ਨੈਸ਼ਨਲ ਹਾਈਵੇ ਉਪਰ ਬਣਨ ਵਾਲਾ ਪੁੱਲ ਗੁਰਦੁਆਰਾ ਭੱਠਾ ਸਾਹਿਬ ਦੀ ਸੁੰਦਰਤਾ ਨੂੰ ਮੁੱਖ ਰੱਖ ਕੇ ਡੀਜਾਇਨ ਕੀਤਾ ਜਾਵੇ: ਚੀਮਾ
ਬਹਾਦਰਜੀਤ ਸਿੰਘ/ ਰੂਪਨਗਰ, 29 ਦਸੰਬਰ, 2022
ਨੈਸ਼ਨਲ ਹਾਈਵੇ ਉਪਰ ਬਣਨ ਵਾਲਾ ਪੁੱਲ ਗੁਰਦੁਆਰਾ ਭੱਠਾ ਸਾਹਿਬ ਦੀ ਸੁੰਦਰਤਾ ਨੂੰ ਮੁੱਖ ਰੱਖ ਕੇ ਡੀਜਾਇਨ ਕੀਤਾ ਜਾਵੇ। ਕੇਂਦਰ ਸਰਕਾਰ ਤੋਂ ਇਹ ਮੰਗ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਅੱਜ ਗੁਰਪੁਰਬ ਮੌਕੇ ਗੁਰਦੁਆਰਾ ਭੱਠਾ ਸਾਹਿਬ ਵਿਖੇ ਕੀਤੀ।
ਇਸ ਮੌਕੇ ਸ਼ਹਿਰ ਦੀਆਂ ਸੰਗਤਾਂ ਦੀ ਇਕ ਇਕੱਤਰਤਾ ਨੂੰ ਸੰਬੋਧਨ ਕਰਨ ਮੌਕੇ ਡਾਕਟਰ ਚੀਮਾ ਨੇ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਫੋਨ ਰਾਹੀਂ ਬੇਨਤੀ ਕੀਤੀ ਕਿ ਸੰਗਤਾਂ ਇਹ ਸਮਝਦੀਆਂ ਹਨ ਕਿ ਆਉਣ ਵਾਲੇ ਸਮੇਂ ਵਿੱਚ ਵੱਧ ਰਹੀ ਟ੍ਰੈਫਿਕ ਦੀ ਸਮੱਸਿਆ ਨਾਲ ਨਿਪਟਣ ਲਈ ਓਵਰ ਬ੍ਰਿਜ ਜ਼ਰੂਰੀ ਹੈ ਪਰ ਗੁਰਦੁਆਰਾ ਸਾਹਿਬ ਦੀ ਮਹੱਤਤਾ ਨੂੰ ਵੇਖਦੇ ਹੋਏ ਇਸ ਦੀ ਸੁੰਦਰਤਾ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
ਉਹਨਾਂ ਕਿਹਾ ਕਿ ਇਲਾਕੇ ਦੀਆਂ ਸੰਗਤਾਂ ਨੇ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਇਹ ਪੁੱਲ ਐਲੋਵੇਟਿਡ ਬਣਾਉਣ ਦੀ ਬਜਾਏ ਬੰਦ ਕਿਸਮ ਦਾ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਪੁੱਲ ਨਾਲ ਜਿਥੇ ਮਹਾਨ ਇਤਿਹਾਸਕ ਸਥਾਨ ਦੀ ਸੁੰਦਰਤਾ ਨੂੰ ਫਰਕ ਪਏਗਾ ਉਥੇ ਗੁਰੂ ਗੋਬਿੰਦ ਸਿੰਘ ਮਾਰਗ ਤੇ ਬਣੇ ਇਤਿਹਾਸਕ ਨਿਸ਼ਾਨ ਵੀ ਅੱਖੋਂ ਪਰੋਖੇ ਹੋ ਜਾਣਗੇ। ਉਹਨਾਂ ਕਿਹਾ ਕਿ ਉਹ ਇਸ ਸਬੰਧੀ ਉੱਚ ਅਧਿਕਾਰੀਆਂ ਅਤੇ ਕੇਂਦਰੀ ਮੰਤਰੀ ਸਾਹਿਬਾਨ ਨੂੰ ਵੀ ਮਿਲਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੁਆਰਾ ਭੱਠਾ ਸਾਹਿਬ ਦੇ ਮੈਨੇਜਰ ਅਮਰਜੀਤ ਸਿੰਘ ਜਿੰਦਵੜੀ, ਸਾਬਕਾ ਕੌਂਸਲਰ ਮਨਜਿੰਦਰ ਸਿੰਘ ਧਨੋਆ, ਕੌਂਸਲਰ ਅਮਰਿੰਦਰ ਸਿੰਘ ਰੀਹਲ, ਰਾਜੀਵ ਸ਼ਰਮਾ ਐਡਵੋਕੇਟ, ਕੁਲਜੀਤ ਸਿੰਘ ਸੈਣੀ,ਹਰਨਾਰਾਇਣ ਸਿੰਘ, ਗੁਰਜੀਤ ਸਿੰਘ ਪੱਪੂ, ਤੇਜ਼ ਈਸ਼ਵਰ ਸਿੰਘ ਵਾਲੀਆ, ਸਾਬਕਾ ਕੌਂਸਲਰ ਗੁਰਮੁਖ ਸਿੰਘ ਸੈਣੀ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੀ ਸੰਗਤ ਹਾਜ਼ਰ ਸੀ