ਡਿਪਟੀ ਕਮਿਸ਼ਨਰ ਨੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਰੋਕਣ ਲਈ ਕਿਸਾਨ ਮੰਡੀ ਦਾ ਅਚਨਚੇਤ ਦੌਰਾ

208

ਡਿਪਟੀ ਕਮਿਸ਼ਨਰ ਨੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਰੋਕਣ ਲਈ ਕਿਸਾਨ ਮੰਡੀ ਦਾ ਅਚਨਚੇਤ ਦੌਰਾ

ਬਹਾਦਰਜੀਤ ਸਿੰਘ/ ਰੂਪਨਗਰ, 20 ਜੁਲਾਈ, 2022

ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਬੁੱਧਵਾਰ ਨੂੰ ਰੂਪਨਗਰ ਸ਼ਹਿਰ ਦੇ ਗਿਆਨੀ ਜੈਲ ਸਿੰਘ ਨਗਰ ਦੀ ਕਿਸਾਨ ਮੰਡੀ ਦਾ ਅਚਨਚੇਤ ਦੌਰਾ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਨੇ ਮੰਡੀ ਵਿੱਚ ਖਰੀਦਦਾਰੀ ਕਰ ਰਹੇ ਲੋਕਾਂ, ਦੁਕਾਨਦਾਰਾਂ, ਕਿਸਾਨਾਂ ਅਤੇ ਰੇਹੜੀ ਵਾਲਿਆਂ ਨੂੰ ਇੱਕ ਵਾਰ ਵਰਤੋਂ ਵਿੱਚ ਆਉਣ ਵਾਲੀ ਪਲਾਸਟਿਕ ਤੋਂ ਬਣਨ ਵਾਲੀਆਂ ਪਾਬੰਦੀਸ਼ੁਦਾ ਵਸਤੂਆਂ ਅਤੇ ਵਿਸ਼ੇਸ਼ ਤੌਰ ਉਤੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਲਈ ਜਾਗਰੂਕ ਕੀਤਾ।

ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਰੋਕਣ ਲਈ ਜ਼ਿਲ੍ਹੇ ਅੰਦਰ ਸਵੱਛਤਾ ਮੁਹਿੰਮ ਤਹਿਤ ਆਪ ਸਭ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਆਪ ਸੱਭ ਦੇ ਸਹਿਯੋਗ ਨਾਲ ਪਲਾਸਟਿਕ ਦੇ ਨਾਲ ਵਾਤਾਵਰਨ ਨੂੰ ਹੋ ਰਹੇ ਨੁਕਸਾਨ ਨੂੰ ਰੋਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿੱਥੇ ਪਲਾਸਟਿਕ ਦੇ ਨਾਲ ਜੰਗਲਾਂ ਅਤੇ ਸਮੁੰਦਰਾਂ ਵਿੱਚ ਜੀਵਨ ਬਸਰ ਕਰ ਰਹੇ ਜੀਵ-ਜੰਤੂ ਪ੍ਰਭਾਵਿਤ ਹੁੰਦੇ ਹਨ ਉੱਥੇ ਹੀ ਸ਼ਹਿਰੀ ਅਤੇ ਪਿੰਡਾਂ ਵਿੱਚ ਰਹਿ ਰਹੇ ਮਨੁੱਖ ਵੀ ਪਲਾਸਟਿਕ ਦੀ ਵਰਤੋਂ ਨਾਲ ਵੱਖ-ਵੱਖ ਬਿਮਾਰੀਆਂ ਤੋਂ ਪ੍ਰਭਾਵਿਤ ਹੋ ਰਹੇ ਹਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਸਖ਼ਤੀ ਦੀ ਲੋੜ ਪਈ ਤਾਂ ਹੁਣ ਸਖਤੀ ਕੀਤੀ ਜਾਵੇਗੀ ਪਲਾਸਟਿਕ ਬੈਗਾਂ ਉੱਤੇ ਪਾਬੰਦੀ ਪੂਰਨ ਤੌਰ ਤੇ ਲੱਗ ਚੁੱਕੀ ਹੈ ਅਤੇ ਇਸ ਵਿੱਚ ਕੋਈ ਕੁਤਾਹੀ ਨਹੀਂ ਵਰਤੀ ਜਾਵੇਗੀ। ਲੋਕਾਂ ਨੂੰ ਪਹਿਲਾਂ ਹੀ ਬਹੁਤ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਪਲਾਸਟਿਕ ਨੂੰ ਬੈਨ ਕਰ ਦਿੱਤਾ ਗਿਆ ਹੈ ਅਤੇ ਇਸ ਦੀ ਵਰਤੋਂ ਨਾ ਕੀਤੀ ਜਾਵੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਲਾਸਟਿਕ ਦੇ ਲਿਫਾਫਿਆਂ ਨਾਲ ਸੀਵਰੇਜ ਅਤੇ ਪਾਣੀ ਦੇ ਹੋਰ ਨਿਕਾਸੀ ਦੇ ਰਸਤੇ ਵੀ ਬੰਦ ਹੋ ਜਾਂਦੇ ਹਨ ਅਤੇ ਸੜਕਾਂ ਉੱਤੇ ਸੀਵਰੇਜ ਦਾ ਗੰਦਾ ਪਾਣੀ ਇਕੱਠਾ ਹੋ ਜਾਂਦਾ ਹੈ ਜਿਸ ਨਾਲ ਬਿਮਾਰੀਆਂ ਵੀ ਫੈਲਦੀਆਂ ਹਨ ਅਤੇ ਸੜਕਾਂ ਦਾ ਵੀ ਨੁਕਸਾਨ ਹੁੰਦਾ ਹੈ।

ਡਿਪਟੀ ਕਮਿਸ਼ਨਰ ਨੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਰੋਕਣ ਲਈ ਕਿਸਾਨ ਮੰਡੀ ਦਾ ਅਚਨਚੇਤ ਦੌਰਾ

ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਕਿਸਾਨ, ਵਪਾਰੀ, ਦੁਕਾਨਦਾਰ, ਹੋਟਲਾਂ, ਢਾਬਿਆਂ ਦੇ ਮਾਲਕ ਕਿਸੇ ਵੀ ਕਿਸਮ ਦੀ ਇੱਕ ਵਾਰ ਵਰਤੋਂ ਵਿੱਚ ਆਉਣ ਵਾਲੀ ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਪੰਜਾਬ ਸਰਕਾਰ ਵਲੋਂ ਵਾਤਾਵਰਨ ਨੂੰ ਬਚਾਉਣ ਲਈ ਲਏ ਇਸ ਫੈਸਲੇ ਦੀ ਪਾਲ੍ਹਣਾ ਕਰਨ।

ਇਸ ਮੌਕੇ ਏ ਡੀ ਸੀ ਅਰਬਨ ਸੋਨਾ ਥਿੰਦ ਵੱਲੋਂ ਰੂਪਨਗਰ ਦੇ ਲੋਕਾਂ ਤੋਂ ਸਹਿਯੋਗ ਮੰਗਿਆ ਗਿਆ ਅਤੇ ਉਨ੍ਹਾਂ ਵੱਲੋਂ ਕਿਹਾ ਗਿਆ ਤਾਂ ਜੋ ਪਲਾਸਟਿਕ ਬੈਗਾਂ ਨੂੰ ਪੂਰਨ ਤੌਰ ਤੇ  ਜੋ ਬੈਨ ਲਗਾਇਆ ਗਿਆ ਹੈ ਉਸ ਨੂੰ ਕਾਮਯਾਬ ਬਣਾਇਆ ਜਾਵੇ

ਸੋਨਾ ਥਿੰਦ ਨੇ ਦੱਸਿਆ ਕਿ ਨਗਰ ਕੌਂਸਲ ਵਲੋਂ ਚਲਾਈ ਗਈ ਮੁਹਿੰਮ ਤਹਿਤ ਪਿਛਲੇ ਹਫਤੇ ਦੌਰਾਨ ਲਗਭਗ 40 ਕਿਲੋ ਪਾਬੰਦੀ ਸ਼ੁਦਾ ਪਲਾਸਟਿਕ ਪਕੜਿਆ ਗਿਆ ਹੈ ਅਤੇ ਹੁਣ ਇਸ ਸਬੰਧੀ ਕਾਰਵਾਈ ਨੂੰ ਹੋਰ ਤੇਜ਼ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸ ਮੰਡੀ ਵਿਚ ਦੇਖਣ ਨੂੰ ਮਿਲਿਆ ਹੈ ਕਿ ਆਮ ਲੋਕ ਜਾਗਰੂਕ ਹੋ ਰਹੇ ਹਨ ਅਤੇ ਆਪਣੀ ਜਿੰਮੇਵਾਰੀ ਸਮਝਦੇ ਹੋਏ ਪਲਾਸਟਿਕ ਦੇ ਲਿਫਾਫਿਆਂ ਦੀ ਜਗ੍ਹਾ ਕਪੜੇ ਅਤੇ ਜੂਟ ਦੇ ਥੈਲਿਆਂ ਦੀ ਵਰਤੋਂ ਕਰ ਰਹੇ ਹਨ।

ਇਸ ਮੌਕੇ ਉੱਤੇ ਐਸ ਡੀ ਐੱਮ ਜਸਵੀਰ ਸਿੰਘ, ਨਗਰ ਕੌਂਸਲ ਦੇ ਸਮੇਤ ਸੀਨੀਅਰ ਅਧਿਕਾਰੀ ਹਾਜ਼ਰ ਸਨ।