ਨਾਨ ਗਜ਼ਟਿਡ ਫਾਰੈਸਟ ਆਫੀਸਰਜ਼ ਯੂਨੀਅਨ ਦੀ ਵਿਭਾਗ ਮੁੱਖੀ ਨਾਲ ਮੀਟਿੰਗ; ਵਣ ਵਿਭਾਗ ਦੇ ਫ਼ੀਲਡ ਅਮਲੇ ਦੀਆਂ ਸਮੱਸਿਆਵਾਂ ਦੇ ਹੱਲ ਦਾ ਭਰੋਸਾ
ਪਟਿਆਲਾ (21 ਦਸੰਬਰ,2022)
ਪੰਜਾਬ ਨਾਨ ਗਜ਼ਟਿਡ ਫਾਰੈਸਟ ਆਫੀਸਰਜ਼ ਯੂਨੀਅਨ ਦੀ ਸੂਬਾ ਕਮੇਟੀ ਵੱਲੋਂ ਪ੍ਰਧਾਨ ਮੁੱਖ ਵਣ ਪਾਲ ਨਾਲ ਵਣ ਭਵਨ ਮੋਹਾਲੀ ਵਿਖੇ ਮੀਟਿੰਗ ਕੀਤੀ ਗਈ। ਯੂਨੀਅਨ ਦੇ ਸੂਬਾ ਪ੍ਰਧਾਨ ਰਣਬੀਰ ਉੱਪਲ ਅਤੇ ਸੂਬਾਈ ਜਨਰਲ ਸਕੱਤਰ ਬੋਬਿੰਦਰ ਸਿੰਘ ਦੀ ਅਗਵਾਈ ਵਿੱਚ ਜਥੇਬੰਦੀ ਦੇ ਸੂਬਾਈ ਅਹੁਦੇਦਾਰਾਂ ਅਤੇ ਪ੍ਰਧਾਨ ਮੁੱਖ ਵਣ ਪਾਲ ਪੰਜਾਬ ਵਿਚਾਲੇ ਮੀਟਿੰਗ ਦੌਰਾਨ ਵਣ ਵਿਭਾਗ ਦੇ ਫੀਲਡ ਅਮਲੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਿਚਾਰ ਵਟਾਂਦਰਾ ਹੋਇਆ।
ਜਥੇਬੰਦੀ ਦੇ ਸੂਬਾਈ ਪ੍ਰੈੱਸ ਸਕੱਤਰ ਅਮਨ ਅਰੋੜਾ ਨੇ ਦੱਸਿਆ ਕਿ ਇਹ ਜਥੇਬੰਦੀ ਦੀ ਨਵੀਂ ਬਣੀ ਸੂਬਾ ਕਮੇਟੀ ਅਤੇ ਵਿਭਾਗੀ ਮੁਖੀ ਵਿਚਾਲੇ ਪਲੇਠੀ ਮੀਟਿੰਗ ਸੀ, ਜੋਕਿ ਉਸਾਰੂ ਅਤੇ ਸਕਾਰਾਤਮਕ ਮਾਹੌਲ ਵਿੱਚ ਹੋਈ।
ਮੀਟਿੰਗ ਵਿੱਚ ਜਥੇਬੰਦੀ ਦੇ ਆਗੂਆਂ ਵੱਲੋ ਪ੍ਰਧਾਨ ਮੁੱਖ ਵਣ ਪਾਲ ਪੰਜਾਬ ਨੂੰ ਵਣ ਵਿਭਾਗ ਦੇ ਫ਼ੀਲਡ ਅਮਲੇ ਦੀਆਂ ਮੰਗਾਂ ਨਾਲ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਮੁੱਖ ਤੌਰ ਤੇ ਸਰਕਾਰ ਪੱਧਰ ਤੇ ਵਿਚਾਰੇ ਜਾ ਰਹੇ ਮਸਲਿਆਂ ਦੇ ਜਲਦ ਹੱਲ, ਵਣ ਵਿਕਾਸ ਦੇ ਕੰਮਾਂ ਦੇ ਐਡਵਾਂਸ ਬਜਟ ਜਾਰੀ ਕਰਨ, ਮੁਲਾਜਮਾਂ ਦੀਆਂ ਪ੍ਰਮੋਸ਼ਨਾ ਵਿੱਚ ਆਈ ਖੜੋਤ ਨੂੰ ਦੂਰ ਕਰਨ ਲਈ ਵਣ ਨਿਗਮ ਵਿੱਚ ਵਿਭਾਗੀ ਕੋਟਾ ਪੂਰਾ ਕਰਨ ਅਤੇ ਐਡਹਾਕ ਪ੍ਰਮੋਸ਼ਨਾ ਦੇਣ ਬਾਰੇ ਆਦਿ ਮੰਗਾਂ ਸ਼ਾਮਲ ਸਨ। ਸੁੱਕੇ ਅਤੇ ਡਿੱਗੇ ਰੁੱਖਾਂ ਦੇ ਸਮਾਂਬੱਧ ਨਿਪਟਾਰਾ ਕਰਨ ਬਾਰੇ ਵਿਭਾਗੀ ਮੁਖੀ ਨੇ ਦੱਸਿਆ ਕਿ ਉਹ ਇਸ ਸਮੱਸਿਆ ਦੇ ਨਿਪਟਾਰੇ ਲਈ ਵਣ ਨਿਗਮ ਨੂੰ ਲੋੜੀਂਦਾ ਸਟਾਫ਼ ਮੁਹੱਈਆ ਕਰਵਾਉਣ ਲਈ ਕਾਰਵਾਈ ਕਰ ਰਹੇ ਹਨ।
ਰੁੱਖਾਂ ਦੇ ਕੁਦਰਤੀ ਨੁਕਸਾਨ ਜਿਸ ਨਾਲ ਫ਼ੀਲਡ ਅਮਲੇ ਨੂੰ ਰਿਕਵਰੀਆਂ ਦਾ ਮੁੱਦਾ ਜੁੜਿਆ ਹੈ ਦਾ ਹੱਲ ਕਰਨ, ਵਣ ਅਮਲੇ ਨੂੰ ਟੋਲ ਟੈਕਸ ਬੈਰੀਅਰ ਤੇ ਛੋਟ ਸਬੰਧੀ, ਹਰੇਕ ਮੰਡਲ ਵਿੱਚ ਲਾਅ ਅਫ਼ਸਰ ਨਿਯੁਕਤ ਕਰਨ ਬਾਰੇ ਵੀ ਵਿਭਾਗੀ ਮੁੱਖੀ ਨੇ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਉਣ ਦੀ ਗੱਲ ਆਖੀ।
ਇਸ ਤੋਂ ਇਲਾਵਾ ਵਣ ਗਾਰਡ ਅਤੇ ਫਾਰਸੈਟਰ ਕਾਡਰ ਦੀਆਂ ਸੀਨੀਆਰਤਾ ਸੂਚੀਆਂ, ਵਿਭਾਗੀ ਕੰਮਾਂ ਦੇ ਸ਼ਡਿਊਲ ਰੇਟਾਂ ਅਤੇ ਮੁਆਵਜ਼ਾ ਰੇਟਾਂ ਦੀ ਸੁਧਾਈ, ਫ਼ੀਲਡ ਸਟਾਫ ਨੂੰ ਦਫਤਰਾਂ ਵਿਚੋਂ ਬਾਹਰ ਫ਼ੀਲਡ ਵਿੱਚ ਤਾਇਨਾਤੀ, ਅੰਗਰੇਜ਼ਾਂ ਦੇ ਸਮੇੰ ਦੇ ਵਣ ਮੈਨੂਅਲ ਵਿੱਚ ਲੋੜੀਂਦੀ ਸੁਧਾਈ ਅਤੇ ਹੋਰ ਮੰਗਾਂ ਬਾਰੇ ਵੀ ਵਿਭਾਗੀ ਮੁੱਖੀ ਨਾਲ ਜਥੇਬੰਦੀ ਦੀ ਸਹਿਮਤੀ ਬਣੀ।
ਜਥੇਬੰਦੀ ਵੱਲੋਂ ਸਤਨਾਮ ਸਿੰਘ ਮਾਨ ਸੀਨੀਅਰ ਮੀਤ ਪ੍ਰਧਾਨ, ਜਸਵੀਰਪਾਲ ਸੀਨੀਅਰ ਮੀਤ ਪ੍ਰਧਾਨ, ਸੰਦੀਪ ਸਿੰਘ ਬੰਗੜ ਮੀਤ ਪ੍ਰਧਾਨ, ਤੀਰਥ ਸਿੰਘ ਮੀਤ ਪ੍ਰਧਾਨ, ਅਪਿੰਦਰ ਸਿੰਘ ਮੀਤ ਪ੍ਰਧਾਨ, ਫੂਲਾ ਸਿੰਘ ਪੱਡਾ ਵਿੱਤ ਸਕੱਤਰ, ਅਮਨ ਅਰੋੜਾ ਪ੍ਰੈਸ ਸਕੱਤਰ, ਸਚਿਨਦੀਪ ਪ੍ਰੈਸ ਸਕੱਤਰ, ਗੁਰਦੀਪ ਸਿੰਘ ਪੂਹਲਾ ਪ੍ਰਚਾਰ ਸਕੱਤਰ, ਜਗਮੀਤ ਸਿੰਘ ਜਥੇਬੰਦਕ ਸਕੱਤਰ, ਬਲਦੇਵ ਰਾਜ ਸ਼ਰਮਾ ਆਡੀਟਰ, ਰਣਜੀਤ ਸਿੰਘ ਸਹਾਇਕ ਵਿੱਤ ਸਕੱਤਰ, ਸੁਭਾਸ਼ ਚੰਦਰ ਸਹਾਇਕ ਵਿੱਤ ਸਕੱਤਰ, ਹਰਦੀਪ ਰੱਖੜਾ, ਵਿਜੇ ਕੁਮਾਰ ਖੋਖਰ, ਕੰਚਨਜੀਤ ਸਿੰਘ ਰੰਧਾਵਾ ਵਿਸ਼ੇਸ਼ ਮੈਂਬਰ ਮੀਟਿੰਗ ਵਿੱਚ ਸ਼ਾਮਲ ਹੋਏ।