ਨਾਨਕੇ ਘਰ ਗਈ 3 ਸਾਲਾ ਬੱਚੀ ਮੱਧ ਪ੍ਰਦੇਸ਼ ਤੋਂ ਤੇ ਯਮੁਨਾ ਨਗਰ ਭੂਆ ਘਰ ਅਟਕਿਆ 14 ਸਾਲਾ ਬੱਚਾ ਆਖਿਰ ਪਟਿਆਲਾ ਪੁੱਜਿਆ

194

ਨਾਨਕੇ ਘਰ ਗਈ 3 ਸਾਲਾ ਬੱਚੀ ਮੱਧ ਪ੍ਰਦੇਸ਼ ਤੋਂ ਤੇ ਯਮੁਨਾ ਨਗਰ ਭੂਆ ਘਰ ਅਟਕਿਆ 14 ਸਾਲਾ ਬੱਚਾ ਆਖਿਰ ਪਟਿਆਲਾ ਪੁੱਜਿਆ

ਪਟਿਆਲਾ, 12 ਮਈ:
ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਦੇਸ਼ ਵਿਆਪੀ ਲਾਕ ਡਾਊਨ ਅਤੇ ਪੰਜਾਬ ‘ਚ ਲਗਾਏ ਕਰਫਿਊ ਕਾਰਨ ਬਾਹਰਲੇ ਰਾਜਾਂ ‘ਚ ਫਸੇ ਪਟਿਆਲਾ ਦੇ ਦੋ ਬੱਚੇ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਆਪਣੇ ਮਾਪਿਆਂ ਕੋਲ ਪੁੱਜੇ ਹਨ। ਇਨ੍ਹਾਂ ਬੱਚਿਆਂ ਦੇ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਮਿਲਕੇ ਜਿੱਥੇ ਸੁਖ ਦਾ ਸਾਂਹ ਲਿਆ ਹੈ, ਉਥੇ ਹੀ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਵੀ ਕੀਤਾ ਹੈ।

ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਮੱਧਪ੍ਰਦੇਸ਼ ਦੇ ਗਵਾਲੀਅਰ ਵਿਖੇ ਆਪਣੇ ਨਾਨਕੇ ਘਰ ਗਈ ਰਾਜਪੁਰਾ ਦੇ ਨੀਲਗਿਰ ਤੋਂ ਯੋਗੇਸ਼ ਕੁਮਾਰ ਤੇ ਮੀਨਾਕਸ਼ੀ ਦੀ 3 ਸਾਲਾ ਬੱਚੀ ਖਵਾਇਸ਼ ਮਾਰਚ ਮਹੀਨੇ ਤੋਂ ਹੀ ਆਪਣੇ ਨਾਨਕੇ ਘਰ ਅਟਕੇ ਹੋਣ ਕਰਕੇ ਆਪਣਾ ਜੀਅ ਨਹੀਂ ਸੀ ਲਗਾ ਰਹੀ। ਜਦੋਂਕਿ ਪਟਿਆਲਾ ਦੇ ਤ੍ਰਿਪੜੀ ਇਲਾਕੇ ਦੇ ਹਰਪ੍ਰੀਤ ਸਿੰਘ ਅਤੇ ਮਨਪ੍ਰੀਤ ਕੌਰ ਦਾ 14 ਸਾਲਾ ਪੁੱਤਰ ਪ੍ਰਭਸ਼ਰਨ ਸਿੰਘ ਹਰਿਆਣਾ ਦੇ ਯਮੁਨਾਨਗਰ ਆਪਣੀ ਭੂਆ ਕੋਲ ਗਿਆ ਹੋਇਆ ਸੀ ਪਰੰਤੂ ਲਾਕ ਡਾਊਨ ਕਰਕੇ ਵਾਪਸ ਨਹੀਂ ਸੀ ਆ ਸਕਿਆ।

ਨਾਨਕੇ ਘਰ ਗਈ 3 ਸਾਲਾ ਬੱਚੀ ਮੱਧ ਪ੍ਰਦੇਸ਼ ਤੋਂ ਤੇ ਯਮੁਨਾ ਨਗਰ ਭੂਆ ਘਰ ਅਟਕਿਆ 14 ਸਾਲਾ ਬੱਚਾ ਆਖਿਰ ਪਟਿਆਲਾ ਪੁੱਜਿਆ
ਕੁਮਾਰ ਅਮਿਤ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਦੇ ਮਾਪੇ ਆਪਣੇ ਬੱਚਿਆਂ ਦੀ ਵਾਪਸੀ ਨੂੰ ਲੈਕੇ ਚਿੰਤਾ ਵਿੱਚ ਸਨ ਪਰੰਤੂ ਇਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਪਹੁੰਚ ਕੀਤੀ। ਜਿਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਨੇ ਇਨ੍ਹਾਂ ਦੋਵਾਂ ਪਰਿਵਾਰਾਂ ਦੀ ਪ੍ਰੇਸ਼ਾਨੀ ਦਾ ਹੱਲ ਕੱਢਕੇ ਦੋਵਾਂ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਕੋਲ ਪੁੱਜਦਾ ਕਰਨ ਲਈ ਸਹਾਇਕ ਕਮਿਸ਼ਨਰ (ਜ) ਡਾ. ਇਸਮਤ ਵਿਜੇ ਸਿੰਘ ਨੇ ਦੋਂਵਾਂ ਬੱਚਿਆਂ ਦੇ ਅੰਤਰ ਰਾਜੀ ਪਾਸ ਬਣਵਾਏ।
ਇਸ ਉਪਰੰਤ ਦੋਵਾਂ ਬੱਚਿਆਂ ਦੇ ਵਾਪਸ ਆਉਣ ‘ਤੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਦੇ ਡੀ.ਸੀ.ਪੀ.ਓ ਰੂਪਵੰਤ ਕੌਰ ਨੇ ਦੋਵਾਂ ਪਰਿਵਾਰਾਂ ਨੂੰ ਮਿਲਕੇ ਸਭ ਤਰ੍ਹਾਂ ਦੇ ਮੈਡੀਕਲ ਟੈਸਟ ਅਤੇ ਚੈਕਅਪ ਕਰਵਾਇਆ ਗਿਆ ਅਤੇ ਦੋਵਾਂ ਹੀ ਬੱਚਿਆ ਨੂੰ 14 ਦਿਨਾਂ ਲਈ ਆਪਣੇ ਘਰ ਵਿੱਚ ਹੀ ਇਕਾਂਤਵਾਸ ਕੀਤਾ ਗਿਆ। ਇਸ ਤਰਾਂ ਦੋਵਾਂ ਹੀ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲਾਕਡਾਊਨ ਅਤੇ ਕਰਫਿਊ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਹੁਣ ਤੱਕ ਚਾਰ ਬੱਚਿਆਂ ਨੂੰ ਆਪਣੇ ਮਾਪਿਆਂ ਤੱਕ ਪੁੱਜਦਾ ਕੀਤਾ ਹੈ। ਸਭ ਤੋਂ ਪਹਿਲਾਂ ਮਿਯੰਕਵੀਰ ਸਿੰਘ ਨੂੰ ਕਠੂਆ ਪਹੁੰਚਾਇਆ ਫਿਰ ਕਾਂਗੜਾ ਹਿਮਾਚਲ ਪ੍ਰਦੇਸ਼ ਤੋਂ ਬੱਚੀ ਹਮਰੀਤ ਨੂੰ ਪਟਿਆਲਾ ਪਹੁੰਚਾਇਆ ਗਿਆ ਸੀ ਅਤੇ ਹੁਣ ਇਨ੍ਹਾਂ ਦੋਵਾਂ ਬੱਚਿਆਂ ਦੀ ਘਰ ਵਾਪਸੀ ਹੋਈ ਹੈ। ਇਨ੍ਹਾਂ ਦੋਵਾਂ ਪਰਿਵਾਰਾਂ ਨੇ ਪੰਜਾਬ ਸਰਕਾਰ ਸਮੇਤ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਏ.ਸੀ. (ਜ) ਡਾ. ਇਸਮਤ ਵਿਜੇ ਸਿੰਘ ਤੇ ਡੀ.ਸੀ.ਪੀ.ਓ. ਰੂਪਵੰਤ ਕੌਰ ਦਾ ਧੰਨਵਾਦ ਕੀਤਾ ਹੈ।