ਡਿਜ਼ੀਟਲ ਪੇਰੈਂਟ ਮਾਰਗ ਦਰਸ਼ਕ ਪ੍ਰੋਗਰਾਮ ਨੂੰ ਮਿਲੀ ਵੱਡੀ ਸਫ਼ਲਤਾ-ਕੁਮਾਰ ਅਮਿਤ

152

ਡਿਜ਼ੀਟਲ ਪੇਰੈਂਟ ਮਾਰਗ ਦਰਸ਼ਕ ਪ੍ਰੋਗਰਾਮ ਨੂੰ ਮਿਲੀ ਵੱਡੀ ਸਫ਼ਲਤਾ-ਕੁਮਾਰ ਅਮਿਤ

ਪਟਿਆਲਾ, 18 ਮਈ:
ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਰੋਨਾਵਾਇਰਸ ਕਰਕੇ ਲਾਗੂ ਲਾਕਡਾਊਨ ਦੌਰਾਨ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਘਰ ਬੈਠੇ ਬਿਠਾਏ ਸਿੱਖਿਆ ਅਤੇ ਜਿੰਦਗੀ ਦੇ ਹੁਨਰ ਸਿਖਾਉਣ ਲਈ ਸ਼ੁਰੂ ਕੀਤੇ ਡਿਜ਼ੀਟਲ ਪੇਰੈਂਟ ਮਾਰਗ ਦਰਸ਼ਕ ਪ੍ਰੋਗਰਾਮ ਨੂੰ ਵੱਡੀ ਸਫ਼ਲਤਾ ਮਿਲੀ ਹੈ।

ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਮੀਰਾਕੀ ਫਾਊਡੇਸ਼ਨ ਦੇ ਸਹਿਯੋਗ ਨਾਲ ਅਰੰਭੇ ਇਸ ਮਿਸ਼ਨ ਦੀ ਨੋਡਲ ਅਫ਼ਸਰ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਸਕੂਲਾਂ ਦੇ ਮਾਪੇ ਇਸ ਮਿਸ਼ਨ ਦਾ ਲਾਭ ਲੈ ਕੇ ਕਰਫਿਊ ਦੌਰਾਨ ਬੱਚਿਆਂ ਨੂੰ ਸਿੱਖਿਅਤ ਅਤੇ ਹੁਨਰਮੰਦ ਬਣਾ ਰਹੇ ਹਨ। ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਮਿਸ਼ਨ ਹੈਸ਼ਟੈਗ ਐਵਰੀਚਾਇਲਡਥ੍ਰਾਈਵਿੰਗ, ‘ਹਰ ਬੱਚਾ ਵਧ ਫੁਲ ਰਿਹਾ ਹੈ’, ਨਾਲ ਪਿਛਲੇ ਦੋ ਹਫ਼ਤਿਆਂ ‘ਚ ਹੀ 15 ਹਜ਼ਾਰ ਤੋਂ ਵਧੇਰੇ ਪਰਿਵਾਰ ਜੁੜ ਚੁੱਕੇ ਹਨ।

                             
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਕੋਵਿਡ-19 ਦੇ ਕਰਫਿਊ ਅਤੇ ਤਾਲਾਬੰਦੀ ਕਰਕੇ ਆਪਣੇ ਘਰਾਂ ਵਿੱਚ ਬੈਠੇ ਸਰਕਾਰੀ ਸਕੂਲਾਂ ਦੇ ਉਹ ਛੋਟੇ ਬੱਚੇ, ਜਿਹੜੇ ਆਨਲਾਇਨ ਸਿੱਖਿਆ ਹਾਸਲ ਨਹੀਂ ਕਰ ਸਕਦੇ ਸਨ, ਨੂੰ ਆਨਲਾਇਨ ਸਿੱਖਿਆ ਪ੍ਰਦਾਨ ਕਰਨ ਅਤੇ ਉਨ੍ਹਾਂ ਦੇ ਮਾਪਿਆਂ ਅਤੇ ਬੱਚਿਆਂ ਆਪਸੀ ਬਿਹਤਰ ਤਾਲਮੇਲ ਅਤੇ ਤਣਾਅ ਮੁਕਤ ਰੱਖਣ ਲਈ ਐਟਦੀ ਰੇਟ ਮੀਰਾਕੀਵੋਆਇਸ ਨੇ ਬਹੁਤ ਵਧੀਆ ਭੂਮਿਕਾ ਨਿਭਾਈ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਬਹੁਤ ਚੰਗੇ ਨਤੀਜੇ ਵੀ ਸਾਹਮਣੇ ਆਏ ਹਨ ਅਤੇ ਬੱਚਿਆਂ ਨੇ ਗਤੀਵਿਧੀਆਂ ‘ਤੇ ਅਧਾਰਤ ਸਿੱਖਿਆ ਰਾਹੀਂ ਆਪਣੀ ਪੜ੍ਹਾਈ ਦੇ ਨਾਲ-ਨਾਲ ਜਿੰਦਗੀ ਦੇ ਬਹੁਤ ਸਾਰੇ ਗੁਰ ਵੀ ਸਿੱਖੇ ਹਨ।

ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਉਨ੍ਹਾਂ ਦਾ ਮਕਸਦ ਸੀ ਕਿ ਲਾਕਡਾਊਨ ਅਤੇ ਕੋਰੋਨਾਵਾਇਰਸ ਦੀ ਇਸ ਸੰਕਟ ਦੀ ਘੜੀ ਵਿੱਚੋਂ ਸਾਡੇ ਬੱਚੇ ਹੋਰ ਮਜ਼ਬੂਤ ਹੋ ਕੇ ਅੱਗੇ ਆਉਣ, ਜਿਸ ਲਈ ਮੀਰਾਕੀ ਫਾਊਂਡੇਸ਼ਨ ਦੀ ਮਦਦ ਨਾਲ ਅਰੰਭੇ ਇਸ ਮਿਸ਼ਨ ਰਾਹੀਂ ਬੱਚੇ ਅਤੇ ਉਨ੍ਹਾਂ ਦੇ ਮਾਪੇ ਰੁਝੇ ਰਹੇ ਹਨ।