ਦਹਾਕਿਆਂ ਦੀ ਮਿਹਨਤ ਬਾਅਦ ਅਸੀਂ ਪੋਲੀਓ ਨੂੰ ਜੜ੍ਹ ਤੋਂ ਖਤਮ ਕਰਨ ਵਿਚ ਕਾਮਯਾਬ ਹੋਏ ਹਾਂ : ਡਾ. ਪ੍ਰੀਤੀ ਯਾਦਵ
ਪਟਿਆਲਾ, 14 ਜਨਵਰੀ:
ਪਟਿਆਲਾ ਜ਼ਿਲ੍ਹੇ ਵਿੱਚ 19 ਤੋਂ 21 ਜਨਵਰੀ ਤੱਕ ਤਿੰਨ ਦਿਨਾਂ ਪਲਸ ਪੋਲੀਓ ਮੁਹਿੰਮ ਚਲਾਈ ਜਾਵੇਗੀ। ਜਿਸ ਤਹਿਤ 0 ਤੋਂ 05 ਸਾਲ ਤੱਕ ਦੇ 1 ਲੱਖ 91 ਹਜ਼ਾਰ 901 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਦਹਾਕਿਆਂ ਦੀ ਮਿਹਨਤ ਬਾਅਦ ਅਸੀ ਇਸ ਮੁਕਾਮ ‘ਤੇ ਪਹੁੰਚੇ ਹਾਂ ਜਦ ਸਾਡੇ ਦੇਸ਼ ਵਿੱਚ ਕੋਈ ਵੀ ਬੱਚਾ ਪੋਲੀਓ ਵਰਗੀ ਨਾਮੁਰਾਦ ਬਿਮਾਰੀ ਤੋਂ ਪੀੜਤ ਨਹੀਂ ਹੈ ਹੁਣ ਅਸੀ ਇਸ ਮੁਕਾਮ ਨੂੰ ਬਰਕਰਾਰ ਰੱਖਣ ਲਈ ਆਪਣੀ ਪੂਰੀ ਸਮਰੱਥਾ ਨਾਲ 19 ਤੋਂ 21 ਜਨਵਰੀ ਤੱਕ ਚੱਲਣ ਵਾਲੀ ਪਲਸ ਪੋਲੀਓ ਮੁਹਿੰਮ ‘ਚ ਕੰਮ ਕਰਕੇ ਇਹ ਯਕੀਨੀ ਬਣਾਈਏ ਕਿ ਕੋਈ ਵੀ 5 ਸਾਲ ਤੋਂ ਘੱਟ ਉਮਰ ਦਾ ਬੱਚਾ ਪਲਸ ਪੋਲੀਓ ਬੂੰਦਾਂ ਪੀਣ ਤੋਂ ਵਾਂਝਾ ਨਾ ਰਹਿ ਜਾਵੇ। ਉਨ੍ਹਾਂ ਸਮੂਹ ਵਿਭਾਗਾਂ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਕਿਹਾ ਤਾਂ ਜੋ ਇਸ ਵੱਡੇ ਕਾਰਜ ਨੂੰ ਸਫਲਤਾ ਨਾਲ ਨੇਪਰੇ ਚੜਾਇਆ ਜਾ ਸਕੇ।
ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਐਕਸ਼ਨ ਪਲਾਨ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਲਸ ਪੋਲੀਓ ਮੁਹਿੰਮ ਨੂੰ ਸਫਲ ਬਣਾਉਣ ਲਈ ਸਿਹਤ ਵਿਭਾਗ ਦੀਆਂ 1836 ਟੀਮਾਂ ਵੱਲੋਂ ਪਲਸ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ ਅਤੇ 27 ਮੋਬਾਇਲ ਟੀਮਾਂ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ਜਿਵੇਂ ਕਿ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਭੱਠਿਆਂ, ਸੜਕਾਂ ਕਿਨਾਰੇ ਮਜ਼ਦੂਰੀ ਕਰਦੇ, ਫਾਰਮ ਹਾਊਸ, ਫੈਕਟਰੀਆਂ ਅਤੇ ਹੋਰ ਜਨਤਕ ਸਥਾਨਾਂ ‘ਤੇ ਬੱਚਿਆਂ ਨੂੰ ਪੋਲੀਓ ਰੱਖਿਅਕ ਬੂੰਦਾਂ ਪਿਲਾਉਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟੀਮਾਂ ਦੀ ਨਿਗਰਾਨੀ ਲਈ 189 ਸੁਪਰਵਾਈਜ਼ਰ ਵੀ ਨਿਯੁਕਤ ਕੀਤੇ ਗਏ ਹਨ।
ਸਿਵਲ ਸਰਜਨ ਨੇ ਦੱਸਿਆ ਕਿ ਇਸ ਮੁਹਿੰਮ ਅਧੀਨ ਜ਼ਿਲ੍ਹੇ ਵਿੱਚ 19 ਜਨਵਰੀ ਨੂੰ 918 ਬੂਥ ਬਣਾਏ ਜਾਣਗੇ ਅਤੇ 20 ਤੇ 21 ਜਨਵਰੀ ਨੂੰ 1836 ਟੀਮਾਂ ਵੱਲੋਂ 3 ਲੱਖ 83 ਹਜ਼ਾਰ 476 ਘਰਾਂ ਵਿੱਚ ਜਾਕੇ ਪੋਲੀਓ ਦਵਾਈ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ।
ਮੀਟਿੰਗ ਵਿੱਚ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸੁਰਿੰਦਰ ਸਿੰਘ ਢਿੱਲੋਂ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਸ਼ੈਲੀ ਜੇਤਲੀ, ਸਿੱਖਿਆ, ਸਿਹਤ, ਪੁਲਿਸ ਵਿਭਾਗ ਦੇ ਅਧਿਕਾਰੀ ਵੀ ਹਾਜਰ ਸਨ।