ਡੇਅਰੀ ਸਿਖਲਾਈ ਕੋਰਸ ਲਈ ਅਨੁਸੂਚਿਤ ਜਾਤੀਨਾਲ ਸਬੰਧਤ ਬਿਨੈਕਾਰਾਂ ਦੀ ਕਾਊਂਸਲਿੰਗ 13 ਜਨਵਰੀ ਨੂੰ
ਪਟਿਆਲਾ, 9 ਜਨਵਰੀ:
ਡੇਅਰੀ ਵਿਕਾਸ ਤੇ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਰਹਿਨੁਮਾਈ ਹੇਠ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਦੇ ਨਿਰਦੇਸ਼ਾ ਅਨੁਸਾਰ ਪੰਜਾਬ ਡੇਅਰੀ ਵਿਕਾਸ ਵਿਭਾਗ ਵੱਲੋਂ ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਨੂੰ ਖੇਤੀਬਾੜੀ ਦੇ ਨਾਲ ਹੋਰ ਸਹਾਇਕ ਕਿੱਤਿਆ ਵੱਲ ਆਕਰਸ਼ਤ ਕਰਨ ਲਈ ਡੇਅਰੀ ਸਿਖਲਾਈ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਡਿਪਟੀ ਡਾਇਰੈਕਟਰ ਡੇਅਰੀ ਸ੍ਰੀ ਅਸ਼ੋਕ ਰੌਣੀ ਨੇ ਦੱਸਿਆ ਕਿ ਦੋ ਹਫਤੇ ਦੇ ਇਸ ਸਿਖਲਾਈ ਕੋਰਸ ਲਈ ਉਮੀਦਵਾਰਾਂ ਦੀ ਕਾਊਂਸਲਿੰਗ 13 ਜਨਵਰੀ ਨੂੰ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਪਟਿਆਲਾ ਡੇਅਰੀ ਸਰਕਾਰੀ ਕੁਆਟਰ ਨੰਬਰ 321, ਬਲਾਕ-14 ਟਾਈਪ-5, ਘਲੋੜੀ ਗੇਟ, ਸਾਹਮਣੇ ਮਹਿੰਦਰਾ ਕਾਲਜ ਗੇਟ, ਪਟਿਆਲਾ ਵਿਖੇ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਉਮੀਦਵਾਰਾ ਦੀ ਟਰੇਨਿੰਗ ਵੱਖ-ਵੱਖ ਸਿਖਲਾਈ ਕੇਂਦਰਾ ਵਿੱਚ ਹੋਵੇਗੀ।
ਡਿਪਟੀ ਡਾਇਰੈਕਟਰ ਨੇ ਕਿਹਾ ਕਿ ਚਾਹਵਾਨ ਉਮੀਦਵਾਰ 13 ਜਨਵਰੀ ਨੂੰ ਆਪਣੇ ਨਾਲ ਘੱਟੋ ਘੱਟ ਪੰਜਵੀਂ ਪਾਸ ਦਾ ਸਬੂਤ, ਅਧਾਰ ਕਾਰਡ, ਫੋਟੋ, ਜਾਤੀ ਸਰਟੀਫਿਕੇਟ ਦੀ ਕਾਪੀ ਨਾਲ ਲੈ ਕੇ ਆਉਣ। ਉਨ੍ਹਾਂ ਦੱਸਿਆ ਕਿ ਸਿਖਿਆਰਥੀਆਂ ਲਈ ਟ੍ਰੇਨਿੰਗ ਦੀ ਉਮਰ 18 ਤੋਂ 50 ਸਾਲ ਹੈ। ਉਨ੍ਹਾਂ ਦੱਸਿਆ ਕਿ ਉਮੀਦਵਾਰ ਵੱਲੋਂ ਪੰਜਾਬ ਰਹਿਣ ਅਤੇ ਦਿਹਾਤੀ ਖੇਤਰ ਵਿਚ ਰਹਿਣ ਦੇ ਸਬੂਤ ਵਜੋਂ ਆਧਾਰ ਕਾਰਡ ਦੀ ਕਾਪੀ ਲਿਆਂਦੀ ਜਾਵੇ।
ਡਿਪਟੀ ਡਾਇਰੈਕਟਰ ਨੇ ਸਿਖਲਾਈ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਸਿਖਲਾਈ ਉਪਰੰਤ ਉਮੀਦਵਾਰ ਨੂੰ ਡੇਅਰੀ ਯੂਨਿਟ ਸਥਾਪਤ ਕਰਨ ਉਪਰੰਤ 33 ਫੀਸਦੀ ਸਬਸਿਡੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਟਰੇਨਿੰਗ ਲੈਣ ਵਾਲਿਆ ਸਿਖਿਆਰਥੀਆਂ ਨੂੰ ਵਜ਼ੀਫਾ ਵੀ ਦਿੱਤਾ ਜਾਵੇਗਾ। ਉਨ੍ਹਾਂ ਅਨੁਸੂਚਿਤ ਜਾਤੀ ਦੇ ਉੁਮੀਦਵਾਰ ਵੱਧ ਤੋਂ ਵੱਧ ਸਰਕਾਰ ਦੀ ਇਸ ਸਕੀਮ ਦਾ ਲਾਹਾ ਲੈਣ ਦੀ ਅਪੀਲ ਕੀਤੀ।