ਨਾਇਬ ਸੂਬੇਦਾਰ ਮਨਦੀਪ ਸਿੰਘ ਦੀ ਸ਼ਹਾਦਤ ‘ਤੇ ਪੰਜਾਬ ਅਤੇ ਪੂਰੇ ਦੇਸ਼ ਨੂੰ ਮਾਣ; ਪੰਜਾਬ ਸਰਕਾਰ ਵੱਲੋਂ 50 ਲੱਖ ਰੁਪਏ ਦੀ ਸਹਾਇਤਾ -ਧਰਮਸੋਤ

184

ਨਾਇਬ ਸੂਬੇਦਾਰ ਮਨਦੀਪ ਸਿੰਘ ਦੀ ਸ਼ਹਾਦਤਤੇ ਪੰਜਾਬ ਅਤੇ ਪੂਰੇ ਦੇਸ਼ ਨੂੰ ਮਾਣ; ਪੰਜਾਬ ਸਰਕਾਰ ਵੱਲੋਂ 50 ਲੱਖ ਰੁਪਏ ਦੀ ਸਹਾਇਤਾਧਰਮਸੋਤ

ਬਹਾਦਰਗੜ੍ਹ/ਪਟਿਆਲਾ, 26 ਜੂਨ:
ਸਾਡੇ ਦੇਸ਼ ਦੇ ਮਹਾਨ ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਦੀ ਸ਼ਹਾਦਤ ਉਪਰ ਪੰਜਾਬ ਨੂੰ ਹੀ ਨਹੀਂ ਬਲਕਿ ਪੂਰੇ ਦੇਸ਼ ਨੂੰ ਮਾਣ ਹੈ, ਉਨ੍ਹਾਂ ਦੀ ਯਾਦ ਵਿੱਚ ਪਿੰਡ ਸੀਲ ਦੇ ਪ੍ਰਾਇਮਰੀ ਸਕੂਲ ਨੂੰ ਅਪਗ੍ਰੇਡ ਕਰਨ ਸਮੇਤ ਉਸਦਾ ਨਾਮ ਵੀ ਨਾਇਬ ਸੂਬੇਦਾਰ ਸ਼ਹੀਦ ਮਨਦੀਪ ਸਿੰਘ ਮਿਡਲ ਸਕੂਲ ਰੱਖਿਆ ਜਾਵੇਗਾ ਇਹ ਐਲਾਨ ਪੰਜਾਬ ਦੇ ਜੰਗਲਾਤ ਵਿਭਾਗ ਦੇ ਮੰਤਰੀ  ਸਾਧੂ ਸਿੰਘ ਧਰਮਸੋਤ ਨੇ ਕੀਤਾ।  ਧਰਮਸੋਤ ਨੇ ਕਿਹਾ ਕਿ ਸ਼ਹੀਦ ਦੀ ਸ਼ਹਾਦਤ ਦਾ ਕੋਈ ਮੁੱਲ ਨਹੀਂ ਮੋੜਿਆ ਜਾ ਸਕਦਾ ਪ੍ਰੰਤੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਇੱਕ ਫ਼ੌਜੀ ਹੋਣ ਕਰਕੇ ਫ਼ੌਜੀਆਂ ਦਾ ਦਰਦ ਸਮਝਦੇ ਹੋਏ 1999 ਤੋਂ ਸ਼ਹੀਦਾਂ ਦੇ ਪਰਿਵਾਰ ਲਈ ਚੱਲੀ ਆ ਰਹੀ 12 ਲੱਖ ਰੁਪਏ ਦੀ ਰਾਸ਼ੀ ਨੂੰ ਵਧਾ ਕੇ 50 ਲੱਖ ਰੁਪਏ ਕੀਤਾ ਹੈ।

ਧਰਮਸੋਤ ਅੱਜ ਗੁਰਦੁਆਰਾ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਨੌਵੀਂ ਪਾਤਸ਼ਾਹੀ ਬਹਾਦਰਗੜ੍ਹ ਵਿਖੇ ਸ਼ਹੀਦ ਮਨਦੀਪ ਸਿੰਘ ਨਮਿਤ ਗੁਰਬਾਣੀ ਕੀਰਤਨ, ਅੰਤਿਮ ਅਰਦਾਸ ਮੌਕੇ ਕਰਵਾਏ ਸ਼ਰਧਾਂਜਲੀ ਸਮਾਰੋਹ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫ਼ੋਂ ਸ਼ਹੀਦ ਨੂੰ ਸ਼ਰਧਾਂਜਲੀ ਅਰਪਿਤ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਸ਼ਹੀਦ ਦੇ ਪਰਿਵਾਰ ਲਈ ਐਲਾਨੀ ਗਈ 50 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਵਿੱਚੋਂ 5 ਲੱਖ ਰੁਪਏ ਦਾ ਚੈਕ ਸ਼ਹੀਦ ਦੀ ਸੁਪਤਨੀ ਸ੍ਰੀਮਤੀ ਗੁਰਦੀਪ ਕੌਰ ਅਤੇ ਮਾਤਾ ਸ੍ਰੀਮਤੀ ਸ਼ਕੁੰਤਲਾ ਕੌਰ ਨੂੰ ਸੌਂਪਿਆ।

ਧਰਮਸੋਤ ਨੇ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸ਼ਹੀਦ ਦੇ ਪਰਿਵਾਰ ਦੇ ਇੱਕ ਯੋਗ ਮੈਂਬਰ ਨੂੰ ਨੌਕਰੀ ਵੀ ਦਿੱਤੀ ਜਾਵੇਗੀ। ਉਨ੍ਹਾਂ ਨੇ ਦੋਵੇਂ ਬੱਚਿਆਂ ਬੇਟੀ ਮਹਿਕਪ੍ਰੀਤ ਕੌਰ ਅਤੇ ਬੇਟਾ ਜੋਬਨਪ੍ਰੀਤ ਸਿੰਘ ਨੂੰ ਪਿਆਰ ਦਿੰਦਿਆਂ ਕਿਹਾ ਕਿ ਸ਼ਹੀਦ ਦੇ ਪਰਿਵਾਰ ਨੇ ਵੱਡਾ ਜਿਗਰਾ ਦਿਖਾਇਆ ਹੈ ਇਸ ਲਈ ਇਹ ਪਰਿਵਾਰ ਉਨ੍ਹਾਂ ਦਾ ਅਤੇ ਪੰਜਾਬ ਸਰਕਾਰ ਦਾ ਆਪਣਾ ਪਰਿਵਾਰ ਹੈ ਤੇ ਪਰਿਵਾਰ ਕੋਈ ਚਿੰਤਾ ਨਾ ਕਰੇ। ਉਨ੍ਹਾਂ ਕਿਹਾ ਕਿ ਇਸ ਤੋਂ ਬਿਨ੍ਹਾਂ ਸ਼ਹੀਦ ਦੇ ਪਰਿਵਾਰ ਦੇ ਘਰ ਦੀ ਛੱਤ ਵੀ ਪੱਕੀ ਕਰਵਾਈ ਜਾਵੇਗੀ ਅਤੇ ਸ਼ਹੀਦ ਦੇ ਘਰ ਨੂੰ ਜਾਂਦੀ ਪਿੰਡ ਦੀ ਕੱਚੀ ਸੜਕ ਪੱਕੀ ਕੀਤੀ ਜਾਵੇਗੀ।

ਜੰਗਲਾਤ ਮੰਤਰੀ  ਧਰਮਸੋਤ ਨੇ ਪੰਜਾਬ ਸਰਕਾਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਪਰਨੀਤ ਕੌਰ ਦੀ ਤਰਫ਼ੋਂ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਦੇਸ਼ ਦੇ ਰਾਖੇ ਰੋਜ਼-ਰੋਜ਼ ਪੈਦਾ ਨਹੀਂ ਹੁੰਦੇ ਅਤੇ ਦੇਸ਼ ਦੇ ਇਸ ਮਹਾਨ ਸਪੂਤ ਨੇ ਦੇਸ਼ ਸੇਵਾ ‘ਚ ਆਪਣਾ ਆਪਾ ਵਾਰਿਆ ਹੈ, ਇਸ ਲਈ ਸ਼ਹੀਦ ਮਨਦੀਪ ਸਿੰਘ ਦੀ ਸ਼ਹਾਦਤ ‘ਤੇ ਇਕੱਲੇ ਪਰਿਵਾਰ ਨੂੰ ਹੀ ਨਹੀਂ ਬਲਕਿ ਪਿੰਡ ਸੀਲ ਸਮੇਤ ਪੰਜਾਬ ਅਤੇ ਪੂਰੇ ਦੇਸ਼ ਨੂੰ ਹੀ ਮਾਣ ਹੈ।
ਇਸ ਤੋਂ ਪਹਿਲਾਂ ਸਾਬਕਾ ਐਮ.ਪੀ. ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਆਪਣੀ ਜਾਨ ਦੇਸ਼ ਸੇਵਾ ਦੇ ਲੇਖੇ ਲਾਉਣ ਵਾਲੇ ਸ਼ਹੀਦ ਮਨਦੀਪ ਸਿੰਘ ਦੀ ਕੁਰਬਾਨੀ ਨੂੰ ਸਦਾ ਯਾਦ ਰੱਖਿਆ ਜਾਵੇਗਾ। ਪ੍ਰੋ. ਚੰਦੂਮਾਜਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਹੀਦਾਂ ਦੇ ਪਰਿਵਾਰ ਲਈ ਵਿੱਤੀ ਸਹਾਇਤਾ ਰਾਸ਼ੀ 12 ਲੱਖ ਤੋਂ 50 ਲੱਖ ਰੁਪਏ ਕਰਨ ਲਈ ਪੰਜਾਬ ਸਰਕਾਰ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।

ਨਾਇਬ ਸੂਬੇਦਾਰ ਮਨਦੀਪ ਸਿੰਘ ਦੀ ਸ਼ਹਾਦਤ 'ਤੇ ਪੰਜਾਬ ਅਤੇ ਪੂਰੇ ਦੇਸ਼ ਨੂੰ ਮਾਣ; ਪੰਜਾਬ ਸਰਕਾਰ ਵੱਲੋਂ 50 ਲੱਖ ਰੁਪਏ ਦੀ ਸਹਾਇਤਾ -ਧਰਮਸੋਤ
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸ਼ਹੀਦ ਦੀ ਪਿੰਡ ਸੀਲ ਦੇ ਇਤਿਹਾਸਕ ਥੇਹ ਵਿਖੇ ਹਲਕਾ ਵਿਧਾਇਕਾਂ ਦੇ ਸਹਿਯੋਗ ਨਾਲ ਢੁਕਵੀਂ ਯਾਦ ਦੀ ਉਸਾਰੀ ਕਰਵਾਈ ਜਾਵੇਗੀ। ਐਜੀ.ਪੀ.ਸੀ. ਦੀ ਤਰਫ਼ੋਂ ਗੁਰਦੁਆਰਾ ਸ੍ਰੀ ਗੁਰ ਤੇਗ ਬਹਾਦਰ ਨੌਂਵੀਂ ਪਾਤਸ਼ਾਹੀ ਵਿਖੇ ਦਿਵਾਨ ਹਾਲ ਨੂੰ ਮਰਿਆਦਾ ਅਨੁਸਾਰ ਸ਼ਹੀਦ ਦੇ ਨਾਮ ‘ਤੇ ਵਾਤਾਨਕੂਲ ਕਰਵਾਏ ਜਾਣ ਬਾਰੇ ਵੀ ਵਿਚਾਰਿਆ ਜਾਵੇਗਾ।

ਸ਼ਰਧਾਂਜਲੀ ਸਮਾਗਮ ਮੌਕੇ ਪਰਿਵਾਰ ਵੱਲੋਂ ਧੰਨਵਾਦ ਕਰਦਿਆਂ ਹਲਕਾ ਵਿਧਾਇਕ  ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਹਲਕਾ ਘਨੌਰ ਦੇ ਇਸ ਹੋਣਹਾਰ ਸਪੂਤ ਨੇ ਬਲੀਦਾਨ ਦੇ ਕੇ ਪਿੰਡ ਸੀਲ ਅਤੇ ਹਲਕੇ ਦਾ ਨਾਮ ਰੌਸ਼ਨ ਕੀਤਾ ਹੈ।  ਜਲਾਲਪੁਰ ਨੇ ਪੰਜਾਬ ਸਰਕਾਰ ਵੱਲੋਂ ਨਾਇਬ ਸੂਬੇਦਾਰ ਸ਼ਹੀਦ ਮਨਦੀਪ ਸਿੰਘ ਦੇ ਇੱਕ ਪਰਿਵਾਰਕ ਜੀਅ ਨੂੰ ਨੌਕਰੀ ਦੇਣ ਅਤੇ 50 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਸਮੇਤ ਪਿੰਡ ਦੇ ਸਕੂਲ ਨੂੰ ਅਪਗ੍ਰੇਡ ਕਰਨ ਅਤੇ ਪਿੰਡ ਦੇ ਵਿਕਾਸ ਕਾਰਜਾਂ ਲਈ ਫੰਡ ਦੇਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਦਾ ਧੰਨਵਾਦ ਵੀ ਕੀਤਾ।
ਸ੍ਰੀ ਮਦਨ ਲਾਲ ਜਲਾਲਪੁਰ ਨੇ ਦੱਸਿਆ ਕਿ ਉਹ ਪਿੰਡ ਦੇ ਵਿਕਾਸ ਲਈ 1 ਕਰੋੜ ਰੁਪਏ ਤੋਂ ਜ਼ਿਆਦਾ ਆਪਣੇ ਅਖ਼ਤਿਆਰੀ ਕੋਟੇ ਵਿੱਚੋਂ ਖ਼ਰਚ ਕਰਨਗੇ, ਜਿਸ ‘ਚੋਂ 50 ਲੱਖ ਰੁਪਏ ਯਾਦਗਾਰੀ ਸਮਾਰਕ ਲਈ, 25 ਲੱਖ ਰੁਪਏ ਧਰਮਸ਼ਾਲਾ, 10 ਲੱਖ ਰੁਪਏ ਸਮਸ਼ਾਨਘਾਟ, 10 ਲੱਖ ਰੁਪਏ ਸਕੂਲ, 10 ਲੱਖ ਰੁਪਏ ਸਟੇਡੀਅਮ ਲਈ ਖਰਚੇ ਜਾਣਗੇ।

ਇਸ ਦੌਰਾਨ ਵਿਧਾਇਕ ਰਾਜਪੁਰਾ  ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਸ਼ਹੀਦ ਨੇ ਦੇਸ਼ ਵਾਸੀਆਂ ਅਤੇ ਦੇਸ਼ ਦੀ ਸੁਰੱਖਿਆ ਹਿੱਤ ਆਪਣਾ ਬਲਿਦਾਨ ਦਿੱਤਾ ਹੈ, ਜਿਸ ਨੂੰ ਕਦੇ ਭੁਲਾਇਆ ਨਹੀਂ ਜਾਵੇਗਾ। ਆਮ ਆਦਮੀ ਪਾਰਟੀ ਦੇ ਵਿਧਾਇਕ  ਕੁਲਵੰਤ ਸਿੰਘ ਬਿਲਾਸਪੁਰ ਨੇ ਸ਼ਹੀਦ ਨੂੰ ਆਪਣੀ ਪਾਰਟੀ ਵੱਲੋਂ ਸ਼ਰਧਾਂਜਲੀ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਰਿਵਾਰ ਨੂੰ 50 ਲੱਖ ਰੁਪਏ ਦੀ ਸਹਾਇਤਾ ਤੇ ਪਰਿਵਾਰ ਦੇ ਜੀਅ ਨੂੰ ਨੌਕਰੀ ਦੇਣ ਦੇ ਐਲਾਨ ਲਈ ਪੰਜਾਬ ਸਰਕਾਰ ਦਾ ਵਿਸ਼ੇੇਸ਼ ਧੰਨਵਾਦ ਕੀਤਾ।

ਭਾਰਤੀ ਫ਼ੌਜ ਦੇ ਤੋਪਖਾਨੇ ਦੀ ਯੂਨਿਟ ਥ੍ਰੀ ਮੀਡੀਅਮ ਅਰਟਿਲਰੀ ਦੇ ਆਨਰੇਰੀ ਕੈਪਟਨ ਨਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਸਾਥੀ ਸ਼ੇਰ ਮਨਦੀਪ ਸਿੰਘ ਨੇ ਜੋ ਬਹਾਦਰੀ ਦੁਸ਼ਮਣ ਦੇਸ਼ ਚੀਨ ਦੀਆਂ ਫ਼ੌਜਾਂ ਨਾਲ ਲੜਦਿਆਂ ਦਿਖਾਈ ਉਹ ਭਾਰਤੀ ਫ਼ੌਜ ਦੇ ਇਤਿਹਾਸ ਵਿੱਚ ਸੁਨਿਹਰੀ ਅੱਖਰਾਂ ਵਿੱਚ ਲਿਖੀ ਜਾਵੇਗੀ। ਨਰਿੰਦਰ ਸਿੰਘ ਨੇ ਕਿਹਾ ਕਿ ਮਨਦੀਪ ਸਿੰਘ ਨੇ ਆਪਣੀ ਪਲਟਨ ‘ਚ ਤਰੱਕੀ ਕਰਦਿਆਂ ਗੰਨਰ ਇੰਸਟ੍ਰਕਟਰ (ਏ.ਆਈ.ਜੀ.) ਬਣਕੇ ਬਹੁਤ ਨਾਮਣਾ ਖੱਟਿਆ ਸੀ। ਉਨ੍ਹਾਂ ਨੇ ਆਪਣੀ ਪਲਟਨ ਦੀ ਤਰਫ਼ੋਂ ਕਰੀਬ 4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਵੀ ਸ਼ਹੀਦ ਦੇ ਪਰਿਵਾਰ ਨੂੰ ਸੌਂਪੀ।

ਇਸ ਤੋਂ ਪਹਿਲਾਂ ਪਿੰਡ ਅਤੇ ਪਰਿਵਾਰ ਵੱਲੋਂ ਜੀ ਆਇਆਂ ਆਖਦਿਆਂ ਈ.ਓ ਖੰਨਾ  ਰਣਬੀਰ ਸਿੰਘ ਨੇ ਸ਼ਹੀਦ ਮਨਦੀਪ ਸਿੰਘ ਦੇ ਪਰਿਵਾਰ ਬਾਰੇ ਚਾਨਣਾ ਪਾਇਆ। ਇਸ ਸ਼ਰਧਾਂਜਲੀ ਸਮਾਗਮ ਮੌਕੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਦੀ ਤਰਫ਼ੋਂ ਸ਼ੋਕ ਸੰਦੇਸ਼ ਮੁੱਖ ਮੰਤਰੀ ਦੇ ਓ.ਐਡੀ. ਰਾਜ ਕੁਮਾਰ ਅਤੇ ਬਲਵਿੰਦਰ ਸਿੰਘ ਲੈਕੇ ਪੁੱਜੇ ਅਤੇ ਸ੍ਰੋਮਣੀ ਅਕਾਲੀ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਦੀ ਤਰਫ਼ੋਂ ਸ਼ੋਕ ਸੁਨੇਹਾ ਐਮ.ਐਲ.ਏ. ਸਨੌਰ  ਹਰਿੰਦਰਪਾਲ ਸਿੰਘ ਚੰਦੂਮਾਜਰਾ ਲੈ ਕੇ ਪੁੱਜੇ ਜਦੋਂਕਿ ਹੋਰ ਵੀ ਕਈ ਸੰਸਥਾਵਾਂ ਵੱਲੋਂ ਸ਼ੋਕ ਸੁਨੇਹੇ ਪੁੱਜੇ ਸਨ।

ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਸਾਬਕਾ ਮੰਤਰੀ  ਸੁਰਜੀਤ ਸਿੰਘ ਰੱਖੜਾ,  ਹਰਿੰਦਰਪਾਲ ਸਿੰਘ ਹੈਰੀਮਾਨ, ਸਾਬਕਾ ਵਿਧਾਇਕਾ ਸ੍ਰੀਮਤੀ ਹਰਪ੍ਰੀਤ ਕੌਰ ਮੁਖਮੈਲਪੁਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ  ਗਗਨਦੀਪ ਸਿੰਘ ਜੌਲੀ ਜਲਾਲਪੁਰ, ਕਾਂਗਰਸ ਦੇ ਦਿਹਾਤੀ ਜ਼ਿਲ੍ਹਾ ਪ੍ਰਧਾਨ  ਗੁਰਦੀਪ ਸਿੰਘ ਊਂਟਸਰ, ਮਾਰਕੀਟ ਕਮੇਟੀ ਚੇਅਰਮੈਨ ਬਲਜੀਤ ਸਿੰਘ ਗਿੱਲ, ਵਾਇਸ ਚੇਅਰਮੈਨ ਰਾਮ ਸਿੰਘ ਸੀਲ, ਚੇਅਰਮੈਨ ਬਲਾਕ ਸੰਮਤੀ ਜਗਦੀਪ ਸਿੰਘ ਚਪੜ, ਚੇਅਰਮੈਨ ਅਸ਼ਵਨੀ ਬੱਤਾ, ਸ੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਜਸਮੇਰ ਸਿੰਘ ਲਾਛੜੂ, ਮੈਂਬਰ ਸ੍ਰੋਮਣੀ ਕਮੇਟੀ ਜਰਨੈਲ ਸਿੰਘ ਕਰਤਾਰਪੁਰ, ਨਿਰਮੈਲ ਸਿੰਘ ਜੌਲਾ, ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ, ਸੁਰਜੀਤ ਸਿੰਘ ਅਬਲੋਵਾਲ, ਸਤਵੀਰ ਸਿੰਘ ਖੱਟੜਾ, ਬਾਬਾ  ਗੁਰਮੁੱਖ ਸਿੰਘ ਕਾਰਸੇਵਾ ਵਾਲੇ, ਜੋਗਾ ਸਿੰਘ ਚਪੜ, ਗੁਰਸੇਵ ਸਿੰਘ ਹਰਪਾਲਪੁਰ, ਬੀਜੇਪੀ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ, ਜ਼ਿਲ੍ਹਾ ਪ੍ਰਧਾਨ ਵਿਕਾਸ ਸ਼ਰਮਾ, ਜਰਨੈਲ ਸਿੰਘ ਹੈਪੀ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚੇਤੰਨ ਸਿੰਘ ਜੌੜੇਮਾਜਰਾ, ਜਰਨੈਲ ਸਿੰਘ ਮੰਨੂ, ਮੇਜਰ ਆਰ.ਪੀ.ਐਸ ਮਲਹੋਤਰਾ, ਇੰਦਰਜੀਤ ਸਿੰਘ ਸੰਧੂ, ਥ੍ਰੀ ਮੀਡੀਅਮ ਰੈਜੀਮੈਂਟ ਦੇ ਸੂਬੇਦਾਰ ਜਸਵਿੰਦਰ ਸਿੰਘ, ਕੈਪਟਨ ਪਿਆਰਾ ਸਿੰਘ, ਕੈਪਟਨ ਹਰਬੰਸ ਸਿੰਘ, ਸੂਬੇਦਾਰ ਮੇਜਰ ਗਿਆਨ ਸਿੰਘ ਸੰਧੂ ਤੇ ਬੀਰ ਸਿੰਘ, ਐਂਟੀ ਟੈਰੋਰਿਸਟ ਫ਼ਰੰਟ ਦੇ ਪ੍ਰਧਾਨ ਵਿਰੇਸ਼ ਸੰਡਲਿਆ, ਭਾਰਤੀ ਸੈਨਾ ਦੇ ਮੌਜੂਦਾ ਅਤੇ ਸੇਵਾ ਮੁਕਤ ਅਧਿਕਾਰੀ, ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਐਡੀ.ਐਮ. ਪਟਿਆਲਾ  ਚਰਨਜੀਤ ਸਿੰਘ, ਐਡੀ.ਐਮ. ਰਾਜਪੁਰਾ  ਖੁਸ਼ਦਿਲ ਸਿੰਘ, ਨਾਇਬ ਤਹਿਸੀਲਦਾਰ ਘਨੌਰ ਸ੍ਰੀ ਗੌਰਵ ਬਾਂਸਲ, ਡਿਪਟੀ ਡਾਇਰੈਕਟਰ ਰੱਖਿਆ ਸੇਵਾਵਾਂ ਕਮਾਂਡਰ (ਰਿਟਾ.)  ਬਲਜਿੰਦਰ ਸਿੰਘ ਵਿਰਕ, ਡੀ.ਐਪੀ. ਘਨੌਰ  ਮਨਪ੍ਰੀਤ ਸਿੰਘ, ਮਿਸ਼ਨ ਲਾਲੀ ਤੇ ਹਰਿਆਲੀ ਵੱਲੋਂ ਹਰਦੀਪ ਸਿੰਘ ਸਨੌਰ ਸਮੇਤ ਵੱਡੀ ਗਿਣਤੀ ‘ਚ ਧਾਰਮਿਕ, ਸਮਾਜਿਕ ਤੇ ਸਿਆਸੀ ਜੱਥੇਬੰਦੀਆਂ ਦੇ ਨੁਮਾਇੰਦੇ ਅਤੇ ਇਲਾਕੇ ਦੇ ਵਸਨੀਕ ਹਾਜ਼ਰ ਸਨ।

ਇਸ ਸਮਾਗਮ ਮੌਕੇ ਅਰਦਾਸ ਹੈਡਗ੍ਰੰਥੀ ਗਿਆਨੀ ਅਵਤਾਰ ਸਿੰਘ ਨੇ ਕੀਤੀ ਜਦੋਂਕਿ ਗੁਰਬਾਣੀ ਦਾ ਵੈਰਾਗਮਈ ਕੀਰਤਨ ਗੁਰਦੁਆਰਾ ਪ੍ਰਮੇਸ਼ਰ ਦੁਆਰ ਦੇ ਜੱਥੇ ਵੱਲੋਂ ਭਾਈ ਸੁਰਿੰਦਰ ਸਿੰਘ ਅਤੇ ਸਾਬਕਾ ਹਜ਼ੂਰੀ ਰਾਗੀ ਗਿਆਨੀ ਬੋਹੜ ਸਿੰਘ ਦੇ ਜਥੇ ਨੇ ਕੀਤਾ।