ਵਿਚ ਉਨ੍ਹਾਂ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ ਹੈ।

ਡਾ. ਮਮਤਾ ਸ਼ਰਮਾ ਨੂੰ 'ਸਮਾਜ ਸੇਵਾ' ਸ਼੍ਰੇਣੀ ਵਿਚ ਪੰਜਾਬ ਸਟੇਟ ਐਵਾਰਡ
Mamta Sharma

ਨਸ਼ਾ ਮੁਕਤ ਭਾਰਤ ਅਭਿਆਨ ਵਿਚ ਸੂਬੇ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਜਾਗਰੂਕ ਕਰਨ ਹਿਤ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸ਼ਕਤੀਕਰਣ ਮੰਤਰਾਲੇ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਨਾਮਜ਼ਦ ਕੀਤਾ ਜਾ ਚੁੱਕਾ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਨਸ਼ਾ ਵਿਰੋਧੀ ਜਾਗਰੂਕਤਾ ਅਤੇ ਰੋਕਥਾਮ ਸੈੱਲ ਦੇ ਨੋਡਲ ਅਫ਼ਸਰ ਵਜੋਂ ਕੰਮ ਕਰਨ ਤੋਂ ਇਲਾਵਾ ਉਹ ਪਟਿਆਲਾ ਜਿਲ੍ਹਾ ਪ੍ਰਸ਼ਾਸਨ ਮਿਸ਼ਨ ਟੀਮ ਅਤੇ ਨਸ਼ਾ ਮੁਕਤ ਭਾਰਤ ਅਭਿਆਨ ਕਮੇਟੀ ਨਾਲ ਮਿਲ ਕੇ ਵੀ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਨਸ਼ਾ ਕਰਨ ਵਾਲੇ ਲੋਕਾਂ ਨੂੰ ਮੁੜ ਵਸੇਬੇ ਅਤੇ ਰੁਜ਼ਗਾਰ ਦੀ ਮਦਦ ਨਾਲ ਮੁੜ ਮੁਖ ਧਾਰਾ ਵਿਚ ਲਿਆਉਣ ਹਿਤ ਪੰਜਾਬ ਸਰਕਾਰ ਦੇ ਇਕ ਵਿਸ਼ੇਸ਼ ਪ੍ਰੋਗਰਾਮ ਵਿਚ ਉਹ ਇਕ ਰੈੱਡ-ਸਕਾਈ ਅਫ਼ਸਰ ਵਜੋਂ ਸ਼ਾਮਿਲ ਹਨ।

ਵਾਈਸ ਚਾਂਸਲਰ ਡਾ. ਅਰਵਿੰਦ ਵੱਲੋਂ ਡਾ. ਮਮਤਾ ਸ਼ਰਮਾ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ‘ਤੇ ਵਿਸ਼ੇਸ਼ ਤੌਰ ‘ਤੇ ਵਧਾਈ ਦਿੱਤੀ ਗਈ।